CORONA ਗੁਰਦਾਸਪੁਰ ਪੰਜਾਬ

ਰਾਜ ਹੱਠ ਨੂੰ ਛੱਡ ਕੇ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ – ਮੰਤਰੀ ਬਾਜਵਾ, ਸਿੱਧੂ

ਰਾਜ ਹੱਠ ਨੂੰ ਛੱਡ ਕੇ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ – ਮੰਤਰੀ ਬਾਜਵਾ, ਸਿੱਧੂ
  • PublishedDecember 7, 2020

ਲੋਕਤੰਤਰੀ ਸਰਕਾਰਾਂ ਵਿੱਚ ਹੱਠਬਾਜ਼ੀਆਂ ਨਹੀਂ ਚੱਲਦੀਆਂ – ਤ੍ਰਿਪਤ ਬਾਜਵਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਮੀਟਿੰਗ ਵਿੱਚ ਆ ਕੇ ਕਿਸਾਨਾਂ ਦੀ ਗੱਲ ਸੁਣਨ – ਬਲਬੀਰ ਸਿੱਧੂ

ਬਟਾਲਾ, 7 ਦਸੰਬਰ – ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਾਂਝੇ ਤੌਰ ’ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਹੱਠ ਨੂੰ ਛੱਡ ਕੇ ਕਿਸਾਨਾਂ ਦੀ ਗੱਲ ਮੰਨਦਿਆਂ ਖੇਤੀ ਸੁਧਾਰਾਂ ਦੇ ਨਾਮ ’ਤੇ ਬਣਾਏ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਢਪੱਈ ਵਿਖੇ ਪਹੁੰਚੇ ਕੈਬਨਿਟ ਮੰਤਰੀ ਸ. ਬਾਜਵਾ ਤੇ ਸ. ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਅਵਾਮ ਦੀ ਅਵਾਜ਼ ਸੁਣਦਿਆਂ ਆਪਣਾ ਤਾਨਾਸ਼ਾਹੀ ਰਵੱਈਆ ਛੱਡਣਾ ਚਾਹੀਦਾ ਹੈ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਸਮੇਂ ਸਾਰੇ ਦੇਸ਼ ਦੇ ਕਿਸਾਨ ਮੋਦੀ ਦੇ ਕਾਲੇ ਕਾਨੂੰਨਾਂ ਖਿਲਾਫ ਉੱਠ ਖੜ੍ਹੇ ਹੋਏ ਹਨ ਅਤੇ ਹੁਣ ਮੋਦੀ ਕੋਲ ਸਿਵਾਏ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਹੋਰ ਕੋਈ ਰਾਹ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਰਕਾਰਾਂ ਵਿੱਚ ਹੱਠਬਾਜ਼ੀਆਂ ਨਹੀਂ ਚੱਲਦੀਆਂ ਅਤੇ ਸਰਕਾਰ ਹਮੇਸ਼ਾਂ ਲੋਕਾਂ ਦੀ ਸਹਿਮਤੀ ਨਾਲ ਚੱਲਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ ਅਤੇ 8 ਦਸੰਬਰ ਦੇ ਭਾਰਤ ਬੰਦ ਦਾ ਉਹ ਸਮਰਥਨ ਕਰਦੇ ਹਨ।

ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਦੇਸ਼ ਦੇ ਕਿਸਾਨ ਖੇਤੀ ਬਿੱਲਾਂ ਨੂੰ ਠੀਕ ਨਹੀਂ ਮੰਨਦੇ ਤਾਂ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਉਂ ਇਨ੍ਹਾਂ ਬਿੱਲਾਂ ਨੂੰ ਬਦੋ-ਬਦੀ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਮੋਦੀ ਦੇ ਕਾਲੇ ਕਾਨੂੰਨਾਂ ਖਿਲਾਫ ਉੱਠ ਖੜ੍ਹਾ ਹੋਇਆ ਹੈ ਅਤੇ ਜੇਕਰ ਮੋਦੀ ਸਰਕਾਰ ਨੇ ਅਜੇ ਵੀ ਦੇਸ਼ ਦੇ ਅਵਾਮ ਦੀ ਅਵਾਜ਼ ਨਾ ਸੁਣੀ ਤਾਂ ਇਸਦਾ ਹਸ਼ਰ ਭਾਜਪਾ ਨੂੰ ਚੋਣਾਂ ਦੌਰਾਨ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਬੇਵਜ਼ਾ ਅੜ੍ਹਲੀਅਲ ਰਵੀਆ ਛੱਡ ਕੇ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਸ. ਸਿੱਧੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਖੁਦ ਮੀਟਿੰਗ ਵਿੱਚ ਆ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਬਿਨ੍ਹਾਂ ਸ਼ਰਤ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਨਦਾਤਾ ਹੈ ਅਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਇਸ ਅੰਦੋਲਨ ਦੀ ਪੂਰੀ ਤਰਾਂ ਹਮਾਇਤ ਕਰਦੀ ਹੈ।

ਇਸ ਮੌਕੇ ਉਨ੍ਹਾਂ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਸਿਕੰਦਰ ਸਿੰਘ ਸਰਪੰਚ, ਮਨਜੀਤ ਸਿੰਘ ਖਾਲਸਾ, ਕਾਬਲ ਸਿੰਘ ਰਿਆੜ, ਗੁਰਭੇਜ ਸਿੰਘ ਰਿਆੜ, ਬਲਰਾਜ ਸਿੰਘ ਰਿਆੜ, ਰਿਟਾ: ਡੀ.ਐੱਸ.ਪੀ. ਅਜਮੇਰ ਸਿੰਘ, ਕ੍ਰਿਪਾਲ ਸਿੰਘ ਨੰਬਰਦਾਰ, ਗੁਰਮੇਜ ਸਿੰਘ ਨੰਬਰਦਾਰ, ਦਿਲਬਾਗ ਸਿੰਘ, ਸੰਦੀਪ ਸਿੰਘ, ਸਾਹਿਬ ਸਿੰਘ ਮੰਡ, ਸਿਕੰਦਰ ਸਿੰਘ ਪੀ.ਏ, ਯਾਦਵਿੰਦਰ ਸਿੰਘ ਸ਼ੈਰੀ, ਡਾ. ਸੁਜਾਨ ਸਿੰਘ, ਲਖਵਿੰਦਰ ਸਿੰਘ ਪੰਚ, ਮਿੰਟੂ, ਪੰਚ ਲਾਭ ਸਿੰਘ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਹਾਜ਼ਰ ਸਨ।

Written By
The Punjab Wire