ਚੰਡੀਗੜ੍ਹ, 14 ਸਤੰਬਰ: ਮਿਡ-ਡੇਅ-ਮੀਲ ਵਰਕਰਾਂ ਤੇ ਹੋਰ ਸਟਾਫ਼ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ‘ਮੈਟਰਨਿਟੀ ਬੈਨੀਫ਼ਿਟ ਐਕਟ’ ਤਹਿਤ ਪ੍ਰਸੂਤਾ ਛੁੱਟੀ ਦਾ ਲਾਭ ਇਨ੍ਹਾਂ ਵਰਕਰਾਂ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮਿਡ-ਡੇਅ-ਮੀਲ ਪੂਰੀ ਤਰ੍ਹਾਂ ਸਰਕਾਰੀ ਫ਼ੰਡ ਆਧਾਰਤ ਸਕੀਮ ਹੈ ਅਤੇ ਇਸ ਸਕੀਮ ਅਧੀਨ ਸਾਰੀਆਂ ਮਹਿਲਾ ਮੁਲਾਜ਼ਮ ਪ੍ਰਸੂਤਾ ਛੁੱਟੀ ਦਾ ਲਾਭ ਲੈਣ ਦੀਆਂ ਹੱਕਦਾਰ ਹੋਣਗੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ ਪਰ ਲਾਭਪਾਤਰੀ ਮੁਲਾਜ਼ਮਾਂ ਨੂੰ ਇਸ ਸਬੰਧੀ ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਕਰਨੀ ਪਵੇਗੀ।
ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਸਮੂਹ ਦੱਬੇ-ਕੁਚਲੇ ਵਰਗਾਂ ਦੀ ਭਲਾਈ ਤੇ ਤਰੱਕੀ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਵੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਤਕਨੀਕਾਂ ਰਾਹੀਂ ਪੜ੍ਹਾਉਣ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਤੋਂ ਇਲਾਵਾ 6 ਹਜ਼ਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਸੁਧਾਰਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਉਸਾਰੂ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 15 ਫ਼ੀਸਦੀ ਵਧੀ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਾਅ ਦੌਰਾਨ ਸਰਕਾਰੀ ਸਕੂਲ ਅਧਿਆਪਕ ਇੰਟਰਨੈੱਟ ਦੀ ਮਦਦ ਨਾਲ ਵਿਦਿਆਰਥੀਆਂ ਦੀਆਂ ਬਾਕਾਇਦਾ ਆਨਲਾਈਨ ਕਲਾਸਾਂ ਲੈ ਰਹੇ ਹਨ। ਇਸ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਦੂਰਦਰਸ਼ਨ ਸਣੇ ਹੋਰ ਟੀ.ਵੀ. ਚੈਨਲਾਂ ਦੀ ਸਹਾਇਤਾ ਨਾਲ ਕਲਾਸਾਂ ਦਾ ਪ੍ਰਸਾਰਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਕਲਾਸਾਂ ਤੋਂ ਇਲਾਵਾ ਵਿਭਾਗ ਨੇ ਵਿਦਿਆਰਥੀਆਂ ਦੇ ਕਈ ਤਰ੍ਹਾਂ ਦੇ ਆਨਲਾਈਨ ਮੁਕਾਬਲੇ ਵੀ ਸ਼ੁਰੂ ਕੀਤੇ ਹਨ ਅਤੇ ਵਿਦਿਆਰਥੀਆਂ ਨੂੰ ਬਾਕਾਇਦਾ ਸਰਗਰਮ ਸ਼ਮੂਲੀਅਤ ਲਈ ਉਤਸ਼ਾਹਤ ਵੀ ਕੀਤਾ ਜਾ ਰਿਹਾ ਹੈ।