ਸੁਖਬੀਰ ਸਿੰਘ ਬਾਦਲ ਨੇ ’ਹਲਕਾ ਇੰਚਾਰਜਾਂ ਨੂੰ ਔਖੇ ਸੰਕਟ ਵਿਚ ਫਸੇ ਕਿਸਾਨਾਂ ਜਿਹਨਾਂ ਦੀ ਹਾਲ ਹੀ ਵਿਚ ਹੋਈ ਗੜ੍ਹੇਮਾਰੀ ਵਿਚ ਕਣਕ ਦੀ ਫਸਲ ਤਬਾਹ ਹੋਈ, ਦੀ ਮਦਦ ਕਰਨ ਵਾਸਤੇ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ ਵਿਚ ਰਿਕਾਰਡ ਤੋੜ ਇਕੱਠ ਨੂੰ ਕੀਤਾ ਸੰਬੋਧਨ, ਵਿਸ਼ਾਲ ਰੋਡ ਸ਼ੋਅ ਦੀ ਕੀਤੀ ਅਗਵਾਈ, ਮੁੱਖ ਮੰਤਰੀ ਨੂੰ ਆਖਿਆ ਕਿ ਪ੍ਰਭਾਵਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਦਿੱਤਾ ਜਾਵੇ
ਕਿਹਾ ਕਿ ਅਗਲੀ ਦਲ ਦੀ ਸਰਕਾਰ ਆਪ ਸਰਕਾਰ ਵੱਲੋਂ ਨਹਿਰਾਂ ਤੋਂ ਹਟਾਏ ਗਏ ਸਾਰੇ ਲਿਫਟ ਸਿੰਜਾਈ ਪੰਪ ਬਹਾਲ ਕਰੇਗੀ
ਸ੍ਰੀ ਮੁਕਤਸਰ ਸਾਹਿਬ/ ਚੰਡੀਗੜ੍ਹ,6 ਅਪ੍ਰੈਲ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਇੰਚਾਰਜਾਂ ਦੇ ਨਾਲ-ਨਾਲ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਾਲ ਹੀ ਵਿਚ ਹੋਈ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਤਬਾਹ ਹੋਣ ਨਾਲ ਔਖੇ ਵੇਲੇ ਵਿਚ ਫਸੇ ਕਿਸਾਨਾਂ ਦੀ ਮਦਦ ਕਰਨ।
ਇਥੇ ਪੰਜਾਬ ਬਚਾਓ ਰੈਲੀਆਂ ਦੀ ਮੁਹਿੰਮ ਦੇ ਹਿੱਸੇ ਵਜੋਂ ਇਕ ਵਿਸ਼ਾਲ ਰਿਕਾਰਡ ਤੋੜ ਇਕੱਠ ਵਾਲੀ ਰੈਲੀ ਨੂੰ ਸੰਬੋਧਨ ਕਰਨ ਤੇ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕਰਨ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਵੇਂ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਵੇਲੇ ਜਦੋਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਸੀ ਅਤੇ ਸਿਰਫ ਅਕਾਲੀ ਦਲ ਹੀ ਕਿਸਾਨਾਂ ਦੀ ਮਦਦ ਵਾਸਤੇ ਨਿਤਰਿਆ ਸੀ ਤੇ ਉਹਨਾਂ ਨੂੰ ਪਸ਼ੂਆਂ ਲਈ ਚਾਰਾ, ਬੀਜ ਤੇ ਦਵਾਈਆਂ ਪ੍ਰਦਾਨ ਕੀਤੀਆਂ, ਉਸੇ ਤਰੀਕੇ ਮੈਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪ੍ਰਭਾਵਤ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸਾਨਾਂ ਦੀ ਲੋੜ ਮੁਤਾਬਕ ਮਦਦ ਕਰਨ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਦੀ ਭਲਾਈ ਅਕਾਲੀ ਦਲ ਦੀ ਅਗਲੀ ਸਰਕਾਰ ਦੀ ਉਚ ਤਰਜੀਹ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਫਸਲ ਬੀਮਾ ਸਹੂਲਤਾਂ ਦੇਵਾਂਗੇ ਤਾਂ ਜੋ ਕੁਦਰਤੀ ਆਫਤਾਂ ਦੀ ਹਾਲਤ ਵਿਚ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਮਿਲ ਸਕੇ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ ਅਤੇ ਜਿਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋਈ ਹੈ, ਉਹਨਾਂ ਨੂੰ ਤੁਰੰਤ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਦਿੱਤੀ ਗਰੰਟੀ ਜਿਸਨੂੰ ਭਗਵੰਤ ਮਾਨ ਨੇ ਵਧਾ ਚੜ੍ਹਾ ਕੇ ਪੇਸ਼ ਕੀਤਾ, ਨੂੰ ਪੂਰਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਵੇਖਣ ਬਾਅਦ ਵਿਚ ਹੁੰਦੇ ਰਹਿਣਗੇ, ਕਿਸਾਨਾਂ ਨੂੰ ਫੌਰੀ ਮਦਦ ਦੀ ਹੁਣ ਲੋੜ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਭਾਗਸਰ, ਗੰਧਾਰ ਅਤੇ ਲੱਖੇਵਾਲੀ ਪਿੰਡਾਂ ਦਾ ਦੌਰਾ ਵੀ ਕੀਤਾ ਜਿਥੇ ਹਾਲ ਹੀ ਵਿਚ ਹੋਈ ਗੜ੍ਹੇਮਾਰੀ ਨੇ ਕਣਕ ਦੀ ਫਸਲ ਤਬਾਹ ਕਰ ਦਿੱਤੀ ਅਤੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਹ ਆਪਣੇ ਵੱਲੋਂ ਪੁਰਜ਼ੋਰ ਯਤਨ ਕਰਦਿਆਂ ਯਕੀਨੀ ਬਣਾਉਣਗੇ ਕਿ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਮਿਲੇ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਬਿਜਲੀ ਉਤਪਾਦਨ ਦੇ ਮਾਮਲੇ ਵਿਚ ਕੀਤੇ ਖੋਖਲੇ ਦਾਅਵਿਆਂ ਲਈ ਵੀ ਮੁੱਖ ਮੰਤਰੀ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਦੱਸੇ ਕਿ ਕੀ ਉਸਨੇ ਸੂਬੇ ਵਿਚ ਕੋਈ ਵੀ ਬਿਜਲੀ ਪਲਾਂਟ ਲਗਾਇਆ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਨਾ ਤਾਂ ਆਪ ਤੇ ਨਾ ਹੀ ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਬਿਜਲੀ ਪੈਦਾਵਾਰ ਦੀ ਇਕ ਵੀ ਸਹੂਲਤ ਨਹੀਂ ਲਗਾਈ। ਉਹਨਾਂ ਕਿਹਾ ਕਿ ਜੇਕਰ ਅੱਜ ਪੰਜਾਬ ਬਿਜਲੀ ਸਰਪਲੱਸ ਸੂਬਾ ਹੈ ਤਾਂ ਉਹ ਸਿਰਫ ਇਸ ਕਰ ਕੇ ਕਿਉਂਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਇਸ ਖੇਤਰ ਵਿਚ ਕੰਮ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਾਡਾ ਧੰਨਵਾਦ ਕਰਨਾ ਚਾਹੀਦਾ ਹੈ ਨਾ ਕਿ ਅਕਾਲੀ ਦਲ ਦੀ ਪ੍ਰਾਪਤੀ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰਨਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਇਹ ਗੱਲ ਵੀ ਕੀਤੀ ਕਿ ਮੁੱਖ ਮੰਤਰੀ ਕਿਵੇਂ ਆਪਣੇ ਕੀਤੇ ਕੰਮਾਂ ਦੀ ਗੱਲ ਹੀ ਨਹੀਂ ਕਰਦੇ। ਉਹਨਾਂ ਕਿਹਾ ਕਿ ਉਹਨਾਂ ਦਾ ਸਾਰਾ ਧਿਆਨ ਬਾਦਲ ਪਰਿਵਾਰ ’ਤੇ ਕੇਂਦਰਿਤ ਹੈ ਤੇ ਉਹ ਮਸਖਰੀਆਂ ਹੀ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਇਕ ਵਾਰ ਤਾਂ ਪੰਜਾਬੀਆਂ ਨੂੰ ਮੂਰਖ ਬਣਾ ਗਏ ਪਰ ਹੁਣ ਦੁਬਾਰਾ ਅਜਿਹਾ ਨਹੀਂ ਕਰ ਸਕਣਗੇ। ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੀ 500 ਬੰਦਿਆਂ ਦੀ ਸੁਰੱਖਿਆ ਛੱਡ ਕੇ ਆਪਣੀ ਮਰਜ਼ੀ ਦੇ ਕਿਸੇ ਇਕ ਵੀ ਪਿੰਡ ਵਿਚ ਜਾ ਕੇ ਵਿਖਾਉਣ। ਉਹਨਾਂ ਕਿਹਾਕਿ ਮੈਂ ਵੀ ਇਕੱਲਾ ਆਉਣ ਨੂੰ ਤਿਆਰ ਹਾਂ ਤੇ ਫਿਰ ਪਤਾ ਲੱਗ ਜਾਵੇਗਾ ਕਿ ਲੋਕ ਕਿਸਦਾ ਸਤਿਕਾਰ ਕਰਦੇ ਹਨ ਤੇ ਕਿਸਦੀ ਗੱਤ ਬਣਾਉਂਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਗੱਲ ਵੀ ਕੀਤੀ ਕਿ ਕਿਵੇਂ ਪਿਛਲੇ ਦੋ ਸਾਲਾਂ ਤੋਂ ਕੇਂਦਰੀ ਏਜੰਸੀਆਂ ਅਤੇ ਦਿੱਲੀ ਆਧਾਰਿਤ ਪਾਰਟੀਆਂ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਉਹਨਾਂ ਕਿਹਾ ਕਿ ਮੈਂ ਅਜਿਹੇ ਅਨਸਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਉਹ ਵੀ ਕਦੇ ਸੂਬੇ ਤੇ ਪੰਥ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਗੇ।
ਰੋਜ਼ੀ ਬਰਕੰਦੀ ਜਿਹਨਾਂ ਨੂੰ ਉਹਨਾਂ ਨੇ ਸਾਡਾ ਬਾਈ ਰੋਜ਼ੀ ਬਾਈ ਕਹਿ ਕੇ ਸੰਬੋਧਨ ਕੀਤਾ ਅਤੇ ਸਟੇਜ ’ਤੇ ਗਲੇ ਵੀ ਲਗਾਇਆ, ਵੱਲੋਂ ਰੱਖੀਆਂ ਮੰਗਾਂ ਬਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਇਸ ਹਲਕੇ ਅਤੇ ਨੇੜਲੇ ਇਲਾਕਿਆਂ ਵਿਚ ਆਪ ਸਰਕਾਰ ਵੱਲੋਂ ਨਹਿਰਾਂ ਤੋਂ ਹਟਾਏ ਗਏ ਸਾਰੇ ਲਿਫਟ ਸਿੰਜਾਈ ਪੰਪ ਬਹਾਲ ਕਰੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਰਕਾਰੀ ਭਰਤੀ ਵਿਚ ਬੌਰੀਆ ਭਾਈਚਾਰੇ ਲਈ ਦੋ ਫੀਸਦੀ ਰਾਖਵਾਂਕਰਨ ਲਾਗੂ ਕਰੇਗੀ ਅਤੇ ਨੰਬਰਦਾਰਾਂ ਨੂੰ ਦਰਪੇਸ਼ ਸਾਰੀਆਂ ਮੁਸ਼ਕਿਲਾਂ ਹੱਲ ਕਰੇਗੀ।
ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਰਾਜਸਥਾਨ ਨਹਿਰ ਵਿਚ ਪਾਣੀ ਨਹੀਂ ਜਾਣ ਦੇਵੇਗਾ ਅਤੇ ਰਾਜਸਥਾਨ ਨਹਿਰ ਦਾ ਸਾਰਾ ਪਾਣੀ ਪੰਜਾਬ ਦੇ ਖੇਤਾਂ ਵੱਲ ਮੋੜਿਆ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਉਦਯੋਗਾਂ ਤੋਂ ਜਾਂ ਸੀਵਰੇਜ ਦਾ ਇਕ ਬੂੰਦ ਪਾਣੀ ਵੀ ਸਤਲੁਜ ਅਤੇ ਬਿਆਸ ਦਰਿਆਵਾਂ ਵਿਚ ਨਹੀਂ ਪੈਣ ਦੇਣਗੇ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਦੇ ਸਰੋਤ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ, ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ, ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ।
ਉਹਨਾਂ ਐਲਾਨ ਕੀਤਾ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਸਾਰੀਆਂ ਨਵੀਂਆਂ ਉਦਯੋਗਿਕ ਇਕਾਈਆਂ ਵਿਚ 75 ਫੀਸਦੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਂਆਂ ਕੀਤੀਆਂ ਜਾਣਗੀਆਂ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਧਿਆਪਕਾਂ ਦੀਆਂ ਖਾਲੀ ਪਈਆਂ 12000 ਆਸਾਮੀਆਂ ਭਰੀਆਂ ਜਾਣਗੀਆਂ, ਇਕ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਜਿਸ ਤੋਂ ਮਾਨਤਾ ਪ੍ਰਾਪਤ ਕਾਲਜ ਹਰ ਜ਼ਿਲ੍ਹੇ ਵਿਚ ਖੋਲ੍ਹੇ ਜਾਣਗੇ ਅਤੇ ਪਸ਼ੂ ਪਾਲਣ ਦਾ ਧੰਦਾ ਅਪਣਾਉਣ ਵਾਲਿਆਂ ਨੂੰ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਇਸ ਮੌਕੇ ਸਿਕੰਦਰ ਸਿੰਘ ਮਲੂਕਾ, ਨਰਦੇਵ ਸਿੰਘ ਮਾਨ, ਮਨਜਿੰਦਰ ਸਿੰਘ ਬਿੱਟੂ, ਤੇਜਿੰਦਰ ਮਿੱਡੂਖੇੜਾ, ਹਰਗਬਿੰਦ ਕੌਰ, ਹਰਪ੍ਰੀਤ ਸਿੰਘ ਕੋਟਭਾਈ, ਹਨੀ ਫੱਤਣਵਾਲਾ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।