CORONA ਦੇਸ਼ ਪੰਜਾਬ ਮੁੱਖ ਖ਼ਬਰ

ਕਿਸਾਨਾਂ ਵਿਰੁੱਧ ਕੀਤੀ ਟਿੱਪਣੀ ਭਾਜਪਾ ਆਗੂ ਤੀਕਸ਼ਣ ਸੂਦ ਨੂੰ ਪਈ ਭਾਰੀ

ਕਿਸਾਨਾਂ ਵਿਰੁੱਧ ਕੀਤੀ ਟਿੱਪਣੀ ਭਾਜਪਾ ਆਗੂ ਤੀਕਸ਼ਣ ਸੂਦ ਨੂੰ ਪਈ ਭਾਰੀ
  • PublishedJanuary 1, 2021

ਨੌਜਵਾਨਾਂ ਨੇ ਗੋਹੇ ਦੀ ਭਰੀ ਟਰਾਲੀ ਕੋਠੀ ਅੰਦਰ ਸੁੱਟੀ

ਹੁਸ਼ਿਆਰਪੁਰ, 1 ਜਨਵਰੀ ( ਡਾ ਅਦਿਤਿ ਬਖ੍ਸ਼ੀ) -ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕੀਤੀ ਗਈ ਟਿੱਪਣੀ ’ਤੇ ਰੋਸ ਜਿਤਾਉਂਦਿਆਂ ਅੱਜ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਉਨ੍ਹਾਂ ਦੀ ਕੋਠੀ ਅੰਦਰ ਗੋਹੇ ਦੀ ਭਰੀ ਟਰਾਲੀ ਸੁੱਟ ਕੇ ਉਨ੍ਹਾਂ ਵਿਰੋਧ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਗੋਹੇ ਨਾਲ ਲੱਦੀ ਟਰਾਲੀ ਲੈ ਕੇ ਕਰੀਬ 1 ਦਰਜਨ ਨੌਜਵਾਨ, ਜਿਨ੍ਹਾਂ ਨੇ ਹੱਥਾਂ ’ਚ ਕਾਲੇ ਝੰਡੇ ਫੜੇ ਹੋਏ ਸਨ ਜੋ ਤੀਕਸ਼ਣ ਸੂਦ ਦੀ ਕੋਠੀ ਸਾਹਮਣੇ ਪਹੁੰਚੇ ਅਤੇ ਕੋਠੀ ਦਾ ਗੇਟ ਖੋਲ੍ਹ ਕੇ ਗੋਹੇ ਨਾਲ ਲੱਦੀ ਟਰਾਲੀ ਉਨ੍ਹਾਂ ਦੇ ਅੰਦਰ ਢੇਰੀ ਕਰ ਦਿੱਤੀ। ਇਸ ਦੌਰਾਨ ਨੌਜਵਾਨਾਂ ਨੇ ਸੂਦ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕੀਤੀ ਗਈ ਟਿੱਪਣੀ ਕਿ ‘ਕਿਸਾਨ ਦਿੱਲੀ ਬਾਰਡਰ ’ਤੇ ਪਿਕਨਿਕ ਮਨਾ ਰਹੇ ਹਨ’ ਦੇ ਰੋਸ ਵਜੋਂ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਤੀਕਸ਼ਣ ਸੂਦ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕੜਾਕੇ ਦੀ ਠੰਢ ’ਚ ਕਿਸਾਨ ਕਿਵੇਂ ਦਿਨ-ਰਾਤ ਮਿਹਨਤ ਕਰਦੇ ਹਨ ਅਤੇ ਹੁਣ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਦਿੱਲੀ ਵਿਖੇ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਹੈ, ਪ੍ਰੰਤੂ ਇਸ ਦੇ ਬਾਵਜੂਦ ਕੁੱਝ ਭਾਜਪਾ ਆਗੂ ਬੇਤੁਕੀਆਂ ਗੱਲਾਂ ਕਰਕੇ ਕਿਸਾਨਾਂ ਨੂੰ ਚਿੜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢੀ।

ਇਸੇ ਦੌਰਾਨ ਭਾਜਪਾ ਦੇ ਅਹੁਦੇਦਾਰ ਤੇ ਵਰਕਰ ਤੀਕਸ਼ਣ ਸੂਦ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਤੀਕਸ਼ਣ ਸੂਦ ਦੇ ਹੱਕ ’ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਦਕਿ ਰੋਸ ਪ੍ਰਗਟ ਲਈ ਪਹੁੰਚੇ ਨੌਜਵਾਨਾਂ ਵਲੋਂ ਤੀਕਸ਼ਣ ਸੂਦ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਤਹਿਸ਼ ’ਚ ਆਏ ਸੂਦ ਵਲੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਚੰਗਾ-ਮੰਦਾ ਬੋਲਿਆ ਗਿਆ। ਇਸੇ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ, ਪ੍ਰੰਤੂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ ਅਤੇ ਰੋਸ ਪ੍ਰਗਟ ਕਰਨ ਵਾਲੇ ਨੌਜਵਾਨਾਂ ਨੂੰ ਉੱਥੋਂ ਲਾਂਭੇ ਕਰ ਦਿੱਤਾ। ਇਸ ਤੋਂ ਬਾਅਦ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਉਕਤ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨੂੰ ਲੈ ਕੇ ਧਰਨਾ ਲਗਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।


ਪੁਲਿਸ ਵਲੋਂ ਦਲ ਖ਼ਾਲਸਾ ਦੇ ਇੱਕ ਆਗੂ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ
ਦੇਰ ਸ਼ਾਮ ਥਾਣਾ ਸਿਟੀ ਪੁਲਿਸ ਵਲੋਂ ਸੁਰਿੰਦਰ ਪਾਲ ਭੱਟੀ ਪੁੱਤਰ ਰਤਨ ਲਾਲ ਵਾਸੀ ਬਾਲਮੀਕ ਮੁਹੱਲਾ ਬਹਾਦਰਪੁਰ ਦੇ ਬਿਆਨਾਂ ’ਤੇ ਪੁਲਿਸ ਨੇ ਰਣਵੀਰ ਸਿੰਘ ਖ਼ਾਲਸਾ ਉਰਫ਼ ਟੌਹੜਾ, ਜਿਸ ਨੂੰ ਦਲ ਖ਼ਾਲਸਾ ਨਾਲ ਸਬੰਧਿਤ ਦੱਸਿਆ ਜਾਂਦਾ ਹੈ ਅਤੇ ਉਸ ਦੇ ਹੋਰਨਾਂ ਸਾਥੀਆਂ ਖ਼ਿਲਾਫ਼ ਧਾਰਾ 452, 506, 323, 307, 148, 149 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਭੱਟੀ ਨੇ ਦੱਸਿਆ ਕਿ ਉਹ ਭਾਜਪਾ ਆਗੂ ਤੀਕਸ਼ਣ ਸੂਦ ਦੀ ਕੋਠੀ ’ਚ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਲਈ ਆਏ ਸਨ ਅਤੇ ਇਸੇ ਦੌਰਾਨ ਇੱਕ ਟਰਾਲੀ, ਜਿਸ ’ਚ ਗੋਹਾ ਲੱਦਿਆ ਹੋਇਆ ਸੀ, ਜਿਸ ਨੂੰ ਇੱਕ ਸਰਦਾਰ ਨੌਜਵਾਨ ਚਲਾ ਰਿਹਾ ਸੀ ਅਤੇ ਉਸ ਨਾਲ 10-15 ਵਿਅਕਤੀ ਹਥਿਆਰਾਂ ਤੇ ਡੰਡਿਆਂ ਨਾਲ ਲੈੱਸ ਸਨ, ਜੋ ਸੂਦ ਦੇ ਘਰ ਅੰਦਰ ਵੜ ਗਏ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਨੌਜਵਾਨਾਂ ਨੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ।

ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ-ਮਾਹਲ
ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੋਸ ਪ੍ਰਗਟ ਕਰਨ ਦਾ ਹਰੇਕ ਵਿਅਕਤੀ ਨੂੰ ਹੱਕ ਹੈ, ਪ੍ਰੰਤੂ ਜਿਸ ਤਰ੍ਹਾਂ ਨੌਜਵਾਨਾਂ ਨੇ ਕੀਤਾ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮਾਹਲ ਨੇ ਕਿਹਾ ਕਿ ਸ਼ਹਿਰ ’ਚ ਕਿਸੇ ਨੂੰ ਵੀ ਅਮਨ-ਕਾਨੂੰਨ ਦੀ ਸਥਿਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।  

ਸੰਘਰਸ਼ ਪ੍ਰਤੀ ਅਪ-ਸ਼ਬਦ ਬੋਲ ਕੇ ਸੂਦ ਨੇ ਨੌਜਵਾਨਾਂ ਨੂੰ ਭੜਕਾਇਆ-ਧਾਮੀ
ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਤੀਕਸ਼ਣ ਸੂਦ ਨੇ ਕਿਸਾਨੀ ਸੰਘਰਸ਼ ਪ੍ਰਤੀ ਅਪ-ਸ਼ਬਦ ਬੋਲ ਕੇ ਨੌਜਵਾਨਾਂ ਨੂੰ ਭੜਕਾਇਆ, ਜਿਸ ਦੇ ਰੋਸ ਵਜੋਂ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਇਸ ਲਈ ਸੂਦ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਆਪਣੇ ਹਿੱਤਾਂ ਲਈ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਰੇਕ ਵਰਗ ਦਾ ਸਹਿਯੋਗ ਮਿਲਿਆ ਹੈ, ਪ੍ਰੰਤੂ ਕੁੱਝ ਭਾਜਪਾ ਆਗੂਆਂ ਵਲੋਂ ਅਜਿਹੀਆਂ ਟਿੱਪਣੀਆਂ ਕਰਕੇ ਜਿੱਥੇ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਨੌਜਵਾਨਾਂ ਨੂੰ ਵੀ ਉਕਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਦਰਜ ਕੀਤਾ ਗਿਆ ਪਰਚਾ ਨਿਰਾ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀਆਂ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਨਾ ਤਾਂ ਨੌਜਵਾਨਾਂ ਨੇ ਖ਼ਾਲਿਸਤਾਨ ਦੇ ਨਾਅਰੇ ਲਗਾਏ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਹਥਿਆਰ ਸੀ। ਉਨ੍ਹਾਂ ਕਿਹਾ ਕਿ ਉਹ ਪੁਲਿਸ ਵਲੋਂ ਕੀਤੇ ਗਏ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ।  

Written By
The Punjab Wire