ਪੰਜਾਬ ਦੇ ਮੰਤਰੀਆਂ ਨੇ ਭਾਜਪਾ ਵੱਲੋਂ ਆਪਣੀ ਖੱਲ ਬਚਾਉਣ ਲਈ ਕਿਸਾਨਾਂ ਨੂੰ ਭੰਡੀ ਪ੍ਰਚਾਰ ਰਾਹੀਂ ਗੁੰਮਰਾਹ ਕਰਨ ‘ਤੇ ਫਿਟਕਾਰ ਪਾਈ

ਅਸ਼ਵਨੀ ਸ਼ਰਮਾ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਪੁੱਛਿਆ,”ਕੀ ਭਾਜਪਾ ਨੂੰ ਅਲਵਿਦਾ ਕਹਿਣ ਵਾਲੇ ਤੁਹਾਡੇ ਨੇਤਾਵਾਂ ਨੂੰ ਵੀ ਮੁੱਖ ਮੰਤਰੀ ਨੇ ਗੁੰਮਰਾਹ ਕੀਤਾ”

ਚੰਡੀਗੜ੍ਹ, 2 ਨਵੰਬਰ-ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਅੱਜ ਮੁੱਖ ਮੰਤਰੀ ਖਿਲਾਫ ਬੇਬੁਨਿਆਦ ਦੋਸ਼ ਲਾਉਣ ‘ਤੇ ਭਾਰਤੀ ਜਨਤਾ ਪਾਰਟੀ ‘ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਦੀ ਲੀਡਰਸ਼ਿਪ ਘਾਤਕ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਪੂਰੀ ਤਰ੍ਹਾਂ ਨੁੱਕਰੇ ਲੱਗ ਜਾਣ ਤੋਂ ਬਾਅਦ ਆਪਣੀ ਖੱਲ ਬਚਾਉਣ ਲਈ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਨਾਲ-ਨਾਲ ਕੂੜ ਪ੍ਰਚਾਰ ਕਰ ਰਹੀ ਹੈ।

ਇਕ ਸਾਂਝੇ ਬਿਆਨ ਵਿੱਚ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਨਾ ਸਿਰਫ ਭਾਜਪਾ ਪੰਜਾਬ ਵਿੱਚ ਕਿਸਾਨਾਂ ਨੂੰ ਗੁੰਮਰਾਹ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ ਸਗੋਂ ਇਸ ਪਾਰਟੀ ਦੇ ਨੇਤਾ ਅਤੇ ਵਰਕਰ ਵੀ ਆਪਣੇ ਸਿਆਸੀ ਮੁਫਾਦ ਅੱਗੇ ਵਧਾਉਣ ਲਈ ਇਸ ਸੰਵੇਦਨਸ਼ੀਲ ਅਤੇ ਨਾਜ਼ੁਕ ਮੁੱਦੇ ਦਾ ਸੋਸ਼ਣ ਕਰਨ ਦੇ ਉਦੇਸ਼ ਨਾਲ ਕੋਰਾ ਝੂਠ ਫੈਲਾਉਣ ਵਿੱਚ ਗਲਤਾਨ ਹਨ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਭਾਜਪਾ ਆਪਣੇ ਸਿਆਸੀ ਲਾਹੇ ਲਈ ਕਿਸਾਨਾਂ ਨੂੰ ਮੁੱਖ ਮੰਤਰੀ ਖਿਲਾਫ ਭੜਕਾਉਣ ਦੀਆਂ ਚਾਲਾਂ ਚੱਲ ਰਹੀ ਹੈ।

ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਲਾਏ ਦੋਸ਼ਾਂ ‘ਤੇ ਸਖਤ ਪ੍ਰਤੀਕਰਮ ਜ਼ਾਹਰ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਇਹ ਸੁਭਾਵਿਕ ਹੀ ਹੈ ਕਿ ਭਾਜਪਾ, ਜੋ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਕਾਰਨ ਕੇਂਦਰ ਬਿੰਦੂ ਬਣੀ ਹੋਈ ਹੈ, ਦੇ ਨੇਤਾ ਜਾਂ ਤਾਂ ਕਿਸਾਨਾਂ ਦੇ ਸਰੋਕਾਰਾਂ ਤੋਂ ਅਣਜਾਣ ਹਨ ਅਤੇ ਜਾਂ ਫਿਰ ਉਹ ਕਿਸਾਨਾਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ,”ਕਿਸਾਨਾਂ ਨੂੰ ਕਿਸੇ ਤਰ੍ਹਾਂ ਉਕਸਾਏ ਜਾਣ ਦੀ ਲੋੜ ਨਹੀਂ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਸਲੂਕ ਤੋਂ ਉਹ (ਕਿਸਾਨ) ਪਹਿਲਾਂ ਹੀ ਦੁਖੀ ਹਨ। ਉਹ ਆਪਣੀ ਰੋਜ਼ੀ-ਰੋਟੀ ਅਤੇ ਵਜੂਦ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ। ਪਰ ਸਪੱਸ਼ਟ ਹੈ ਕਿ ਸ਼ਰਮਾ ਵਰਗੇ ਭਾਜਪਾ ਨੇਤਾਵਾਂ ਨੂੰ ਇਸ ਦਾ ਕੋਈ ਅਹਿਸਾਸ ਨਹੀਂ ਹੈ।”

ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨਿਆਂ ਅਤੇ ਮਾਲ ਗੱਡੀਆਂ ਦੀ ਆਵਾਜਾਈ ਮੁਲਤਵੀ ਹੋਣ ਲਈ ਜ਼ਿੰਮੇਵਾਰ ਹੋਣ ਦੇ ਲਾਏ ਇਲਜ਼ਾਮਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ,”ਕੀ ਅਸੀਂ ਸੂਬੇ ਵਿੱਚ ਉਨ੍ਹਾਂ ਸਾਰੇ ਭਾਜਪਾ ਲੀਡਰਾਂ ਨੂੰ ਵੀ ਗੁੰਮਰਾਹ ਕੀਤਾ ਜਿਨ੍ਹਾਂ ਨੇ ਹਾਲ ਹੀ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ਼ ਰੋਸ ਪ੍ਰਗਟਾਉਂਦਿਆਂ ਪਾਰਟੀ ਨੂੰ ਅਲਵਿਦਾ ਆਖਿਆ?” ਉਨ੍ਹਾਂ ਨੇ ਸ੍ਰੀ ਸ਼ਰਮਾ ਵੱਲੋਂ ਮੁੱਖ ਮੰਤਰੀ ਉਪਰ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਇਸ ਨੂੰ ਬੇਬੁਨਿਆਦ ਕਰਾਰ ਦਿੱਤਾ। ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਵੀ ਕੇਂਦਰ ਵੱਲੋਂ ਪੰਜਾਬ ਵਿੱਚ ਰੇਲ ਆਵਾਜਾਈ ਮੁਅੱਤਲ ਨਾ ਹੋਣ ਨੂੰ ਚੇਤੇ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਰੇਲਵੇ ਵੱਲੋਂ ਮੌਜੂਦਾ ਸਮੇਂ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਦੇ ਦਿੱਤੇ ਗਏ ਕਾਰਨ ਸਮਝ ਤੋਂ ਬਾਹਰ ਹਨ ਖਾਸ ਕਰਕੇ ਉਸ ਵੇਲੇ ਜਦੋਂ ਕਿਸਾਨ ਰੇਲ ਗੱਡੀਆਂ ਵੱਲੋਂ ਸਪਲਾਈ ਦੀ ਢੋਆ-ਢੋਆਈ ਦੀ ਇਜਾਜ਼ਤ ਦੇਣ ਬਾਰੇ ਆਪਣੇ ਫੈਸਲੇ ਦਾ ਐਲਾਨ ਕਰ ਚੁੱਕੇ ਹੋਣ।

ਇਸ ਗੱਲ ਵੱਲ ਧਿਆਨ ਦਿਵਾਉਂਦੇ ਹੋਏ ਕਿ ਰੇਲ ਗੱਡੀਆਂ ਦੀ ਸੁਰੱਖਿਆ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਦੀ ਜ਼ਿੰਮੇਵਾਰੀ ਹੈ ਅਤੇ ਸੂਬਾ ਸਰਕਾਰ ਦਾ ਇਸ ਵਿੱਚ ਕੋਈ ਦਖਲ ਨਹੀਂ ਹੈ, ਮੰਤਰੀਆਂ ਨੇ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਰੇਲ ਗੱਡੀਆਂ ਦੀ ਸੁਰੱਖਿਅਤ ਆਵਾਜਾਈ ਨਾਲ ਕੀ ਸਬੰਧ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿ ਕਿਸੇ ਸੂਬੇ ਵਿਚ ਕਿਸਾਨਾਂ ਨੇ ਰੇਲ ਟਰੈਕ ਰੋਕੇ ਹਨ ਕਿਉਂਕਿ ਪਿਛਲੇ ਸਮੇਂ ਦੌਰਾਨ ਵੀ ਸਰਕਾਰ ਭਾਵੇਂ ਕੋਈ ਵੀ ਸੱਤਾ ਵਿਚ ਹੋਵੇ, ਅਜਿਹੀਆਂ ਘਟਨਾਵਾਂ ਕਈ ਸਥਾਨਾਂ ਉਤੇ ਹੁੰਦਿਆਂ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਅਰਥ ਕੀ ਇਹ ਕੱਢਿਆ ਜਾਵੇ ਕਿ ਉਕਤ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ।

ਮੰਤਰੀਆਂ ਨੇ ਅੱਗੇ ਕਿਹਾ ਕਿ ਕੁਝ ਵੀ ਹੋਵੇ ਪਰ ਅਜਿਹਾ ਸੋਚਣਾ ਵੀ ਤਰਕ ਤੋਂ ਪਰ੍ਹੇ ਹੈ ਕਿ ਕੋਈ ਮੁੱਖ ਮੰਤਰੀ ਅਜਿਹੀ ਕਾਰਵਾਈ ਕਰ ਸਕਦਾ ਹੈ ਜਿਸ ਨਾਲ ਉਸ ਦੇ ਆਪਣੇ ਸੂਬੇ ਨੂੰ ਵੱਡੀ ਪੱਧਰ ‘ਤੇ ਆਰਥਿਕ ਨੁਕਸਾਨ ਅਤੇ ਉਸ ਦੇ ਆਪਣੇ ਲੋਕਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀਆਂ ਦੇ ਕੰਮ ਕਰਨ ਦਾ ਇਹ ਢੰਗ ਨਹੀਂ ਹੈ ਪਰ ਹੋ ਸਕਦਾ ਹੈ ਕਿ ਭਾਜਪਾ ਦੇ ਮੁੱਖ ਮੰਤਰੀ ਅਜਿਹੇ ਢੰਗ ਨਾਲ ਵਿਹਾਰ ਕਰਦੇ ਹੋਣ।
ਮੰਤਰੀਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਉਦਯੋਗ ਅਤੇ ਖੇਤੀਬਾੜੀ ਨੂੰ ਬੇਹੱਦ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਅਰਥਚਾਰੇ ਉੱਤੇ ਵੀ ਕੇਂਦਰ ਸਰਕਾਰ ਵੱਲੋਂ ਕੋਵਿਡ ਦੇ ਦੌਰਾਨ ਸੂਬੇ ਦੇ ਬਕਾਏ ਜਾਰੀ ਨਾ ਕਰਨ ਕਰਕੇ ਨਕਾਰਾਤਮਕ ਅਸਰ ਪੈ ਰਿਹਾ ਹੈ ਅਤੇ ਰੇਲਵੇ ਦੁਆਰਾ ਮਾਲ ਗੱਡੀਆਂ ਮੁਲਤਵੀ ਕੀਤੇ ਜਾਣ ਕਾਰਨ ਇਸ ਵਿਚ ਦਿਨ-ਬ-ਦਿਨ ਹੋਰ ਵੀ ਨਿਘਾਰ ਆਉਂਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਹਾਲਾਤ ਵਿਚ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਸੰਕਟ ਦਾ ਹੱਲ ਕੱਢਣ ਦੀ ਥਾਂ ਸਿਆਸਤ ਕਰ ਸਕਦੇ ਹਨ। ਮੰਤਰੀਆਂ ਨੇ ਭਾਜਪਾ ਦੇ ਆਗੂ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡਣਾ ਬੰਦ ਕਰਨ ਜੋ ਕਿ ਪਹਿਲਾਂ ਹੀ ਅਸਹਿ ਪੀੜ ਝੱਲ ਰਹੇ ਹਨ।

ਅਸ਼ਵਨੀ ਸ਼ਰਮਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਸੂਬੇ ਵਿਚ ਅਮਨ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਨਾਕਾਮ ਰਹਿਣ ਦੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਮੰਤਰੀਆਂ ਨੇ ਸੁਝਾਅ ਦਿੱਤਾ ਕਿ ਪੰਜਾਬ ਭਾਜਪਾ ਪ੍ਰਧਾਨ ਨੂੰ ਲੋਕਾਂ ਕੋਲ, ਜਿਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਅਮਨ-ਕਾਨੂੰਨ ਦੀ ਨਾਕਾਮੀ ਵੇਖੀ ਹੈ, ਜਾ ਕੇ ਗੱਲ ਕਰਨੀ ਚਾਹੀਦੀ ਹੈ। ਮੰਤਰੀਆਂ ਨੇ ਹੋਰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁੰਡਾ ਅਤੇ ਮਾਫੀਆ ਰਾਜ ਦਾ ਖਾਤਮਾ ਕਰ ਦਿੱਤਾ ਹੈ ਜਿਸ ਦਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਬੋਲਬਾਲਾ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਜਿਹੇ ਸ਼ਾਂਤਮਈ ਮਾਹੌਲ ਦੀ ਸਿਰਜਣਾ ਕੀਤੀ ਹੈ ਜਿਸ ਵਿਚ ਲੋਕ ਬਿਨਾਂ ਕਿਸੇ ਡਰ ਤੋਂ ਆਜ਼ਾਦੀ ਨਾਲ ਸਾਹ ਲੈ ਸਕਦੇ ਹਨ ਅਤੇ ਉਦਯੋਗ ਤੇ ਨਿਵੇਸ਼ ਸੂਬੇ ਵਿਚ ਵਾਪਸ ਆ ਰਹੇ ਹਨ।

ਮੁੱਖ ਮੰਤਰੀ ਵੱਲੋਂ ਸਮੂਹ ਪਾਰਟੀਆਂ ਨੂੰ ਸਿਆਸੀ ਪੱਧਰ ਤੋਂ ਉਪਰ ਉਠਦੇ ਹੋਏ ਨਾ ਸਿਰਫ ਸੂਬੇ ਸਗੋਂ ਦੇਸ਼ ਦੇ ਵਡੇਰੇ ਹਿੱਤਾਂ ਵਿਚ ਇਹ ਸੰਕਟ ਹੱਲ ਕਰਨ ਲਈ ਵਾਰ ਵਾਰ ਦਿੱਤੇ ਜਾਂਦੇ ਬਿਆਨਾਂ ਵੱਲ ਧਿਆਨ ਦਿਵਾਉਂਦੇ ਹੋਏ ਮੰਤਰੀਆਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਕਾਰਾਤਮਕ ਪ੍ਰਤੀਕ੍ਰਿਆ ਦੇਣ ਦੀ ਥਾਂ ਭਾਜਪਾ ਵੱਲੋਂ ਕਿਸਾਨਾਂ ਦੀ ਕੀਮਤ ਉੱਤੇ ਸਿਆਸੀ ਖੇਡਾਂ ਖੇਡੀਆਂ ਜਾ ਰਹੀਆਂ ਹਨ ਪਰ ਪੰਜਾਬ ਦੇ ਕਿਸਾਨ ਇਹ ਜਾਣਦੇ ਹਨ ਕਿ ਕੌਣ ਮਗਰਮੱਛ ਦੇ ਹੰਝੂ ਵਹਾਅ ਰਿਹਾ ਹੈ ਅਤੇ ਕੌਣ ਉਨ੍ਹਾਂ ਦੇ ਮਕਸਦ ਦਾ ਸੱਚਾ ਹਮਦਰਦ ਹੈ।

Thepunjabwire
  •  
  •  
  •  
  •  
  •  
  •  
  •  
  •  
  •  
  •  
error: Content is protected !!