CORONA ਗੁਰਦਾਸਪੁਰ

ਬਟਾਲਾ ਦੀ ਗਊਸ਼ਾਲਾ ਵਿਖੇ ਵਿਸ਼ੇਸ਼ ਗਊ ਭਲਾਈ ਕੈਂਪ ਲਗਾਇਆ

ਬਟਾਲਾ ਦੀ ਗਊਸ਼ਾਲਾ ਵਿਖੇ ਵਿਸ਼ੇਸ਼ ਗਊ ਭਲਾਈ ਕੈਂਪ ਲਗਾਇਆ
  • PublishedSeptember 26, 2020

ਕੈਬਨਿਟ ਮੰਤਰੀ ਬਾਜਵਾ ਨੇ ਗਊਸ਼ਾਲਾ ਪ੍ਰਬੰਧਕਾਂ ਨੂੰ ਮੁਫ਼ਤ ਦਵਾਈਆਂ ਭੇਂਟ ਕੀਤੀਆਂ

ਬਟਾਲਾ, 26 ਸਤੰਬਰ ( ਮੰਨਨ ਸੈਣੀ ) – ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਅੱਜ ਬਟਾਲਾ ਸ਼ਹਿਰ ਦੀ ਗਊਸ਼ਾਲਾ ਵਿਖੇ ਵਿਸ਼ੇਸ਼ ਗਊ ਭਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਮਾਜ ਸੇਵਾ ਦੇ ਖੇਤਰ ਦੀ ਉੱਘੀ ਸਖਸ਼ੀਅਤ ਮਹਾਸ਼ਾ ਗੋਕਲ ਚੰਦ, ਪੰਜਾਬ ਗਊ ਸੇਵਾ ਕਮਿਸ਼ਨ ਦੇ ਸੀ.ਈ.ਓ. ਡਾ. ਐੱਚ.ਐੱਸ. ਸੇਖੋਂ, ਡਾ. ਸੋਨੀ ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ, ਡਿਪਟੀ ਡਾਇਰੈਕਟ ਡਾ. ਸ਼ਾਮ ਸਿੰਘ, ਡਾ. ਸਰਬਜੀਤ ਸਿੰਘ ਰੰਧਾਵਾ, ਡਾ. ਮਨਬੀਰ ਸਿੰਘ, ਅਸ਼ੋਕ ਅਗਰਵਾਲ, ਸ਼ਕਤੀ ਖੁੱਲਰ, ਜੇ.ਐੱਨ. ਸ਼ਰਮਾਂ, ਰਾਜੇਸ਼ ਸ਼ਰਮਾਂ, ਪਦਮ ਕੋਹਲੀ, ਸੋਹਨ ਲਾਲ ਪ੍ਰਭਾਕਰ, ਮਨਮੋਹਨ ਕਪੂਰ, ਕੇ.ਐੱਲ. ਗੁਪਤਾ, ਦਵਿੰਦਰ ਭਨੋਟ, ਪਵਨ ਮਹਾਜਨ, ਹਰਪਾਲ ਸਿੰਘ ਤੇ ਹੋਰ ਪਤਵੰਤੇ ਸ਼ਹਿਰੀ ਵੀ ਹਾਜ਼ਰ ਸਨ।

ਗਊ ਭਲਾਈ ਕੈਂਪ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 25 ਹਜ਼ਾਰ ਰੁਪਏ ਦੀਆਂ ਦਵਾਈਆਂ ਗਊਸ਼ਾਲਾ ਪ੍ਰਬੰਧਕਾਂ ਨੂੰ ਭੇਂਟ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ 200 ਗਊਸ਼ਾਲਾਂ ਨੂੰ ਇਹ ਦਵਾਈਆਂ ਬਿਲਕੁਲ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਮੰਗ ’ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਬਟਾਲਾ ਅਤੇ ਫ਼ਤਹਿਗੜ੍ਹ ਚੂੜੀਆਂ ਦੀਆਂ ਗਊਸ਼ਾਲਾ ਨੂੰ ਇੱਕ-ਇੱਕ ਐਂਬੂਲੈਂਸ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਟਾਲਾ ਦੀ ਗਊਸ਼ਾਲਾ ਵਿਖੇ ਇੱਕ ਨਵਾਂ ਸ਼ੈੱਡ ਬਣਾਇਆ ਜਾਵੇਗਾ ਅਤੇ ਇੱਕ ਜਨਰੇਟਰ ਸੈੱਟ ਵੀ ਦਿੱਤਾ ਜਾਵੇਗਾ।

ਸ. ਬਾਜਵਾ ਨੇ ਕਿਹਾ ਕਿ ਗਊ ਧੰਨ ਦੀ ਸੇਵਾ ਬਹੁਤ ਮਹਾਨ ਕਾਰਜ ਹੈ ਅਤੇ ਬਟਾਲਾ ਸ਼ਹਿਰ ਵਿਖੇ ਮਹਾਸ਼ਾ ਗੋਕਲ ਚੰਦ ਜੀ ਦੀ ਰਹਿਨੁਮਾਈ ਹੇਠ ਇਹ ਸੇਵਾ ਦਾ ਕੁੰਭ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੈਨਿਕ ਪ੍ਰਾਥਨਾ ਸਭਾ ਵਲੋਂ ਜਿਥੇ ਗਊਸ਼ਾਲਾ ਚਲਾ ਕੇ ਬੇ-ਜ਼ੁਬਾਨੇ ਜਾਨਵਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਓਥੇ ਸੇਵਾ ਦੇ ਹੋਰਨਾਂ ਖੇਤਰਾਂ ਵਿੱਚ ਵੀ ਸਭਾ ਦੀਆਂ ਸੇਵਾਵਾਂ ਲਾ-ਮਿਸਾਲ ਹਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਾਸੀਆਂ ਦੇ ਵੱਡੇ ਭਾਗ ਹਨ ਕਿ ਮਹਾਸ਼ਾ ਗੋਕਲ ਚੰਦ ਜੀ ਵਰਗੇ ਸੰਤ ਰੂਪੀ ਮਹਾਂਪੁਰਸ਼ ਦਿਨ ਰਾਤ ਸਮਾਜ ਸੇਵਾ ਕਰਕੇ ਬੇਅੰਤ ਲੋਕਾਂ ਦਾ ਭਲਾ ਕਰ ਰਹੇ ਹਨ।

ਇਸ ਮੌਕੇ ਮਹਾਸ਼ਾ ਗੋਕਲ ਚੰਦ ਜੀ ਨੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਬਟਾਲਾ ਸ਼ਹਿਰ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸ. ਬਾਜਵਾ ਨੇ ਨੇਕ ਨੀਤੀ ਨਾਲ ਸ਼ਹਿਰ ਦਾ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਰ ਲੈਣ ਲਈ ਸਮੂਹ ਸ਼ਹਿਰ ਵਾਸੀ ਸ. ਬਾਜਵਾ ਦੇ ਧੰਨਵਾਦੀ ਹਨ। ਉਨ੍ਹਾਂ ਦੈਨਿਕ ਪ੍ਰਾਥਨਾ ਸਭਾ ਦੇ ਸੇਵਾ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਸ. ਬਾਜਵਾ ਦੀ ਸ਼ਲਾਘਾ ਕੀਤੀ।

Written By
The Punjab Wire