ਮੁੱਖ ਖ਼ਬਰ

ਟਰਾਂਸਫਾਰਮਰ ਵਾਲੇ ਖੰਬੇ ਵਿੱਚ ਵੱਜੀ ਕਾਰ- ਅੱਧੇ ਸ਼ਹਿਰ ਦੀ ਬਿਜਲੀ ਗੁੱਲ- ਪਾਵਰਕੌਮ ਦਾ ਲੱਖਾਂ ਦਾ ਨੁਕਸਾਨ, ਸੀਸੀਟੀਵੀ ਵੀ ਆਈ ਸਾਹਮਣੇ

ਟਰਾਂਸਫਾਰਮਰ ਵਾਲੇ ਖੰਬੇ ਵਿੱਚ ਵੱਜੀ ਕਾਰ- ਅੱਧੇ ਸ਼ਹਿਰ ਦੀ ਬਿਜਲੀ ਗੁੱਲ- ਪਾਵਰਕੌਮ ਦਾ ਲੱਖਾਂ ਦਾ ਨੁਕਸਾਨ, ਸੀਸੀਟੀਵੀ ਵੀ ਆਈ ਸਾਹਮਣੇ
  • PublishedApril 25, 2026

ਮੌਹੱਲਾ ਨਿਵਾਸੀਆਂ ਦਾ ਦੋਸ਼ — ਸ਼ਰਾਬੀ ਹਾਲਤ ਵਿੱਚ ਸੀ ਪੁਲਿਸ ਕਰਮਚਾਰੀ; ਮੁਲਾਹਜ਼ੇ ਦੀ ਮੰਗ ਨੂੰ ਲੈ ਕੇ ਹੋਇਆ ਹੰਗਾਮਾ

ਗੁਰਦਾਸਪੁਰ, 25 ਅਪ੍ਰੈਲ 2026 (ਮੰਨਨ ਸੈਣੀ)। ਸ਼ਹਿਰ ਦੇ ਪ੍ਰੇਮ ਨਗਰ ਰੋਡ ਉੱਤੇ ਦੇਰ ਰਾਤ ਉਸ ਵੇਲੇ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਪੰਜਾਬ ਪੁਲਿਸ ਦੇ ਇੱਕ ਕਰਮਚਾਰੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਕਾਰ ਟਰਾਂਸਫਾਰਮਰ ਵਾਲੇ ਖੰਬੇ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਖੰਬਾ ਪੂਰੀ ਤਰ੍ਹਾਂ ਡਿੱਗ ਗਿਆ ਅਤੇ ਉਸ ਉੱਤੇ ਲੱਗੇ ਦੋਵੇਂ ਟਰਾਂਸਫਾਰਮਰ ਟੁੱਟ ਕੇ ਹੇਠਾਂ ਆ ਪਏ। ਦੂਰ ਤੱਕ ਤਾਰਾਂ ਟੁੱਟ ਕੇ ਸੜਕ ਵਿਚਕਾਰ ਖਿੱਲਰ ਗਈਆਂ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਤੇਜ਼ ਰਫ਼ਤਾਰ ਵਿੱਚ ਸੀ। ਇੱਕ ਹੋਰ ਕਾਰ ਨੂੰ ਕਰਾਸ ਕਰਨ ਤੋਂ ਬਾਅਦ ਉਸ ਦੀ ਕਾਰ ਸਿੱਧੀ ਖੰਬੇ ਨਾਲ ਜਾ ਵੱਜੀ। ਟੱਕਰ ਤੋਂ ਬਾਅਦ ਅੱਗ ਦਾ ਭਾਂਬੜ ਉੱਠਦਾ ਵੀ ਫੁਟੇਜ ਵਿੱਚ ਸਾਫ਼ ਦਿਖਾਈ ਦਿੰਦਾ ਹੈ। ਦੁਰਘਟਨਾ ਵਿੱਚ ਕਾਰ ਬੁਰੀ ਤਰ੍ਹਾਂ ਖਰਾਬ ਹੋ ਗਈ ਅਤੇ ਪੁਲਿਸ ਅਧਿਕਾਰੀ ਨੂੰ ਵੀ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਅੱਧੇ ਸ਼ਹਿਰ ਦੀ ਬਿਜਲੀ ਬੰਦ ਹੋ ਗਈ, ਜਿਸ ਨੂੰ ਬਹਾਲ ਕਰਨ ਵਿੱਚ ਬਿਜਲੀ ਮਹਿਕਮੇਂ ਦੇ ਅਧਿਕਾਰੀ ਲੱਗੇ ਹੋਏ ਹਨ।

ਮੌਕੇ ਉੱਤੇ ਪਹੁੰਚੇ ਥਾਣਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਅਤੇ ਗੁੱਸਾਏ ਇਲਾਕਾ ਨਿਵਾਸੀਆਂ ਵਿੱਚ ਮੁਲਾਜੇ ਨੂੰ ਲੈ ਕੇ ਖ਼ੂਬ ਬਹਿਸਬਾਜ਼ੀ ਹੋਈ।

ਮੌਕੇ ਉੱਤੇ ਪਹੁੰਚੇ ਪਾਵਰਕੌਮ ਦੇ ਜੇਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਦੁਰਘਟਨਾ ਵਿੱਚ ਦੋਵੇਂ ਟਰਾਂਸਫਾਰਮਰ, ਖੰਬਾ ਅਤੇ ਕਾਫ਼ੀ ਤਾਰਾਂ ਟੁੱਟ ਜਾਣ ਕਾਰਨ ਵਿਭਾਗ ਦਾ ਸੱਤ ਤੋਂ ਅੱਠ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਖੰਬੇ ਤੋਂ ਦੋ ਫੀਡਰਾਂ ਰਾਹੀਂ ਅੱਧੇ ਸ਼ਹਿਰ ਨੂੰ ਬਿਜਲੀ ਸਪਲਾਈ ਹੁੰਦੀ ਸੀ, ਜੋ ਹੁਣ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਜੋ ਦੋਸ਼ੀ ਤੋਂ ਨੁਕਸਾਨ ਦੀ ਭਰਪਾਈ ਕਰਵਾਈ ਜਾ ਸਕੇ।

Written By
The Punjab Wire