ਬਠਿੰਡਾ ਫਾਰਮਾ ਪਾਰਕ ਮੈਡੀਸਨ ਸੈਕਟਰ ’ਚ ਚੀਨ ਦੀ ਇਜਾਰੇਦਾਰੀ ਤੋੜੇਗਾ: ਮਨਪ੍ਰੀਤ ਸਿੰਘ ਬਾਦਲ
ਚੰਡੀਗੜ, 18 ਸਤੰਬਰ:ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੂਰਨ ਉਮੀਦ ਹੈ ਕਿ ਭਾਰਤ ਵਿੱਚ ਸਥਾਪਤ ਕੀਤੇ ਜਾਣ ਵਾਲੇ ਤਿੰਨ ਫਾਰਮਾ ਪਾਰਕਾਂ ਵਾਲੀਆਂ ਥਾਵਾਂ ਵਿੱਚੋਂ ਬਠਿੰਡਾ ਪ੍ਰਮੁੱਖ ਸਥਾਨ ਬਣ ਕੇ ਉਭਰੇਗਾ, ਜੋ ਚੀਨ ਦੇ ਦਵਾਈ ਨਿਰਮਾਤਾਵਾਂ ਦੀ ਇਜਾਰੇਦਾਰੀ ਨੂੰ ਖ਼ਤਮ ਕਰਨ ਵਿੱਚ ਸਹਾਈ ਸਿੱਧ ਹੋਵੇਗਾ।ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਉੱਤਰ-ਪੱਛਮੀ ਭਾਰਤ ਵਿੱਚ ਇਕ ਆਦਰਸ਼ ਸਥਾਨ ਹੈ। ਇਹ ਇਕ ਅਜਿਹੀ ਜਗਾ ਹੈ, ਜਿਥੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਇਲਾਵਾ ਉੱਤਰੀ ਭਾਰਤ ਦੇ ਹੋਰ ਸੂਬਿਆਂ ਵਿੱਚ ਪਹੁੰਚ ਬੇਹੱਦ ਆਸਾਨ ਹੈ।
ਪੰਜਾਬ ਵਿੱਚ ਦਵਾਈ ਨਿਰਮਾਣ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਵੱਡੀ ਸਮਰੱਥਾ ਹੈ।ਬਠਿੰਡਾ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਜਿਸ ਜਗਾ ਪਹਿਲਾਂ ਥਰਮਲ ਪਲਾਂਟ ਸਥਾਪਤ ਸੀ ਉਹ 1300 ਏਕੜ ਜ਼ਮੀਨ ਹੁਣ ਫਾਰਮਾ ਪਾਰਕ ਲਈ ਉਪਲਬਧ ਹੈ। ਇਸ ਤੋਂ ਇਲਾਵਾ ਬਠਿੰਡਾ ਦੀ ਤੇਲ ਰਿਫਾਇਨਰੀ ਵੀ ਇਸ ਪਾਰਕ ਲਈ ਕਾਰਗਰ ਸਿੱਧ ਹੋਵੇਗੀ ਕਿਉਂਕਿ ਇਸ ਦੇ ਬਹੁਤ ਸਾਰੇ ਉਤਪਾਦ ਫਾਰਮਾ ਉਦਯੋਗ ਦੇ ਵਾਂਗ ਹੀ ਹਨ। ਇਸ ਦੇ ਨਾਲ ਹੀ ਬਠਿੰਡਾ ਵਿੱਚ ਆਲ ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਤੋਂ ਇਲਾਵਾ ਸੜਕ, ਰੇਲ ਅਤੇ ਹਵਾਈ ਸੰਪਰਕ ਦੀਆਂ ਬਿਹਤਰੀਨ ਸੇਵਾਵਾਂ ਮੌਜੂਦ ਹਨ । ਉਨਾਂ ਕਿਹਾ ਕਿ ਰੇਲਵੇ ਸੇਵਾ, ਜੋ ਪਹਿਲਾਂ ਥਰਮਲ ਪਲਾਂਟ ਲਈ ਵਰਤੀ ਜਾਂਦੀ ਸੀ, ਫਾਰਮਾ ਉਦਯੋਗ ਸਬੰਧੀ ਆਵਾਜਾਈ ਲਈ ਵਰਤੀ ਜਾ ਸਕਦੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਐਲਾਨ ਮੁਤਾਬਕ ਕੇਂਦਰ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਅਤੇ ਬਾਕੀ ਖਰਚੇ ਸੂਬਾ ਸਰਕਾਰ ਵੱਲੋਂ ਉਠਾਏ ਜਾਣ ਦੀ ਉਮੀਦ ਕਰ ਰਿਹਾ ਹੈ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਲਾਂਟ ਸਥਾਪਤ ਕਰੇਗੀ। ਇਹ ਨਾ ਸਿਰਫ ਮਾਲਵਾ ਖਿੱਤੇ ਦੀ ਆਰਥਿਕਤਾ ਵਿੱਚ ਯੋਗਦਾਨ ਪਾਵੇਗਾ ਸਗੋਂ ਪੰਜਾਬ ਦੇ ਉਦਯੋਗ ਦੀ ਨੁਹਾਰ ਹੀ ਬਦਲ ਦੇਵੇਗਾ।