ਗੁਰਦਾਸਪੁਰ 1 ਜਨਵਰੀ ( ਮੰਨਨ ਸੈਣੀ) । ਰਾਜਸਥਾਨ -ਹਰਿਆਣਾ ਦੀ ਹੱਦ ਤੇ ਸਥਿਤ ਸ਼ਾਹਜਹਾਨਪੁਰ ਖੇੜਾ ਵਿਖੇ ਅੰਦੋਲਨਕਾਰੀ ਕਿਸਾਨਾਂ ਤੇ ਪੁਲੀਸ ਵੱਲੋਂ ਕਲ੍ਹ ਕੀਤੇ ਲਾਠੀਚਾਰਜ ਦੀ ਜਮਹੂਰੀ ਅਧਿਕਾਰ ਸਭਾ ਨੇ ਨਿਖੇਧੀ ਕੀਤੀ ਹੈ। ਇਸ ਬਾਰੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਡਾਕਟਰ ਜਗਜੀਵਨ ਲਾਲ , ਜਿਲਾ ਸਕੱਤਰ ਅਸ਼ਵਨੀ ਕੁਮਾਰ ਨੇ ਕਿਹਾ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੇ ਝੂਠੇ ਕੇਸ ਮੜ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਦੇ ਸ਼ੁਰੂ ਵਿੱਚ ਖੇਤੀ ਸਬੰਧੀ ਵਿਵਾਦਤ ਤਿੰਨ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਪੰਜਾਬ ਤੋਂ ਦਿੱਲੀ ਵੱਲ ਵਧ ਰਹੇ ਕਿਸਾਨਾਂ ਜਦ ਹਰਿਆਣਾ ਦੀ ਸਰਹੱਦ ਪਾਰ ਕਰਨ ਲੱਗੇ ਸੀ ਤਾਂ ਉਦੋਂ ਵੀ ਹਰਿਆਣਾ ਪੁਲੀਸ ਨੇ ਜ਼ਬਰਦਸਤ ਬੈਰੀਕੇਡ ਲਾਏ ਅਤੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਤੇ ਅੱਥਰੂ ਗੈਸ ਛੱਡੀ,ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਲਾਠੀਚਾਰਜ ਕੀਤਾ।
ਕੇਂਦਰ ਸਰਕਾਰ ਦੀ ਸ਼ਹਿ ਅਤੇ ਹਰਿਆਣਾ ਦੀ ਬੀਜੇਪੀ ਸਰਕਾਰ ਦੀਆਂ ਹਦਾਇਤਾਂ ਤੇ ਹਰਿਆਣਾ ਦੀ ਪੁਲੀਸ ਵਾਰ ਵਾਰ ਸੁਪਰੀਮ ਕੋਰਟ ਦੀਆਂ ਉਨ੍ਹਾ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਅੰਦੋਲਨ ਕਰਨਾ ਕਿਸਾਨਾਂ ਦਾ ਜਮਹੂਰੀ ਤੇ ਮੁੱਢਲਾ ਹੱਕ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖ ਰਹੀ ਹੈ ਪਰ ਦੂਜੇ ਪਾਸੇ ਹਰਿਆਣਾ ਦੀ ਪੁਲੀਸ ਕਿਸਾਨਾਂ ਨੂੰ ਦਿੱਲੀ ਵੱਲ ਅਾਉਣ ਤੋਂ ਰੋਕਣ ਲਈ ਘਟੀਅਾ ਹਥਕੰਡੇ ਅਪਣਾ ਰਹੀ ਹੈ। ਜਮਹੂਰੀ ਅਧਿਕਾਰ ਸਭਾ ਕਿਸਾਨਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਜਾਇਜ਼ ਸਮਝਦੀ ਤੇ ਉਹਨਾਂ ਦੇ ਇਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਦੀ ਸ਼ਹਿ ਤੇ ਪੁਲੀਸ ਵੱਲੋਂ ਕੀਤੀਆਂ ਵਧੀਕੀਆਂ ਦੀ ਜਾਂਚ ਹੋਵੇ, ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਉਹਨਾਂ ਤੇ ਦੇਸ਼ ਵਿੱਚ ਜਿਥੇ ਕੀਤੇ ਵੀ ਝੂਠੇ ਕੇਸ ਦਰਜ ਕੀਤੇ ਗਏ ਹਨ ਉਹ ਵਾਪਿਸ ਲਏ ਜਾਣ।