Close

Recent Posts

CORONA ਪੰਜਾਬ ਮੁੱਖ ਖ਼ਬਰ

ਸਹਿਕਾਰਤਾ ਮੰਤਰੀ ਰੰਧਾਵਾ ਦੀਆਂ ਕੋਸ਼ਿਸ਼ਾਂ ਸਦਕਾ ਨਾਬਾਰਡ ਵੱਲੋਂ ਪੀ.ਐਸ.ਸੀ.ਏ.ਡੀ.ਬੀ. ਲਈ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ

ਸਹਿਕਾਰਤਾ ਮੰਤਰੀ ਰੰਧਾਵਾ ਦੀਆਂ ਕੋਸ਼ਿਸ਼ਾਂ ਸਦਕਾ ਨਾਬਾਰਡ ਵੱਲੋਂ ਪੀ.ਐਸ.ਸੀ.ਏ.ਡੀ.ਬੀ. ਲਈ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ
  • PublishedNovember 20, 2020

ਕੋਵਿਡ-19 ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰਨ ਵਾਲੀਆਂ ਸਹਿਕਾਰੀ ਸੰਸਥਾਵਾਂ ਦੇ ਮਜ਼ਬੂਤੀਕਰਨ ਲਈ ਵਰਤੀ ਜਾਵੇਗੀ ਇਹ ਰਾਸ਼ੀ: ਰੰਧਾਵਾ

ਚੰਡੀਗੜ੍ਹ, 20 ਨਵੰਬਰ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਨਾਬਾਰਡ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਐਸ.ਸੀ.ਏ.ਡੀ.ਬੀ.) ਨੂੰ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਨਾਬਾਰਡ ਦੇ ਚੇਅਰਮੈਨ ਜੀ.ਆਰ ਚਿੰਤਾਲਾ ਦਾ ਧੰਨਵਾਦ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਪੈਸ਼ਲ ਲਿਕੁਈਟਿਡੀ ਫੰਡ (ਐਸ.ਐਲ.ਐਫ) ਤਹਿਤ ਪ੍ਰਾਪਤ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਵਰਤੋਂ ਮੌਜੂਦਾ ਉਚ ਖਰਚ ਵਾਲੀਆਂ ਦੇਣਦਾਰੀਆਂ ਦੀ ਮੁੜ ਅਦਾਇਗੀ ਅਤੇ ਨਵੇਂ ਕਰਜ਼ਿਆਂ ਲਈ ਕੀਤੀ ਜਾਵੇਗੀ। ਨਾਬਾਰਡ ਵੱਲੋਂ ਮਨਜ਼ੂਰ ਵਿੱਤੀ ਸਹਾਇਤਾ ਸੂਬੇ ਦੀਆਂ ਸਹਿਕਾਰੀ ਸੰਸਥਾਵਾਂ, ਜੋ ਇਸ ਸਮੇਂ ਕੋਵਿਡ-19 ਮਹਾਂਮਾਰੀ ਦੇ ਦੌਰਾਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ, ਦੇ ਮਜ਼ਬੂਤੀਕਰਨ ਵਿਚ ਸਹਾਇਕ ਸਿੱਧ ਹੋਵੇਗੀ।

ਸ. ਰੰਧਾਵਾ ਨੇ ਨਾਬਾਰਡ ਦੇ ਚੇਅਰਮੈਨ ਨੂੰ ਸਹਿਕਾਰਤਾ ਵਿਭਾਗ ਅਤੇ ਨਾਬਾਰਡ ਦੇ ਕੰਮਕਾਜ ਵਿਚ ਹੋਰ ਕੁਸ਼ਲਤਾ ਲਿਆਉਣ ਹਿੱਤ ਆਪਸੀ ਤਾਲਮੇਲ ਬਣਾਉਣ ਦੇ ਹੋਰ ਤਰੀਕਿਆਂ ਅਤੇ ਸਾਧਨਾਂ ਦੀ ਪੜਚੋਲ ਵਾਸਤੇ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ।

ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ 750 ਕਰੋੜ ਰੁਪਏ ਦੀ ਕੁੱਲ ਵਿੱਤੀ ਸਹਾਇਤਾ ਵਿਚੋਂ 400 ਕਰੋੜ ਰੁਪਏ ਪੀ.ਐਸ.ਸੀ.ਏ.ਡੀ.ਬੀ. ਦੀਆਂ ਮੌਜੂਦਾ ਉਚ ਖਰਚ ਵਾਲੀਆਂ ਦੇਣਦਾਰੀਆਂ ਦੀ ਮੁੜ ਅਦਾਇਗੀ ਲਈ ਅਤੇ 350 ਕਰੋੜ ਰੁਪਏ ਨਵੇਂ ਕਰਜ਼ਿਆਂ ਲਈ ਵਰਤੇ ਜਾਣਗੇ।

ਜ਼ਿਕਰਯੋਗ ਹੈ ਕਿ ਨਾਬਾਰਡ ਵੱਲੋਂ ਇਹ ਰਾਸ਼ੀ 11 ਨਵੰਬਰ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਦੇ ਵਫਦ ਵੱਲੋਂ ਚੇਅਰਮੈਨ ਜੀ.ਆਰ.ਚਿੰਤਾਲਾ ਨਾਲ ਕੀਤੀ ਮੀਟਿੰਗ ਦੌਰਾਨ ਹੋਈ ਵਿਚਾਰ ਵਟਾਂਦਰਾ ਉਪਰੰਤ ਜਾਰੀ ਕੀਤੀ ਗਈ। ਵਫਦ ਵਿੱਚ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ ਅਤੇ ਪੀ.ਐਸ.ਸੀ.ਏ.ਡੀ.ਬੀ. ਦੇ ਐਮ.ਡੀ. ਚਰਨਦੇਵ ਸਿੰਘ ਮਾਨ ਵੀ ਹਾਜ਼ਰ ਸਨ।

Written By
The Punjab Wire