ਬੇਰੁਜ਼ਗਾਰ ਨੌਜਵਾਨ ਆਪਣਾ ਨਾਮ ਰਜਿਸਟਰਡ ਕਰਕੇ ਰੁਜ਼ਗਾਰ ਮੇਲਿਆਂ ਰਾਹੀਂ ਰੁਜ਼ਗਾਰ ਹਾਸਲ ਕਰਨ – ਐੱਸ.ਡੀ.ਐੱਮ. ਬਟਾਲਾ
ਬਟਾਲਾ, 26 ਸਤੰਬਰ ( ਮੰਨਨ ਸੈਣੀ)। ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਮੈਗਾ ਰੁਜ਼ਗਾਰ ਮੇਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਨ ਵਿੱਚ ਸਹਾਈ ਹੋ ਰਹੇ ਹਨ। ਅੱਜ ਬਟਾਲਾ ਸ਼ਹਿਰ ਦੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਪੀ.ਟੀ.ਯੂ. ਕੈਂਪਸ ਵਿਖੇ ਲੱਗੇ ਰੁਜ਼ਗਾਰ ਮੇਲੇ ਵਿੱਚ 665 ਨੌਜਵਾਨਾਂ ਨੇ ਰੁਜ਼ਗਾਰ ਹਾਸਲ ਕੀਤਾ ਹੈ। ਇਸ ਰੁਜ਼ਗਾਰ ਮੇਲੇ ਵਿੱਚ ਕੁੱਲ 784 ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਦੇ ਭਾਗ ਲਿਆ ਸੀ, ਜਿਨ੍ਹਾਂ ਵਿੱਚ 521 ਲੜਕਿਆਂ ਅਤੇ 144 ਲੜਕੀਆਂ ਨੇ ਵੱਖ-ਵੱਖ ਕੰਪਨੀਆਂ ਵਿੱਚ ਨੌਂਕਰੀ ਹਾਸਲ ਕੀਤੀ ਹੈ।
ਬਟਾਲਾ ਦੇ ਐੱਸ.ਡੀ.ਐੱਮ. ਸ. ਬਲਵਿੰਦਰ ਸਿੰਘ ਇਸ ਰੁਜ਼ਗਾਰ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ, ਪਲੇਸਮੈਂਟ ਅਫ਼ਸਰ ਵਰੁਨ ਜੋਸ਼ੀ, ਗਗਨ ਧਾਲੀਵਾਲ, ਸਰਕਾਰੀ ਬਹੁਤਕਨੀਕੀ ਕਾਲਜ ਦੇ ਪਲੇਸਮੈਂਟ ਅਫ਼ਸਰ ਜਸਬੀਰ ਸਿੰਘ ਵੀ ਹਾਜ਼ਰ ਸਨ।
ਐੱਸ.ਡੀ.ਐੱਮ. ਬਟਾਲਾ ਨੇ ਨੌਂਕਰੀ ਲਈ ਚੁਣੇ ਗਏ ਨੌਜਵਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰੁਜ਼ਗਾਰ ਦੀ ਇਹ ਸ਼ੁਰੁਆਤ ਉਨ੍ਹਾਂ ਨੂੰ ਉੱਚੇ ਮੁਕਾਮਾਂ ’ਤੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਦੇਸ਼ ਦੀਆਂ ਨਾਮੀ ਕੰਪਨੀਆਂ ਨੌਜਵਾਨਾਂ ਕੋਲ ਖੁਦ ਨੌਂਕਰੀਆਂ ਲੈ ਕੇ ਪਹੁੰਚੀਆਂ ਹਨ ਅਤੇ ਹੁਨਰ ਤੇ ਕਾਬਲੀਅਤ ਦੇ ਅਨੁਸਾਰ ਨੌਜਵਾਨਾਂ ਦੀ ਮੈਰਿਟ ’ਤੇ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਅਜੇ ਵੀ ਬੇਰੁਜ਼ਗਾਰ ਹਨ ਉਹ ਆਪਣਾ ਨਾਮ ਰੋਜ਼ਗਾਰ ਦਫ਼ਤਰ ਵਿਖੇ ਰਜਿਸਟਰਡ ਕਰਾਉਣ ਅਤੇ ਆਉਣ ਵਾਲੇ ਸਮੇਂ ਵਿੱਚ ਲੱਗਣ ਵਾਲੇ ਰੋਜ਼ਗਾਰ ਮੇਲੇ ਵਿੱਚ ਭਾਗ ਲੈ ਕੇ ਰੁਜ਼ਗਾਰ ਹਾਸਲ ਕਰਨ।
ਇਸ ਮੌਕੇ ਉਨ੍ਹਾਂ ਰੁਜ਼ਗਾਰ ਮੇਲੇ ਦੀ ਕਾਮਯਾਬੀ ਲਈ ਰੁਜ਼ਗਾਰ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਤੇ ਸ਼ਾਬਾਸ਼ ਵੀ ਦਿੱਤੀ।