ਚਿੰਤਪੁਰਨੀ ਨਵਰਾਤਿਆਂ ਦੇ ਮੇਲਿਆਂ ਦੌਰਾਨ ਨਿੱਜੀ ਲੰਗਰ ਲਾਉਣ ’ਤੇ ਪੂਰਨ ਪਾਬੰਦੀ ਰਹੇਗੀ।

ਹੁਸ਼ਿਆਰਪੁਰ /ਊਨਾ , 14 ਅਕਤੂਬਰ (ਅਦਿਤੀ ਬਕਸ਼ੀ) : ਆਉਂਦੀ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਚਿੰਤਪੁਰਨੀ ਨਵਰਾਤਿਆਂ ਦੇ ਮੇਲਿਆਂ ਦੌਰਾਨ ਨਿੱਜੀ ਲੰਗਰ ਲਾਉਣ ’ਤੇ ਪੂਰਨ ਪਾਬੰਦੀ ਰਹੇਗੀ।

ਮੰਦਰ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਊਨਾ ਸੰਦੀਪ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਊਨਾ ਨੇ ਉਪਰੋਕਤ ਫੈਸਲਾ ਲਿਆ ਹੈ। ਡਿਪਟੀ ਕਮਿਸ਼ਨਰ ਨੇ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਤੋਂ ਸਹਿਯੋਗ ਦੀ ਆਸ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੰਗਰ ਨਾ ਲਾਉਣ ਅਤੇ ਪ੍ਰਸ਼ਾਸਨ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਨਵਰਾਤਿਆਂ ਦੇ ਮੌਕੇ  ਮੰਦਰ ਕੰਪਲੈਕਸ ਵਿੱਚ ਹਵਨ ਕਰਵਾਉਣਾ ਅਤੇ ਕੰਜਕ ਪੂਜਾ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਮੇਲਿਆਂ ਦੌਰਾਨ ਸ਼ਰਧਾਲੂਆਂ ਦੇ ਪ੍ਰਸਾਦ, ਨਾਰੀਅਲ ਅਤੇ ਝੰਡਾ ਆਦਿ ਚੜਾਉਣ ਤੋਂ ਇਲਾਵਾ ਢੋਲ-ਨਗਾਰੇ, ਲਾਊਡ ਸਪੀਕਰ ਅਤੇ ਚਿਮਟਾ ਆਦਿ ਵਜਾਉਣ ’ਤੇ ਵੀ ਪਾਬੰਦੀ ਰਹੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਰਧਾਲੂ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਹੀ ਦਰਸ਼ਨ ਕਰ ਸਕਣਗੇ ਅਤੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਦਰਸ਼ਨ ਪਰਚੀ ਏ.ਡੀ.ਬੀ. ਭਵਨ, ਸ਼ੰਭੂ ਬੈਰੀਅਰ, ਏ.ਡੀ.ਬੀ. ਪਾਰਕਿੰਗ ਅਤੇ ਐਮ.ਆਰ.ਸੀ ਪਾਰਕਿੰਗ ਤੋਂ ਪ੍ਰਾਪਤ ਹੋ ਸਕਣਗੇ। ਇਸ ਤੋਂ ਇਲਾਵਾ ਕੋਵਿਡ-19 ਵਾਇਰਸ ਦੀ ਰੋਕਥਾਮ ਲਈ ਹਰ ਸ਼ਰਧਾਲੂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮੰਦਰ ਵਿੱਚ ਢੋਆ-ਢੁਆਈ ਵਾਲੇ ਵਾਹਨਾਂ ਵਿੱਚ ਨਾ ਆ ਕੇ ਬੱਸਾਂ ਰਾਹੀਂ ਹੀ ਆਉਣ। ਉਨ੍ਹਾਂ ਕਿਹਾ ਕਿ ਮੰਦਰ ਪ੍ਰਸ਼ਾਸਨ ਵਲੋਂ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਸ਼ਰਧਾਲੂ ਸਿਰਫ ਚੁਣੀਆਂ ਹੋਈਆਂ ਥਾਵਾਂ ’ਤੇ ਹੀ ਆਪਣੇ ਵਾਹਨ ਪਾਰਕ ਕਰਨ।

ਉਨ੍ਹਾਂ ਨੇ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਦੂਜੇ ਤੋਂ ਬਣਦੀ ਦੂਰੀ (ਸੋਸ਼ਲ ਡਿਸਟੈਂਸਿੰਗ) ਅਤੇ ਸਹੀ ਢੰਗ ਨਾਲ ਮਾਸਕ ਪਾਉਣ ਦਾ ਖਾਸ ਧਿਆਨ ਰੱਖਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਬਿਮਾਰ, ਬਜੁਰਗਾਂ ਅਤੇ ਬੱਚੇ ਨਵਰਾਤਿਆਂ ਦੇ ਮੇਲਿਆਂ ਦੌਰਾਨ ਮੰਦਰ ਵਿੱਚ ਨਾ ਆਉਣ ਅਤੇ ਨਾਲ ਹੀ ਕਿਸੇ ਵੀ ਵਿਅਕਤੀ ਨੂੰ ਜੇਕਰ ਖੰਘ, ਜੁਖਾਮ, ਬੁਖਾਰ ਜਾਂ ਸਾਹ ਲੈਣ ਵਿੱਚ ਦਿੱਕਤ ਵਰਗੇ ਲੱਛਣ ਹਨ ਤਾਂ ਉਹ ਵੀ ਮੇਲਿਆਂ ਵਿੱਚ ਆਉਣ ਤੋਂ ਪਰਹੇਜ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਏਕਾਂਤਵਾਸ (ਆਈਸੋਲੇਟ) ਕੀਤਾ ਜਾਵੇਗੀ।

error: Content is protected !!