ਪੰਜਾਬ

ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਨਾਲ ਸਬੰਧਿਤ ਕਿਰਿਆਵਾਂ ਜ਼ਰੂਰੀ ਕਰਨ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਨਾਲ ਸਬੰਧਿਤ ਕਿਰਿਆਵਾਂ ਜ਼ਰੂਰੀ ਕਰਨ ਦਾ ਫ਼ੈਸਲਾ
  • PublishedSeptember 21, 2020

ਚੰਡੀਗੜ੍ਹ, 21 ਸਤੰਬਰ-ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਨਾਲ ਸਬੰਧਿਤ ਕਿਰਿਆਵਾਂ ਜ਼ਰੂਰੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਨਿਰਣਾ ਕੋਵਿਡ-19 ਤੋਂ ਬਾਅਦ ਸਕੂਲ ਖੁਲ੍ਹਣ ’ਤੇ ਲਾਗੂ ਹੋਵੇਗਾ।

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੇ ਇਸ ਸਬੰਧ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਬੁਲਾਰੇ ਦੇ ਅਨੁਸਾਰ ਪਹਿਲੀ ਤੋਂ ਲੈ ਕੇ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਲਈ ਸਰੀਰਕ ਕਿਰਿਆਵਾਂ ਵਾਸਤੇ ਵੱਖ ਵੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਸਰੀਰਕ ਕਿਰਿਆਵਾਂ ਦੇ ਨਾਲ ਵਿਦਿਆਰਥੀਆਂ ਦਾ ‘ਖੇਡੋ ਪੰਜਾਬ, ਵਧੋ ਪੰਜਾਬ’ ਹੇਠ ਮੁਕੰਮਲ ਜਾਂਚ ਮੁਲਾਂਕਣ ਦਾ ਟੈਸਟ ਲਿਆ ਜਾਇਆ ਕਰੇਗਾ।

ਬੁਲਾਰੇ ਦੇ ਅਨੁਸਾਰ ਵਿਦਿਆਰਥੀਆਂ ਲਈ ਸਰੀਰਕ ਕਿਰਿਆਵਾਂ ਸ਼ੁਰੂ ਕਰਨ ਦਾ ਉਦੇਸ਼ ਉਨ੍ਹਾਂ ਦੇ ਅੰਦਰ ਛੁਪੀ ਪ੍ਰਤੀਭਾ ਨੂੰ ਪਹਿਚਾਣਨਾ, ਉਨ੍ਹਾਂ ਦੇ ਸਰਵ ਪੱਖੀ ਵਿਕਾਸ ਨੂੰ ਯਕੀਨੀ ਬਨਾਉਣਾ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਹੈ। ਇਸ ਦਾ ਮਕਸਦ ਪ੍ਰਤੀਭਾਸ਼ਾਲੀ ਖਿਡਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਖੇਡਾਂ ਸਬੰਧੀ ਉੱਚ ਪੱਧਰੀ ਪਲੇਟ ਫਾਰਮ ਪ੍ਰਦਾਨ ਕਰਨਾ ਵੀ ਹੈ। ਬੁਲਾਰੇ ਅਨੁਸਾਰ ਇਨ੍ਹਾਂ ਸਰੀਰਕ ਕਿਰਿਆਵਾਂ ਨਾਲ ਵਿਦਿਆਰਥੀ ਸਰੀਰਕ ਤੌਰ ’ਤੇ ਤੰਦਰੁਸਤ ਹੋਣ ਦੇ ਨਾਲ ਨਾਲ ਉਨ੍ਹਾਂ ਵਿੱਚ ਲੱਚਕਤਾ ਵਧੇਗੀ ਅਤੇ ਉਨ੍ਹਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ। ਇਸ ਨਾਲ ਵਿਦਿਆਰਥੀਆਂ ਵਿੱਚ ਸ਼ਹਿਣਸ਼ੀਲਤਾ, ਇਕਾਗਰਤਾ ਤੇ ਪੜ੍ਹਾਈ ਪ੍ਰਤੀ ਦਿਲਚਸਪੀ ਵਾਧਾ ਹੋਵਗਾ ਅਤੇ ਸਰੀਰਕ ਸੰਤੁਲਣ ਪੈਦਾ ਹੋਣ ਤੋਂ ਇਲਾਵਾ ਉਨ੍ਹਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਹੋਵੇਗੀ।

Written By
The Punjab Wire