Close

Recent Posts

ਪੰਜਾਬ

ਅੱਠ ਹੋਰ ਸਰਕਾਰੀ ਸਕੂਲਾਂ ਦਾ ਨਾਮ ਸ਼ਹੀਦਾਂ ਦੇ ਨਾਮ ‘ਤੇ ਰੱਖਿਆ: ਵਿਜੈ ਇੰਦਰ ਸਿੰਗਲਾ

ਅੱਠ ਹੋਰ ਸਰਕਾਰੀ ਸਕੂਲਾਂ ਦਾ ਨਾਮ ਸ਼ਹੀਦਾਂ ਦੇ ਨਾਮ ‘ਤੇ ਰੱਖਿਆ: ਵਿਜੈ ਇੰਦਰ ਸਿੰਗਲਾ
  • PublishedOctober 26, 2020

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ-ਮਸ਼ਵਰੇ ਪਿੱਛੋਂ ਸਕੂਲ ਸਿੱਖਿਆ ਮੰਤਰੀ ਨੇ ਦਿੱਤੀ ਸਹਿਮਤੀ

ਚੰਡੀਗੜ੍ਹ, 26 ਅਕਤੂਬਰ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਦੱਸਿਆ ਕਿ ਸ਼ਹੀਦਾਂ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਜ਼ਿਲ੍ਹਾ ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਸੰਗਰੂਰ ਅਤੇ ਤਰਨ ਤਾਰਨ ਦੇ ਅੱਠ ਹੋਰ ਸਰਕਾਰੀ ਸਕੂਲਾਂ ਦੇ ਨਾਮ ਬਦਲ ਕੇ ਸੂਬੇ ਦੇ ਸ਼ਹੀਦਾਂ ਦੇ ਨਾਮ ‘ਤੇ ਰੱਖੇ ਗਏ ਹਨ। 

ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਪਿੱਛੋਂ ਸਕੂਲ ਸਿੱਖਿਆ ਵਿਭਾਗ ਨੇ ਹਾਲ ਹੀ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਇਨ੍ਹਾਂ ਸਕੂਲਾਂ ਦਾ ਨਾਮ ਬਦਲਣ ਦਾ ਫ਼ੈਸਲਾ ਲਿਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੋਡੀਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਕੋਟਲਾ ਖ਼ੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੱਖਿਆ ਗਿਆ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਿਆਣਾ ਦਾ ਨਾਮ ਬਦਲ ਕੇ ਸ਼ਹੀਦ ਅਰਵਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਖਿਆ ਗਿਆ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਚਰਾੜੀ ਦੇ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਬਦਲ ਕੇ ਕ੍ਰਮਵਾਰ ਸ਼ਹੀਦ ਸਰਦਾਰ ਹਰਭਜਨ ਸਿੰਘ ਸਰਕਾਰੀ ਹਾਈ ਸਕੂਲ ਅਤੇ ਸ਼ਹੀਦ ਬੱਗਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੱਖਿਆ ਗਿਆ ਹੈ।

ਸ੍ਰੀ ਸਿੰਗਲਾ ਨੇ ਅੱਗੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਖੋਟੇ ਦੇ ਸਰਕਾਰੀ ਹਾਈ ਸਕੂਲ ਦਾ ਨਾਮ ਸ਼ਹੀਦ ਰਿਸਾਲਦਾਰ ਹਰਚੰਦ ਸਿੰਘ ਸਰਕਾਰੀ ਹਾਈ ਸਕੂਲ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਲੇਵਾਲ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਬਦਲ ਕੇ ਸ਼ਹੀਦ ਜਗਤਾਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਣੀਵਲਾਹ ਦੇ ਸਰਕਾਰੀ ਮਿਡਲ ਸਕੂਲ ਨੂੰ ਸ਼ਹੀਦ ਨਾਇਬ ਸੂਬੇਦਾਰ ਕਰਨੈਲ ਸਿੰਘ ਵੀਰ ਚੱਕਰ ਸਰਕਾਰੀ ਮਿਡਲ ਸਕੂਲ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਵੱਲੋਂ ਦੇਸ਼ ਲਈ ਵਿਖਾਈ ਅਸਾਧਾਰਣ ਬਹਾਦਰੀ ਲਈ ਉਨ੍ਹਾਂ ਨੂੰ ਮਾਣ-ਸਨਮਾਨ ਦਿੰਦਿਆਂ ਹਾਲ ਹੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਸਕੂਲਾਂ ਦਾ ਨਾਮ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਵਾਂ ‘ਤੇ ਰੱਖੇ ਗਏ ਹਨ।

Written By
The Punjab Wire