ਪੰਜਾਬ ਸਰਕਾਰ ਪਵਿੱਤਰ ਨਗਰ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਵਿਧਾਇਕ ਲਾਡੀ
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ
ਘੁਮਾਣ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਕੰਪੋਸਟ ਪਿਟਸ ਬਣਾਉਣ ਅਤੇ ਡਰੰਮ ਲਗਾਉਣ ਦੀਆਂ ਹਦਾਇਤਾਂ
ਘੁਮਾਣ/ਬਟਾਲਾ, 7 ਦਸੰਬਰ – ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਵਰਸੋਏ ਨਗਰ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਰਾਜ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਤਹਿਤ ਘੁਮਾਣ ਦੀ 100 ਫੀਸਦੀ ਵਸੋਂ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਅਤੇ ਹਰ ਘਰ ਨੂੰ ਸੀਵਰੇਜ ਸਪਲਾਈ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ।
ਘੁਮਾਣ ਵਿੱਖੇ ਚੱਲ ਰਹੇ ਸੀਵਰੇਜ ਤੇ ਵਾਟਰ ਸਪਲਾਈ ਦੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਅੱਜ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਘੁਮਾਣ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਕਸੀਅਨ ਸੀਵਰੇਜ ਬੋਰਡ, ਐਕਸੀਅਨ ਪੰਚਾਇਤੀ ਰਾਜ, ਐਕਸੀਅਨ ਲੋਕ ਨਿਰਮਾਣ ਵਿਭਾਗ, ਨਾਇਬ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਰਾਜ ਕੁਮਾਰ, ਬੀ.ਡੀ.ਪੀ.ਓ. ਪਰਮਜੀਤ ਕੌਰ, ਸਰਪੰਚ ਨਰਿੰਦਰ ਸਿੰਘ ਨਿੰਦੀ ਅਤੇ ਘੁਮਾਣ ਪੰਚਾਇਤ ਦੇ ਨੁਮਾਇੰਦੇ ਮੌਜੂਦ ਸਨ।
ਵਿਕਾਸ ਕਾਰਜਾਂ ਦਾ ਜਾਇਜਾ ਲੈਂਦਿਆਂ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਘੁਮਾਣ ਨਗਰ ਵਿੱਚ ਸੀਵਰੇਜ ਦੇ ਪ੍ਰੋਜੈਕਟ ਉੱਪਰ 16.50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਘੁਮਾਣ ਦੀ 100 ਫੀਸਦੀ ਵਸੋਂ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਾਉਣ ਲਈ 2.50 ਕਰੋੜ ਰੁਪਏ ਦੀ ਲਾਗਤ ਨਾਲ ਜਲ-ਸਪਲਾਈ ਦੇ ਪ੍ਰੋਜੈਕਟ ਉੱਪਰ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਦੇ ਪੂਰਿਆਂ ਹੋਣ ਨਾਲ ਘੁਮਾਣ ਦੀ ਵਸੋਂ ਅਤੇ ਇਥੇ ਮੱਥਾ ਟੇਕਣ ਆਉਂਦੀ ਸੰਗਤ ਨੂੰ ਵੱਡੀ ਸਹੂਲਤ ਮਿਲੇਗੀ। ਸ. ਲਾਡੀ ਨੇ ਕਿਹਾ ਕਿ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸੀਵਰੇਜ ਬੋਰਡ ਅਤੇ ਜਲ ਸਪਲਾਈ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੁਮਾਣ ਵਿੱਚ ਚੱਲ ਰਹੇ ਸੀਵਰੇਜ ਤੇ ਵਾਟਰ ਸਪਲਾਈ ਦੇ ਪ੍ਰੋਜੈਕਟ ਨੂੰ ਸਮੇਂ ਸਿਰ ਨੇਪਰੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਕੰਮ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਕੰਮ ਦੀ ਗੁਣਵਤਾ ਦਾ ਖਾਸ ਖਿਆਲ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਪੰਚਾਇਤ ਘੁਮਾਣ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦੀ ਜਗ੍ਹਾ ਤਬਦੀਲ ਕਰਦਿਆਂ ਦੱਸਿਆ ਕਿ ਅਜਿਹਾ ਹੋਣ ਨਾਲ ਜਿਥੇ ਪਿੰਡ ਦਾ ਛੱਪੜ ਬਚ ਜਾਵੇਗਾ ਓਥੇ ਨਾਲ ਹੀ 80 ਲੱਖ ਰੁਪਏ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਬਚੇ ਹੋਏ 80 ਲੱਖ ਰੁਪਏ ਨਾਲ ਘੁਮਾਣ ਦੇ 11 ਨੰਬਰ ਵਾਰਡ ਵਿੱਚ ਵੀ ਸੀਵਰੇਜ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਛੱਪੜ ਨੂੰ ਖੂਬਸੂਰਤ ਦਿੱਖ ਦਿੱਤੀ ਜਾਵੇਗੀ ਅਤੇ ਨਾਲ ਹੀ ਇਥੇ ਬਰਸਾਤੀ ਪਾਣੀ ਵੀ ਪੈ ਸਕੇਗਾ।ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੱਕ ਸੀਵਰੇਜ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਸੜਕਾਂ ਹੇਠ ਸੀਵਰੇਜ ਪੈ ਗਿਆ ਹੈ ਉਨ੍ਹਾਂ ਸੜਕਾਂ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘੁਮਾਣ ਦੀ ਕੂੜੇ ਦੀ ਸਮੱਸਿਆ ਦਾ ਹੱਲ ਵੀ ਕੀਤਾ ਜਾਵੇਗਾ। ਉਨ੍ਹਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘਰ-ਘਰ ਤੋਂ ਸੁੱਕਾ ਤੇ ਗਿੱਲਾ ਕੂੜਾ ਸੈਗਰੀਗੇਟ ਕਰਕੇ ਇਸਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਪੰਚਾਇਤ ਨੂੰ ਕਿਹਾ ਕਿ ਕੂੜੇ ਤੋਂ ਕੰਪੋਸਟ ਖਾਦ ਬਣਾਉਣ ਦੇ ਪ੍ਰੋਜੈਕਟ ਨੂੰ ਘੁਮਾਣ ਵਿੱਚ ਵੀ ਸ਼ੁਰੂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਘੁਮਾਣ ਦੇ ਕੰਮਾਂ ਦਾ ਸਮੇਂ-ਸਮੇਂ ਰੀਵਿਊ ਕਰਦੇ ਰਹਿਣਗੇ।