ਬਲਤੇਜ ਪੰਨੂ ਦਾ ਇਲਜ਼ਾਮ: ਈਡੀ ਦੀਆਂ ਝੂਠੀਆਂ ਛਾਪੇਮਾਰੀਆਂ ਰਾਹੀਂ ਸੰਸਦ ਮੈਂਬਰਾਂ ‘ਤੇ ਬਣਾਇਆ ਜਾਂਦਾ ਹੈ ਦਬਾਅ
ਚੰਡੀਗੜ੍ਹ, 24 ਅਪ੍ਰੈਲ 2026 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਪੰਜਾਬ ਦੇ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਸਾਜ਼ਿਸ਼ ਰਚਣ ਦਾ ਗੰਭੀਰ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਰਾਹੀਂ ਇੱਕ ਨਵੀਂ ਪਾਰਟੀ ਬਣਵਾਈ ਹੈ ਅਤੇ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਤੋੜ ਕੇ ਇਸ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੰਨੂ ਨੇ ਦੋਸ਼ ਲਾਇਆ ਕਿ ਅਮਿਤ ਸ਼ਾਹ ਨੇ ਰਾਘਵ ਚੱਢਾ ਨੂੰ 7 ‘ਆਪ’ ਸੰਸਦ ਮੈਂਬਰ ਤੋੜ ਕੇ ਲਿਆਉਣ ‘ਤੇ ਕੇਂਦਰੀ ਮੰਤਰੀ ਬਣਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਈਡੀ ਦੀਆਂ ਝੂਠੀਆਂ ਛਾਪੇਮਾਰੀਆਂ ਰਾਹੀਂ ਸੰਸਦ ਮੈਂਬਰਾਂ ‘ਤੇ ਦਬਾਅ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਖ਼ਾਲੀ ਕਾਗਜ਼ਾਂ ‘ਤੇ ਦਸਤਖ਼ਤ ਕਰਵਾਏ ਜਾਂਦੇ ਹਨ।
ਰਾਘਵ ਚੱਢਾ ‘ਤੇ ਤਿੱਖਾ ਹਮਲਾ ਕਰਦਿਆਂ ਪੰਨੂ ਨੇ ਕਿਹਾ ਕਿ ਪੰਜਾਬ ਨੇ ਰਾਘਵ ਚੱਢਾ ਨੂੰ ਇੰਨੀ ਛੋਟੀ ਉਮਰ ਵਿੱਚ ਸੰਸਦ ਮੈਂਬਰ ਬਣਾਇਆ, ਪਰ ਰਾਘਵ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜਦੋਂ ਪਿਆਰ ਕਰਦੇ ਹਨ ਤਾਂ ਪੂਰੇ ਦਿਲ ਨਾਲ ਕਰਦੇ ਹਨ, ਅਤੇ ਗੱਦਾਰਾਂ ਨੂੰ ਸਬਕ ਸਿਖਾਉਣਾ ਵੀ ਪੰਜਾਬੀਆਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ।
ਪੰਨੂ ਨੇ ਅਮਿਤ ਸ਼ਾਹ ਅਤੇ ਰਾਘਵ ਚੱਢਾ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬੀਆਂ ਨਾਲ ਦੁਸ਼ਮਣੀ ਬਹੁਤ ਮਹਿੰਗੀ ਪਵੇਗੀ।