ਮਿਲਕ ਪਲਾਂਟ ਗੁਰਦਾਸਪੁਰ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਦੀ ਅਹਿਮ ਬੈਠਕ
ਪਲਾਂਟ ਦੀ ਤਰੱਕੀ ਅਤੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ
ਗੁਰਦਾਸਪੁਰ, 29 ਅਪ੍ਰੈਲ 2026 (ਮੰਨਨ ਸੈਣੀ)। ਮਿਲਕ ਪਲਾਂਟ ਗੁਰਦਾਸਪੁਰ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਦੀ ਬੈਠਕ ਕਰਵਾਈ ਗਈ। ਬੈਠਕ ਦੀ ਪ੍ਰਧਾਨਗੀ ਮਿਲਕ ਪਲਾਂਟ ਦੇ ਚੇਅਰਮੈਨ ਸੁਰਿੰਦਰ ਸ਼ਰਮਾ ਨੇ ਕੀਤੀ, ਜਦੋਂਕਿ ਮਿਲਕ ਫ਼ੈੱਡ ਪੰਜਾਬ ਦੇ ਡਾਇਰੈਕਟਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਬੈਠਕ ਵਿੱਚ ਮਿਲਕ ਪਲਾਂਟ ਦੀ ਤਰੱਕੀ ਅਤੇ ਬਿਹਤਰੀ ਲਈ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਕਿਸਾਨ ਦੁੱਧ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਬਿਹਤਰ ਜ਼ਿੰਦਗੀ ਬਸਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਯਤਨ ਰਹੇਗਾ ਕਿ ਪਲਾਂਟ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ। ਪਾਹੜਾ ਨੇ ਕਿਹਾ ਕਿ ਪਲਾਂਟ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਪਲਾਂਟ ਵਿੱਚ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਦੀ ਗੁਣਵੱਤਾ ਨੂੰ ਹੋਰ ਵੀ ਉੱਚਾ ਚੁੱਕਣ ਦੇ ਯਤਨ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਉੱਚ ਗੁਣਵੱਤਾ ਵਾਲਾ ਸਾਮਾਨ ਮਿਲ ਸਕੇ। ਉਨ੍ਹਾਂ ਬੋਰਡ ਆਫ਼ ਡਾਇਰੈਕਟਰਜ਼ ਦੇ ਸੁਝਾਅ ਲਏ ਅਤੇ ਉਨ੍ਹਾਂ ‘ਤੇ ਅਮਲ ਕਰਨ ਦਾ ਭਰੋਸਾ ਦਿਵਾਇਆ।
ਬੈਠਕ ਦੇ ਅੰਤ ਵਿੱਚ ਚੇਅਰਮੈਨ ਸੁਰਿੰਦਰ ਸ਼ਰਮਾ ਨੇ ਸਾਰੇ ਡਾਇਰੈਕਟਰਾਂ ਅਤੇ ਖ਼ਾਸ ਤੌਰ ‘ਤੇ ਐਡਵੋਕੇਟ ਬਲਜੀਤ ਸਿੰਘ ਪਾਹੜਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਨਾਲ ਗੁਰਦਾਸਪੁਰ ਮਿਲਕ ਪਲਾਂਟ ਨਾ ਕੇਵਲ ਆਤਮਨਿਰਭਰ ਬਣੇਗਾ, ਸਗੋਂ ਖੇਤਰ ਦੇ ਦੁੱਧ ਕਿਸਾਨਾਂ ਨੂੰ ਵੀ ਮਜ਼ਬੂਤ ਆਰਥਿਕ ਸੁਰੱਖਿਆ ਮਿਲੇਗੀ।