ਤਨਖਾਹ ਨੂੰ ‘ਸਾਜ਼ਿਸ਼’ ਕਹਿਣਾ ਸ਼੍ਰੀ ਅਕਾਲ ਤਖ਼ਤ ਦੀ ਮਰਿਆਦਾ ਦੀ ਉਲੰਘਣਾ: ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਬਾਦਲ ਨੂੰ ਖੁੱਲ੍ਹੀ ਚੁਣੌਤੀ
ਸ੍ਰੀ ਅਕਾਲ ਤਖ਼ਤ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਸੰਗਤ ਸਾਹਮਣੇ ਦੋਸ਼ ਸਾਬਤ ਕਰਨ ਦਾ ਸੱਦਾ; ਕਿਹਾ — ਸਾਬਤ ਹੋਣ ‘ਤੇ ਕੋਈ ਵੀ ਸਜ਼ਾ ਕਬੂਲ ਕਰਨ ਲਈ ਤਿਆਰ
ਅੰਮ੍ਰਿਤਸਰ, 8 ਅਪ੍ਰੈਲ 2026 (ਦੀ ਪੰਜਾਬ ਵਾਇਰ)। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2 ਦਸੰਬਰ 2024 ਨੂੰ ਲਾਈ ਗਈ ਤਨਖਾਹ ਨੂੰ ‘ਸਾਜ਼ਿਸ਼’ ਕਰਾਰ ਦੇਣ ਦੇ ਦੋਸ਼ਾਂ ‘ਤੇ ਤਿੱਖਾ ਜਵਾਬ ਦਿੱਤਾ ਹੈ। ਇੱਕ ਵੀਡੀਓ ਸੁਨੇਹੇ ਰਾਹੀਂ ਜਾਰੀ ਆਪਣੇ ਪ੍ਰਤੀਕਰਮ ਵਿੱਚ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਆਪਣੇ ਦੋਸ਼ਾਂ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਪੰਜ ਸਿੰਘ ਸਾਹਿਬਾਨ ਅਤੇ ਸੰਗਤ ਦੀ ਹਾਜ਼ਰੀ ਵਿੱਚ ਆ ਕੇ ਸਾਬਤ ਕਰਨ। ਉਨ੍ਹਾਂ ਕਿਹਾ ਕਿ ਜੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਹ ਪੰਥ ਵੱਲੋਂ ਤੈਅ ਕੀਤੀ ਕਿਸੇ ਵੀ ਸਜ਼ਾ ਨੂੰ ਖਿੜੇ ਮੱਥੇ ਕਬੂਲ ਕਰਨਗੇ।
ਸਾਬਕਾ ਜਥੇਦਾਰ ਨੇ ਕਿਹਾ ਕਿ 2 ਦਸੰਬਰ 2024 ਨੂੰ ਸੰਗਤ ਦੀ ਹਾਜ਼ਰੀ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਖ਼ਿਲਾਫ਼ ਲਾਏ ਗਏ ਦੋਸ਼ ਖ਼ੁਦ ਕਬੂਲ ਕੀਤੇ ਸਨ। ਉਨ੍ਹਾਂ ਦੇ ਦੋਸ਼ ਕਬੂਲ ਕਰਨ ਤੋਂ ਬਾਅਦ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹ ਲਾਈ ਗਈ ਸੀ, ਜਿਸ ਨੂੰ ਸੁਖਬੀਰ ਬਾਦਲ ਨੇ ਉਸ ਵੇਲੇ ਸਿਰ ਮੱਥੇ ਪ੍ਰਵਾਨ ਕੀਤਾ ਅਤੇ ਪੂਰਾ ਵੀ ਕੀਤਾ ਸੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਮਾਂ ਲੰਘ ਜਾਣ ਤੋਂ ਬਾਅਦ ਉਸ ਫੈਸਲੇ ਨੂੰ ਸਾਜ਼ਿਸ਼ ਕਰਾਰ ਦੇਣਾ ਸ੍ਰੀ ਅਕਾਲ ਤਖ਼ਤ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਦੀ ਘੋਰ ਉਲੰਘਣਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸੁਖਬੀਰ ਬਾਦਲ ਖ਼ਿਲਾਫ਼ ਕੋਈ ਵੀ ਕਾਰਵਾਈ ਨਿੱਜੀ ਰੰਜਿਸ਼ ਤਹਿਤ ਨਹੀਂ ਕੀਤੀ ਗਈ।
ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸੱਦਾ ਦਿੱਤਾ ਕਿ ਉਹ ਕੋਈ ਵੀ ਦਿਨ ਤੈਅ ਕਰਕੇ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਵਿਖੇ ਹਾਜ਼ਰ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਸਾਹਮਣੇ ਆਪਣੇ ਦੋਸ਼ ਸਾਬਤ ਕਰਨ।
ਜ਼ਿਕਰਯੋਗ ਹੈ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਤੋਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਤਨਖਾਹ ਲਾਉਣ ਵਾਲੇ ਪ੍ਰਮੁੱਖ ਜਥੇਦਾਰ ਹੁਣ ਆਪਣੇ ਅਹੁਦਿਆਂ ‘ਤੇ ਨਹੀਂ ਰਹੇ। ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ — ਜੋ ਉਸ ਦਿਨ ਤਨਖਾਹ ਲਾਉਣ ਵਾਲੇ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਸਨ — ਇਸ ਵੇਲੇ ਆਪਣੇ ਅਹੁਦਿਆਂ ਤੋਂ ਫ਼ਾਰਿਗ ਕੀਤੇ ਜਾ ਚੁੱਕੇ ਹਨ।