‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਨੂੰ ਕੈਬਨਿਟ ਮੰਤਰੀ ਤਿ੍ਰਪਤ ਬਾਜਵਾ ਦਾ ਸਾਥ ਵੀ ਮਿਲਿਆ

ਤਿ੍ਰਪਤ ਬਾਜਵਾ ਵੱਲੋਂ ਹਰ ਬਟਾਲਾ ਵਾਸੀ ਨੂੰ ਆਪਣਾ ਸ਼ਹਿਰ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣ ਦਾ ਸੱਦਾ

ਜ਼ਿਲਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਬਹੁਤ ਵਧੀਆ ਕਦਮ – ਤਿ੍ਰਪਤ ਬਾਜਵਾ

ਬਟਾਲਾ, 5 ਦਸੰਬਰ ( ਮੰਨਨ ਸੈਣੀ ) – ਜ਼ਿਲਾ ਪ੍ਰਸ਼ਾਸਨ ਵਲੋਂ ਬਟਾਲਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਚਲਾਈ ਜਾ ਰਹੀ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਨੂੰ ਸੂਬੇ ਦੇ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦਾ ਵੀ ਸਾਥ ਮਿਲ ਗਿਆ ਹੈ। ਅੱਜ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਬਟਾਲਾ ਸ਼ਹਿਰ ਦੇ ਮੋਹਤਬਰਾਂ, ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਸੱਦਾ ਦਿੱਤਾ ਹੈ ਕਿ ਆਓ ਸਾਰੇ ਮਿਲ ਕੇ ਬਟਾਲਾ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ।

ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦਾ ਸ਼ਹਿਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਸ਼ਹਿਰ ਦੇ ਵਿਕਾਸ ਉੱਪਰ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਹੁਣ ਵਿਕਾਸ ਦੇ ਨਾਲ ਬਟਾਲਾ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਬਟਾਲਾ ਵੀ ਸਾਫ-ਸੁਥਰੇ ਸ਼ਹਿਰਾਂ ਦੀ ਮੋਹਰਲੀ ਸੂਚੀ ਵਿੱਚ ਸ਼ੁਮਾਰ ਹੋ ਸਕੇ। ਸ. ਬਾਜਵਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਬਹੁਤ ਵਧੀਆ ਕਦਮ ਹੈ ਅਤੇ ਇਸ ਨਾਲ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਾ ਹੱਲ ਹੋ ਸਕੇਗਾ।

ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨਾ ਅਤੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨੀ ਬਹੁਤ ਵਧੀਆ ਉੱਦਮ ਹੈ ਅਤੇ ਇਸ ਨਾਲ ਕੂੜੇ ਨੂੰ ਸਹੀ ਢੰਗ ਨਾਲ ਮੈਨੇਜ ਕੀਤਾ ਜਾ ਸਕੇਗਾ। ਉਨਾਂ ਸਮਾਜ ਸੇਵੀ ਸੰਸਥਾ ਇਨਰਵੀਲ ਅਤੇ ਠੇਕੇਦਾਰ ਭੁਪਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨਾਂ ਵੱਲੋਂ ਨਗਰ ਨਿਗਮ ਬਟਾਲਾ ਨੂੰ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਡਰੰਮ ਦਿੱਤੇ ਗਏ ਹਨ। ਸ. ਬਾਜਵਾ ਨੇ ਕਿਹਾ ਕਿ ਹਰ ਸ਼ਹਿਰ ਵਾਸੀ ਨੂੰ ਆਪਣੇ ਸ਼ਹਿਰ ਨੂੰ ਸਾਫ਼ ਰੱਖਣ ਦੀ ਜਿੰਮੇਵਾਰੀ ਲੈਣੀ ਪਵੇਗੀ ਅਤੇ ਆਪਣੇ ਘਰ ਵਿੱਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਕੇ ਸਫਾਈ ਕਰਮੀ ਨੂੰ ਦੇਣਾ ਹੋਵੇਗਾ ਤਾਂ ਹੀ ਕੂੜੇ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸ. ਬਾਜਵਾ ਨੇ ਹਾਜ਼ਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਤਾਂ ਜੋ ਹਰ ਵਿਅਕਤੀ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਨੂੰ ਸਮਝ ਕੇ ਉਸ ਉੱਪਰ ਅਮਲ ਕਰ ਸਕੇ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਬਟਾਲਾ ਸ਼ਹਿਰ ਵਾਸੀਆਂ ਨੂੰ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਬਟਾਲਾ ਵੱਲੋਂ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਵੱਖ-ਵੱਖ ਇਲਾਕਿਆਂ ਵਿੱਚ ਕੰਪੋਸਟ ਪਿਟਸ ਬਣਾਈਆਂ ਗਈਆਂ ਹਨ ਅਤੇ ਹੁਣ ਹਰ ਮੁਹੱਲੇ ਵਿੱਚ ਕੰਪੋਸਟ ਡਰੰਮ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਸਫ਼ਾਈ ਕਰਮੀ ਘਰੋ-ਘਰੀ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਕੇ ਗਿੱਲਾ ਕੂੜਾ ਪਿਟਸ ਵਿੱਚ ਜਾਂ ਨੇੜੇ ਦੇ ਕੰਪੋਸਟ ਡਰੰਮ ਵਿੱਚ ਪਾ ਦੇਣਗੇ ਜਿਥੇ ਇਸਦੀ ਖਾਦ ਬਣ ਸਕੇਗੀ। ਉਨਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਕੂੜੇ ਦੀ ਸੈਗਰੀਗੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕਈ ਕਲੋਨੀਆਂ ਤੇ ਮੁਹੱਲਿਆਂ ਵਿੱਚ ਇਸਦੇ ਵਧੀਆ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ।  ਇਸ ਮੌਕੇ ਕੈਬਨਿਟ ਮੰਤਰੀ ਸ. ਬਾਜਵਾ ਅਤੇ ਬਟਾਲਾ ਵਾਸੀਆਂ ਨੂੰ ਗਿੱਲੇ ਕੂੜੇ ਤੋਂ ਖਾਦ ਬਣਾਉਣ ਦੀ ਤਕਨੀਕ ਬਾਰੇ ਇੱਕ ਵੀਡੀਓ ਫਿਲਮ ਵੀ ਦਿਖਾਈ ਗਈ।

ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਚੇਅਰਮੈਨ ਸੇਠ ਕਸਤੂਰੀ ਲਾਲ, ਠੇਕੇਦਾਰ ਭੁਪਿੰਦਰ ਸਿੰਘ, ਸੁਖਦੀਪ ਸਿੰਘ ਤੇਜਾ, ਸਵਰਨ ਮੁੱਢ, ਪਵਨ ਕੁਮਾਰ ਪੰਮਾ, ਗੁਲਸ਼ਨ ਮਾਰਬਲ ਵਾਲੇ, ਪਰਮਿੰਦਰ ਸਿੰਘ ਰਜਿੰਦਰਾ ਫਾਊਂਡਰੀ ਵਾਲੇ, ਰਮੇਸ਼ ਵਰਮਾ, ਲਾਇਨ ਕਲੱਬ ਪ੍ਰਧਾਨ ਵਿਪਨ ਪੁਰੀ, ਯਸਪਾਲ ਚੌਹਾਨ, ਸ਼ੰਮੀ ਕਪੂਰ, ਹਰਬਖਸ਼ ਸਿੰਘ ਸਿਵਲ ਡਿਫੈਂਸ, ਜਤਿੰਦਰ ਕੱਦ ਸਹਾਰਾ ਕਲੱਬ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਵੀ ਹਾਜ਼ਰ ਸਨ।    

Thepunjabwire
 • 5
 • 7
 •  
 •  
 •  
 •  
 •  
 •  
 •  
 •  
  12
  Shares
error: Content is protected !!