ਪੰਜਾਬ

ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ

ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ
  • PublishedMarch 26, 2026

 ਆਖਿਆ, ਮੰਤਰੀ ਦੇ ਸਮਰੱਥਕ ਅੱਜ ਵੀ ਉਸਦੀ ਸੋਚ ਤੇ ਪਹਿਰਾ ਦੇਣ ਦੇ ਨਾਅਰੇ ਲਗਾ ਰਹੇ ਹਨ

 ਸਰਕਾਰ ਦੀ ਸੋਚ ਦਾ ਪ੍ਰਮਾਣ, ਕੋਈ ਅਧਿਕਾਰੀ ਵੀ ਪਰਿਵਾਰ ਨਾਲ ਦੁੱਖ ਵੰਡਾਉਣ ਨਹੀਂ ਪਹੁੰਚਿਆ

 ਗਗਨਦੀਪ ਦੀ ਪਤਨੀ ਦੇ ਹੌਂਸਲੇ ਨੂੰ ਕੀਤਾ ਸਲਾਮ, ਕਿਹਾ ਭਾਜਪਾ ਨਿਆਂ ਮਿਲਣ ਤੱਕ ਜਾਰੀ ਰੱਖੇਗੀ ਸੰਘਰਸ਼

ਚੰਡੀਗੜ੍ਹ 26 ਮਾਰਚ 2026 (ਦੀ ਪੰਜਾਬ ਵਾਇਰ)– ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਡੀਐਮ ਗਗਨਦੀਪ ਸਿੰਘ ਰੰਧਾਵਾਂ ਦੇ ਪਰਿਵਾਰ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਹੈ । ਉਨ੍ਹਾਂ ਨੇ ਜਾਰੀ ਕੀਤੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸਮਰੱਥਕ ਅੱਜ ਵੀ ਉਸਦੀ ਸੋਚ ਤੇ ਪਹਿਰਾ ਦੇਣ ਦੇ ਨਾਅਰੇ ਲਗਾ ਰਹੇ ਹਨ ਜਦ ਕਿ ਸਰਕਾਰ ਵੱਲੋਂ ਪਰਿਵਾਰ ਦੀ ਸੁਰੱਖਿਆ ਲਈ ਕੋਈ ਇੰਤਜਾਮ ਨਹੀਂ ਕੀਤੇ ਗਏ ਹਨ। ਹੋਰ ਤੇ ਹੋਰ ਕੋਈ ਅਧਿਕਾਰੀ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵੀ ਨਹੀਂ ਪਹੁੰਚਿਆ ਹੈ।

ਉਨ੍ਹਾਂ ਨੇ ਕਿਹਾ ਕਿ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਨੂੰ ਇੱਕ ਸੱਚੇ ਅਤੇ ਇਮਾਨਦਾਰ ਪਰਿਵਾਰ ਦੀ ਧੀ ਦੱਸਦਿਆਂ ਕਿਹਾ ਕਿ ਉਹ ਜਿਸ ਹੌਸਲੇ ਨਾਲ ਇਨਸਾਫ ਦੀ ਲੜਾਈ ਲੜ ਰਹੇ ਹਨ ਉਸ ਨੂੰ ਵੇਖ ਕੇ ਜਾਪਦਾ ਹੈ ਕਿ ਜਿਵੇਂ ਕਿ ਨਰਾਤੇ ਚੱਲ ਰਹੇ ਹਨ ਅਤੇ ਮਾਂ ਦੁਰਗਾ ਦਾ ਵੀ ਉਹਨਾਂ ਤੇ ਆਸ਼ੀਰਵਾਦ ਹੋਵੇ। ਇਸੇ ਲਈ ਉਹ ਕਲਯੁਗ ਦੇ ਇਹਨਾਂ ਪਾਪੀਆਂ ਖਿਲਾਫ ਨਿਆ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜੋ ਸਰਕਾਰ ਦੇ ਜਬਰ ਜੁਲਮ ਖਿਲਾਫ ਝੁਕੇ ਨਹੀਂ ਅਤੇ ਆਪਣੇ ਪਤੀ ਲਈ ਇਨਸਾਫ ਦੀ ਜੰਗ ਨਿਡਰ ਹੋ ਕੇ ਲੜ ਰਹੇ ਹਨ, ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪਤੀ ਇਕ ਸੱਚੇ ਤੇ ਇਮਾਨਦਾਰ ਇਨਸਾਨ ਸਨ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੰਤਰੀ ਦੇ ਸਮਰੱਥਕਾਂ ਵੱਲੋਂ ਕੀਤੀ ਜਾ ਰਹੀ ਨਾਅਰਬਾਜੀ, ਉਨ੍ਹਾਂ ਦੇ ਫੇਸਬੁੱਕ ਤੋਂ ਅੱਜ ਵੀ ਸਰਕਾਰ ਵਿਚ ਮੰਤਰੀ ਦੇ ਪਰਿਵਾਰ ਦੇ ਰੁਤਬੇ ਸੰਬਧੀ ਪਾਈਆਂ ਜਾ ਰਹੀਆਂ ਪੋਸਟਾਂ ਦੇ ਮੱਦੇਨਜਰ ਡੀਐਮ ਦੇ ਪਰਿਵਾਰ ਦੀ ਸੁਰੱਖਿਆ ਹੋਰ ਵੀ ਜਰੂਰੀ ਹੋ ਜਾਂਦੀ ਹੈ।

ਭਾਜਪਾ ਪ੍ਰਧਾਨ ਨੇ ਇਸ ਮੌਕੇ ਸਾਰੇ ਪੰਜਾਬੀਆ ਨੂੰ ਵੀ ਅਪੀਲ ਕੀਤੀ ਕਿ ਆਪਸੀ ਮਨ ਮੁਟਾਵ ਭੁਲਾ ਕਿ ਇਸ ਮੌਕੇ ਇੱਕ ਇਮਾਨਦਾਰ ਅਫਸਰ ਨੂੰ ਇਨਸਾਫ ਦਵਾਉਣ ਲਈ ਸਭ ਨੂੰ ਇੱਕ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਬੇਸ਼ਕੀਮਤੀ ਮਨੁੱਖੀ ਜਾਨ ਲੈਣ ਵਾਲੇ ਲੋਕਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾ ਸਕੇ ਅਤੇ ਇਸ ਦੇਸ਼ ਵਿੱਚ ਇਮਾਨਦਾਰੀ ਦੀ ਚਿਣਗ ਜਗਾਉਣ ਵਾਲੇ ਲੋਕ ਹੌਸਲਾ ਨਾ ਹਾਰਨ। ਜੇ ਅੱਜ ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ ਨਾ ਮਿਲਿਆ ਤਾਂ ਕੱਲ ਨੂੰ ਕੋਈ ਵੀ ਦੇਸ਼ ਅਤੇ ਸੂਬੇ ਲਈ ਇਮਾਨਦਾਰੀ ਦਾ ਪੱਲਾ ਨਹੀਂ ਫੜੇਗਾ।

ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਦ੍ਰਿੜਤਾ ਨਾਲ ਪਰਿਵਾਰ ਦੇ ਨਾਲ ਹੈ ਅਤੇ ਨਿਆ ਮਿਲਣ ਤੱਕ ਇਸੇ ਦ੍ਰਿੜਤਾ ਨਾਲ ਪਰਿਵਾਰ ਦੇ ਨਾਲ ਖੜੀ ਰਹੇਗੀ।।

Written By
The Punjab Wire