Close

Recent Posts

ਪੰਜਾਬ

ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਲਿਸਟਾਂ ’ਚ ਹੇਰ ਫੇਰ ਵਿਰੁੱਧ ਹਾਈ ਕੋਰਟ ਕੋਲ ਪਹੁੰਚ ਕਰਾਂਗੇ: ਅਕਾਲੀ ਦਲ

ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਲਿਸਟਾਂ ’ਚ ਹੇਰ ਫੇਰ ਵਿਰੁੱਧ ਹਾਈ ਕੋਰਟ ਕੋਲ ਪਹੁੰਚ ਕਰਾਂਗੇ: ਅਕਾਲੀ ਦਲ
  • PublishedApril 21, 2026

900 ਕਰੋੜ ਰੁਪਏ ਤੋਂ ਵੱਧ ਦੇ ਭ੍ਰਿਸ਼ਟਾਚਾਰ ਤੇ ਪਰਦਾ ਪਾਉਣ ਲਈ ਸਰਕਾਰ ਯਤਨਸ਼ੀਲ: ਐਨ ਕੇ ਸ਼ਰਮਾ

ਚੰਡੀਗੜ੍ਹ, 21 ਅਪ੍ਰੈਲ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਆ ਰਹੀਆਂ ਚੋਣਾਂ ਵਾਸਤੇ ਵੋਟਰ ਲਿਸਟਾਂ ਵਿਚ ਹੇਰ ਫੇਰ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰੇਗਾ ਕਿਉਂਕਿ ਸੱਤਾਧਾਰੀ ਆਪ ਸਰਕਾਰ ਉਸ ਵੱਲੋਂ ਕੀਤੇ 900 ਕਰੋੜ ਰੁਪਏ ਤੋਂ ਵੱਧ ਦੇ ਭ੍ਰਿਸ਼ਟਾਚਾਰ ਨੂੰ ਛੁਪਾਉਣ ਲਈ ਯਤਨਸ਼ੀਲ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਖ਼ਜ਼ਾਨਚੀ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ ਹੈ।

ਇਥੇ ਪੰਜਾਬ ਦੇ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਨਗਰ ਨਿਗਮ/ਨਗਰ ਕੌਂਸਲ ਦੇ ਅਫਸਰਾਂ ਰਾਹੀਂ 900 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਤੋਂ ਬਾਅਦ ਸਰਕਾਰ ਵੋਟਰ ਲਿਸਟਾਂ ਵਿਚ ਹੇਰ ਫੇਰ ਕਰ ਕੇ ਚੋਣਾਂ ਜਿੱਤਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਨਗਰ ਨਿਗਮ ਮੁਹਾਲੀ ਤੇ ਨਗਰ ਕੌਂਸਲ ਖਰੜ ਦੇ ਵੋਟਰਾਂ ਦੇ ਨਾਮ ਜ਼ੀਰਕਪੁਰ ਨਗਰ ਕੌਂਸਲ ਦੀ ਚੋਣ ਦੀਆਂ ਵੋਟਰ ਸੂਚੀਆਂ ਵਿਚ ਸ਼ਾਮਲ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਡੇਰਾ ਬੱਸੀ ਦੇ ਵੋਟਰਾਂ ਦੇ ਨਾਮ ਜ਼ੀਰਕਪੁਰ ਦੀ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ ਤੇ ਜ਼ੀਰਕਪੁਰ ਦੀਆਂ ਵੋਟਾਂ ਕਿਤੇ ਹੋਰ ਪਾ ਦਿੱਤੀਆਂ ਹਨ।

ਉਹਨਾਂ ਕਿਹਾ ਕਿ ਵਾਰਡਾਂ ਵਿਚ 500 ਤੋਂ ਲੈ ਕੇ 4500 ਵੋਟਰਾਂ ਦੇ ਨਾਮ ਤੱਕ ਹੋਰ ਦੀ ਹੋਰ ਪਾਸੇ ਪਾ ਦਿੱਤੇ ਹਨ ਤੇ ਸਰਕਾਰ ਇਹ ਚੋਣਾਂ ਜਿੱਤਣ ਵਾਸਤੇ ਵੋਟਰਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸੱਤਾਧਾਰੀ ਆਪ ਤੇ ਪਹਿਲਾਂ ਰਾਜ ਕਰਨ ਵਾਲੀ ਕਾਂਗਰਸ ਨੂੰ ਅਜਿਹਾ ਕੁਝ ਨਹੀਂ ਕਰਨ ਦੇਵੇਗਾ।

ਉਹਨਾਂ ਕਿਹਾ ਕਿ ਅਸੀਂ ਲਿਖਤੀ ਤੌਰ ਤੇ ਮੁੱਖ ਚੋਣ ਅਫਸਰ ਨੂੰ ਸ਼ਿਕਾਇਤ ਦੇ ਚੁੱਕੇ ਹਾਂ ਤੇ ਹੁਣ ਅਸੀਂ ਨਿਆਂ ਹਾਸਲ ਕਰਨ ਵਾਸਤੇ ਹਾਈ ਕੋਰਟ ਕੋਲ ਪਹੁੰਚ ਕਰਾਂਗੇ ਕਿਉਂਕਿ ਅਫਸਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਇਹਨਾਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ ਕਿਉਂਕਿ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਇਹਨਾਂ ਨੂੰ ਸੱਤਾ ਤੋਂ ਲਾਂਭੇ ਕਰਨ ਵਾਸਤੇ ਪੱਬਾਂ ਭਾਰ ਹਨ।

Written By
The Punjab Wire