ਗੁਰਦਾਸਪੁਰ, 02 ਅਕਤੂਬਰ। ਇੰਡੀਅਨ ਜਰਨਲਿਸਟ ਯੂਨੀਅਨ ਦੇ ਸੱਦੇ ਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਦੀ ਗੁਰਦਾਸਪੁਰ ਇਕਾਈ ਵੱਲੋਂ 2 ਅਕਤੂਬਰ ਦੇ ਗਾਂਧੀ ਜਯੰਤੀ ਦੇ ਦਿਨ ਨੂੰ ਰੋਸ ਦਿਹਾੜੇ ਵਜੋਂ ਮਨਾਇਆ ਗਿਆ । ਕੇ.ਪੀ ਸਿੰਘ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੈਂਬਰਾਂ ਨੇ ਇਕੱਠ ਕੀਤਾ ਅਤੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸਮੇਤ ਅੱਜ ਦੇ ਹਾਲਾਤ ਤੇ ਚਰਚਾ ਕੀਤੀ ਗਈ । ਇਸ ਮੌਕੇ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਮੀਡੀਆ ਇੰਡਸਟਰੀ ਵੀ ਬੁਰੇ ਦੌਰ ਵਿੱਚੋਂ ਮਾਸਾਹਾਰੀ ਰਹੀ ਹੈ ਜਿਸ ਦਾ ਅਸਰ ਕਈ ਮੀਡੀਆ ਕਰਮੀਆਂ ਤੇ ਵੀ ਪਿਆ ।
ਸਰਕਾਰ ਨੇ ਮੀਡੀਆ ਇੰਡਸਟਰੀ ਲਈ ਨਾਂ ਤਾਂ ਕਿਸੇ ਰਾਹਤ ਪੈਕੇਜ ਦਾ ਐਲਾਨ ਕੀਤਾ ਅਤੇ ਨਾਂ ਹੀ ਕੋਈ ਮਾਲੀ ਸਹਾਇਤਾ ਹੀ ਦਿੱਤੀ । ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਰਾਜ ਸਰਕਾਰਾਂ ਸੰਕਟ ਦੇ ਇਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਮੀਡੀਆ ਕਰਮੀਆਂ ਦੀ ਮਦਦ ਕਰੇ । ਜਿਸ ਵਿੱਚ ਮੀਡੀਆ ਕਰਮੀਆਂ ਨੂੰ ਕਰੋਨਾ ਵਾਰੀਅਰ ਐਲਾਨਣ, ਮੀਡੀਆ ਕਰਮੀ ਦੇ ਕਰੋਨਾ ਪ੍ਰਭਾਵਿਤ ਹੋਣ ਤੇ ਮੁਫ਼ਤ ਇਲਾਜ, ਮੌਤ ਹੋਣ ਤੇ ਸ਼ਹੀਦ ਦਾ ਦਰਜਾ ਦੇਣ ਅਤੇ 50 ਲੱਖ ਦੀ ਮਾਲੀ ਸਹਾਇਤਾ ਦੇਣ ਅਤੇ ਮੀਡੀਆ ਕਰਮੀਆਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲਏ ਜਾਣ ਦੀ ਮੰਗ ਸ਼ਾਮਲ ਹੈ । ਇਸ ਮੌਕੇ ਖੇਤੀ ਸੁਧਾਰ ਐਕਟ ਤਹਿਤ ਬਣਾਏ ਕਾਨੂੰਨਾਂ ਬਾਰੇ ਵੀ ਮਤਾ ਪਾਸ ਕੀਤਾ ਗਿਆ ਕਿ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਕੇ ਇਨ੍ਹਾਂ ਕਾਨੂੰਨਾਂ ਵਿਚਲੀਆਂ ਖ਼ਾਮੀਆਂ ਨੂੰ ਦੂਰ ਕੀਤਾ ਜਾਵੇ । ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਯੂਪੀ ਦੇ ਹਾਥਰਸ ਵਿੱਚ ਦਲਿਤ ਲੜਕੀ ਨਾਲ ਹੋਏ ਜਬਰ ਜਿਨਾਹ ਦੀ ਘਟਨਾ ਤੇ ਵੀ ਗਹਿਰਾ ਦੁੱਖ ਪ੍ਰਗਟਾਇਆ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।
ਬੈਠਕ ਵਿੱਚ ਹਰਮਨਪ੍ਰੀਤ ਸਿੰਘ, ਰਣਬੀਰ ਆਕਾਸ਼, ਅਸ਼ਵਨੀ ਕੁਮਾਰ, ਨਿਖਿਲ ਕੁਮਾਰ, ਵਰਿੰਦਰ ਸਿੰਘ ਜਾਗੋਵਾਲ , ਸੰਦੀਪ ਕੁਮਾਰ, ਨੀਲ ਕਮਲ, ਰਵੀ ਕੁਮਾਰ, ਦੀਕਸ਼ਾਂਤ ਗੁਪਤਾ, ਹਰਦੀਪ ਸਿੰਘ, ਲਖਵਿੰਦਰ ਸਿੰਘ, ਰਵਿੰਦਰ ਸਿੰਘ, ਵਿਲਸਨ ਮਸੀਹ ਮੌਜੂਦ ਸਨ ।