ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਗੁਰਦਾਸਪੁਰ, 22 ਦਸੰਬਰ (ਮੰਨਨ ਸੈਣੀ )। ਪੰਜਾਬ ਸਰਕਾਰ ਵਲੋਂ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਸਬੰਧੀ ਗੁਰਦਾਸਪੁਰ ਵਿਖੇ ਕੱਲ੍ਹ 23 ਦਸੰਬਰ ਦਿਨ ਬੁੱਧਵਾਰ ਨੂੰ ਰਾਜ ਪੱਧਰੀ ਸਮਾਗਮ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਪ੍ਰਗਟਾਵਾ ਡਾ. ਸਲਾਮਤ ਮਸੀਹ, ਚੇਅਰਮੈਨ ਕ੍ਰਿਸ਼ਚੀਅਨ ਵੈਲਫੇਅਰ ਬੋਰਡ ਪੰਜਾਬ ਅਤੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਸਮਾਗਮ ਵਾਲੇ ਸਥਾਨ ਵਾਈਟ ਰਿਜੋਰਟ, ਪੰਡੋਰੀ ਰੋਡ ਗੁਰਦਾਸਪੁਰ ਵਿਖੇ ਅਧਿਕਾਰੀਆਂ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਇਸ ਮੌਕੇ ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਅਰਸ਼ਦੀਪ ਸਿੰਘ ਐਸ.ਡੀ.ਐਮ ਗੁਰਦਾਸਪੁਰ, ਅਰਵਿੰਦ ਸਲਵਾਨ ਤਹਿਸੀਲਦਾਰ ਗੁਰਦਾਸਪੁਰ, ਬਲਦੇਵ ਸਿੰਘ ਆਰ ਟੀ ਏ, ਸੁਖਪਾਲ ਸਿੰਘ ਡੀ.ਐਸ.ਪੀ (ਸਿਟੀ), ਸੰਜੀਵ ਮੰਨਣ ਜ਼ਿਲਾ ਭਲਾਈ ਅਫਸਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੋਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਡਾ. ਸਲਾਮਤ ਮਸੀਹ ਅਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਸਥਾਨਕ ਵਾਈਟ ਰਿਜ਼ੋਰਟ, ਪੰਡੋਰੀ ਰੋਡ, ਗੁਰਦਾਸਪੁਰ ਵਿਖੇ 23 ਦਸੰਬਰ ਦਿਨ ਬੁੱਧਵਾਰ 2020 ਨੂੰ ਸਵੇਰੇ 11 ਵਜੇ ਤੋਂ ਮਨਾਇਆ ਜਾਵੇਗਾ ਅਤੇ ਸਮਾਗਮ ਦੀ ਪ੍ਰਧਾਨਗੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਤੇ ਪੰਚਾਇਤਾਂ, ਉਚੇਰੀ ਸਿੱਖਿਆ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਕਰਨਗੇ।
ਰਾਜ ਪੱਧਰੀ ਸਮਾਗਮ ਵਿਚ ਕੈਬਨਿਟ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਸ. ਸੁਖਜਿੰਦਰ ਸਿੰਘ ਰੰਧਾਵਾ, ਸ੍ਰੀਮਤੀ ਅਰੁਣਾ ਚੋਧਰੀ (ਦੋਵੇਂ ਕੈਬਨਿਟ ਮੰਤਰੀ), ਜ਼ਿਲੇ ਦੇ ਸਮੂਹ ਵਿਧਾਇਕਾਂ ਸਮੇਤ ਵੱਖ-ਵੱਖ ਉੱਚ ਸਖਸ਼ੀਅਤਾਂ ਅਤੇ ਇਸਾਈ ਭਾਈਚਾਰੇ ਨਾਲ ਸਬੰਧਤ ਮਹਾਨ ਹਸਤੀਆਂ ਅਤੇ ਪਾਸਟਰ ਅਤੇ ਪਾਦਰੀ ਸਾਹਿਬਾਨ ਵਿਸ਼ੇਸ ਤੌਰ ਤੇ ਸ਼ਿਰਕਤ ਕਰਨਗੇ। ਉਨਾਂ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਸਮਾਗਮ ਵਿਚ ਪੁਹੰਚਣ ਦੀ ਅਪੀਲ ਕੀਤੀ।