ਸਿੱਖਿਆ ਅਧਿਕਾਰੀਆਂ ਵੱਲੋਂ ਪੰਜਾਬ ਅਚੀਵਮੈਂਟ ਸਰਵੇ ਲਈ ਕਮਰਕੱਸੇ

ਸਕੂਲ ਮੁੱਖੀਆਂ ਨਾਲ ਵੀਡੀਓ ਕਾਨਫਰੰਸ ਕਰਕੇ ਪੜ੍ਹਾਅਵਾਰ ਮੀਟਿੰਗ ਕੀਤੀ

ਗੁਰਦਾਸਪੁਰ 11 ਸਤੰਬਰ (ਮੰਨਨ ਸੈਣੀ )। ਕੋਵਿਡ 19 ਕਰੋਨਾ ਨੇ ਜਿੱਥੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ , ਉੱਥੇ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆਨ-ਲਾਈਨ ਸਿੱਖਿਆ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਦਾ ਪੰਜਾਬ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ। ਜਿਸ ਲਈ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਸੌ ਫੀਸਦੀ ਸ਼ਮੂਲੀਅਤ ਲਈ ਕਮਰ ਕੱਸ ਲਈ ਹੈ। ਇਸ ਦੇ ਚੱਲਦਿਆਂ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲ ਮੁੱਖੀਆਂ ਨਾਲ ਪੜ੍ਹਾਅਵਾਰ ਵੀਡੀਓ ਕਾਨਫਰੰਸ ਕਰਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਨਾਲ ਵੀਡੀਓ ਕਾਨਫਰੰਸ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਅਚੀਵਮੈਂਟ ਸਰਵੇ ਵਿੱਚ ਬੱਚਿਆਂ ਦੀ ਸੌ ਫੀਸਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਅਚੀਵਮੈਂਟ ਸਰਵੇ ਨਾਲ ਬੱਚੇ ਦਾ ਸਰਵਪੱਖੀ ਵਿਕਾਸ ਹੋਵੇਗਾ , ਜਿਸ ਨਾਲ ਬੱਚਿਆ ਨੂੰ ਸਲਾਨਾ ਪੇਪਰ ਦੀ ਤਿਆਰੀ ਕਰਨ ਵਿੱਚ ਮਦਦ ਮਿਲੇਗੀ। ਇਸ ਦੌਰਾਨ ਉਨ੍ਹਾਂ ਸਕਾਲਰਸ਼ਿਪ , ਸਮਾਰਟ ਸਕੂਲ ਤੇ ਕਿਤਾਬਾਂ ਸੰਬੰਧੀ ਵੇਰਵੇ ਪੋਰਟਲ ਤੇ ਅਪਡੇਟ ਕਰਨ ਲਈ ਕਿਹਾ। ਇਸ ਮੌਕੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸੁਰਜੀਤ ਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ , ਸਕੂਲ ਮੁੱਖੀਆਂ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਲਗਾਤਾਰ ਵੀਡੀਓ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੌ ਫੀਸਦੀ ਬੱਚੇ ਇਸ ਸਰਵੇ ਵਿੱਚ ਹਿੱਸਾ ਲੈਣ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅਧਿਆਪਕਾਂ ਦਾ ਰਿਸੋਰਸ ਗਰੁੱਪ ਬਣਾਇਆ ਹੈ ਜੋ ਕਿ ਲਗਾਤਾਰ ਵਧੀਆਂ , ਆਕਰਸ਼ਕ ਤੇ ਗਿਆਨ ਭਰਪੂਰ ਵੀਡੀਓ ਬਣਾ ਕੇ ਸਕੂਲ ਮੁੱਖੀਆ ਨੂੰ ਭੇਜਦੇ ਹਨ ਜੋ ਕਿ ਬੱਚਿਆ ਲਈ ਕਾਰਗਾਰ ਸਾਬਤ ਹੋ ਰਹੀਆਂ ਹਨ। ਇਸ ਦੇ ਨਾਲ ਨਾਲ ਗੁਰਦਾਸਪੁਰ ਦੇ ਅਧਿਆਪਕਾਂ ਦੇ ਤਿਆਰ ਕੀਤੇ ਪਾਠ ਡੀ.ਡੀ. ਪੰਜਾਬੀ ਤੇ ਵੀ ਪ੍ਰਸਾਰਿਤ ਹੋ ਰਹੇ ਹਨ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਮਿਹਨਤ ਤੇ ਲਗਨ ਨਾਲ ਕੰਮ ਕਰਨ ਤਾਂ ਜੋ ਜ਼ਿਲ੍ਹੇ ਗੁਰਦਾਸਪੁਰ ਨੂੰ ਪੰਜਾਬ ਵਿੱਚੋਂ ਅੱਵਲ ਬਣਾਇਆ ਜਾ ਸਕੇ। ਇਸ ਮੌਕੇ ਡਿਪਟੀ ਡੀ.ਈ.ਓ.ਸੈਕੰ: ਲਖਵਿੰਦਰ ਸਿੰਘ , ਸ਼ੁਰੇਸ਼ ਸੈਣੀ , ਡਿਪਟੀ ਡੀ.ਈ.ਓ ਐਲੀ: ਬਲਬੀਰ ਸਿੰਘ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਪਵਨ ਕੁਮਾਰ , ਡੀ.ਐਮ. ਗੁਰਨਾਮ ਸਿੰਘ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ ਹਾਜ਼ਰ ਸਨ।

Thepunjabwire
  •  
  •  
  •  
  •  
  •  
  •  
  •  
  •  
  •  
  •  
error: Content is protected !!