Close

Recent Posts

ਪੰਜਾਬ

ਡੀਐਮ ਰੰਧਾਵਾ ਕੇਸ ਦੀ ਸੀਬੀਆਈ ਜਾਂਚ ਨੂੰ ਲੈਕੇ ਭਾਜਪਾ ਦਾ ਵਫਦ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਰਾਜਪਾਲ ਨੂੰ ਮਿਲਿਆ

ਡੀਐਮ ਰੰਧਾਵਾ ਕੇਸ ਦੀ ਸੀਬੀਆਈ ਜਾਂਚ ਨੂੰ ਲੈਕੇ ਭਾਜਪਾ ਦਾ ਵਫਦ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਰਾਜਪਾਲ ਨੂੰ ਮਿਲਿਆ
  • PublishedMarch 25, 2026

ਕਿਹਾ, ਆਪ ਸਰਕਾਰ ਤੋਂ ਇਨਸਾਫ ਦੀ ਉਮੀਦ ਨਹੀਂ

ਵਿਰੋਧੀ ਧਿਰ ਕਾਂਗਰਸ ਦੇ ਸੰਸਦਾਂ ਨੇ ਪਹਿਲਾਂ ਕੇਂਦਰ ਤੋਂ ਮੰਗੀ ਸੀਬੀਆਈ ਜਾਂਚ ਹੁਣ ਮੁੱਖ ਮੰਤਰੀ ਦੇ ਦਬਾਅ ਹੇਠ ਪਿੱਛੇ ਹਟਣ ਲੱਗੇ

ਨਿਆਂ ਮਿਲਣ ਤੱਕ ਜਾਰੀ ਰਹੇਗਾ ਸੰਘਰਸ਼

ਚੰਡੀਗੜ੍ਹ, 25 ਮਾਰਚ 2026 (ਦੀ ਪੰਜਾਬ ਵਾਇਰ)– ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਪਾਰਟੀ ਦੇ ਇਕ ਵਫਦ ਨੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਗ ਕਟਾਰੀਆ ਨੂੰ ਮਿਲ ਕੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਸਰਕਾਰ ਦੇ ਮੰਤਰੀ ਖਿਲਾਫ ਦੋਸ਼ ਹੋਣ ਉਸ ਸਰਕਾਰ ਤੋਂ ਨਿਰਪੱਖ ਜਾਂਚ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਮ੍ਰਿਤਕ ਦਾ ਪਰਿਵਾਰ ਅਤੇ ਪੂਰਾ ਪੰਜਾਬ ਇਸ ਕੇਸ ਦੀ ਨਿਰਪੱਖ ਜਾਂਚ ਕਰਵਾਉਣ ਲਈ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ ਤਾਂ ਜੋ ਇਨਸਾਫ ਮਿਲ ਸਕੇ।

ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਨਸਾਫ ਲਈ ਸੰਘਰਸ਼ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸੁਪਰੀਮੋ ਦੇ ਪਾਇਲਟ ਬਣ ਇਕ ਵਾਰ ਫਿਰ ਗੁਜਰਾਤ ਵਿਚ ਵੋਟਾਂ ਮੰਗਣ ਗਏ ਹੋਏ ਹਨ। ਇਸਤੋਂ ਇਸ ਸਰਕਾਰ ਦੀਆਂ ਸੰਵੇਦਨਾਂਵਾਂ ਦਾ ਪਤਾ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਆਮ ਆਦਮੀ ਪਾਰਟੀ ਸਰਕਾਰ ਦੀ ਮੋਗਾ ਦੀ ਸਿਆਸੀ ਰੈਲੀ ਵਿਚ ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਸਿਆਸਤ ਕਰ ਰਹੇ ਹੋਣ ਉਥੇ ਨਿਆਂ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਇਸੇ ਲਈ ਪਾਰਟੀ ਨੇ ਰਾਜਪਾਲ ਪੰਜਾਬ ਨੂੰ ਮਿਲਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਦੀ ਲੋਕਤੰਤਰ ਵਿਚ ਅਹਿਮ ਭੁਮਿਕਾ ਹੁੰਦੀ ਹੈ ਪਰ ਪੰਜਾਬ ਵਿਚ ਕਾਂਗਰਸ ਦੀ ਸਥਿਤੀ ਤਾਂ ਇਹ ਹੈ ਜਿਵੇਂ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਪੈਰੋਲ ਤੇ ਬਾਹਰ ਆਈ ਹੋਵੇ।

ਉਨਾਂ ਨੇ ਕਿਹਾ ਕਿ ਕਾਂਗਰਸ ਦੇ ਸੰਸਦਾਂ ਨੇ ਹੀ ਪਾਰਲੀਆਮੈਂਟ ਵਿੱਚ ਪਹਿਲਾਂ ਇਸ ਕੇਸ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਸੀ ਅਤੇ ਜਦੋਂ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧੀ ਲਿਖਤੀ ਤੌਰ ਤੇ ਦੇਣ ਲਈ ਕਿਹਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਬਾਅ ਵਿੱਚ ਹੁਣ ਕਾਂਗਰਸ ਦੇ ਕੁਝ ਸੰਸਦ ਪਿੱਛੇ ਹਟ ਗਏ ਹਨ। ਕਾਂਗਰਸ ਨੇ ਆਪ ਸਰਕਾਰ ਅੱਗੇ ਕਿਸ ਕਦਰ ਤੱਕ ਆਤਮ ਸਮਰਪਣ ਕੀਤਾ ਹੋਇਆ ਹੈ ਇਸ ਦੀ ਇਸ ਤੋਂ ਬਿਹਤਰ ਹੋਰ ਕੀ ਉਦਾਹਰਨ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਦੇ ਸਾਂਸਦਾਂ ਨੂੰ ਸੀਬੀਆਈ ਜਾਂਚ ਲਈ ਦਰਖਾਸਤ ਦੇਣ ਲਈ ਕਿਹਾ ਸੀ ਪਰ ਹਾਲੇ ਵੀ ਤਿੰਨ ਕਾਂਗਰਸੀ ਸਾਂਸਦਾਂ ਨੇ ਅਜਿਹਾ ਪੱਤਰ ਨਹੀਂ ਭੇਜਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਦੇ ਆਗੂ ਆਪ ਨਾਲ ਮਿਲੇ ਹੋਏ ਹਨ ਅਤੇ ਇਸ ਅਤੀ ਸੰਵੇਦਨਸ਼ੀਲ ਕੇਸ ਵਿਚ ਵੀ ਜਿੱਥੇ ਇਕ ਹੋਣਹਾਰ ਅਫ਼ਸਰ ਨੂੰ ਜਾਨ ਤੱਕ ਦੇਣੀ ਪਈ ਕਾਂਗਰਸ ਦੇ ਆਗੂ ਚੁੱਪ ਹਨ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਡਰਾਵੇ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਹੁਣ ਪੂਰੀ ਤਰਾਂ ਆਪ ਸਰਕਾਰ ਦੀ ਬੋਲੀ ਬੋਲ ਰਹੇ ਹਨ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਫ਼ਰੀਦਕੋਟ ਦੇ ਰਾਜਾ ਵੜਿੰਗ ਨਾਲ ਸੰਬੰਧਿਤ ਕੇਸ ਦੀ ਜਾਂਚ ਸੀਬੀਆਈ ਤੋਂ ਨਹੀਂ ਹੋਈ ਤਾਂ ਕਿਉਂ ਨਹੀਂ ਉਹ ਗਗਨਦੀਪ ਰੰਧਾਵਾ ਕੇਸ ਦੇ ਨਾਲ ਨਾਲ ਉਕਤ ਕੇਸ ਦੀ ਜਾਂਚ ਦੀ ਸੀਬੀਆਈ ਨੂੰ ਭੇਜ ਦਿੰਦੇ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਪੂਰੀ ਦ੍ਰਿੜਤਾ ਨਾਲ ਇਨਸਾਫ ਦੀ ਇਹ ਲੜਾਈ ਲੜ ਰਹੀ ਹੈ ਅਤੇ ਹਰੇਕ ਚੁਣੇ ਹੋਏ ਨੁੰਮਾਇੰਦੇ ਨੂੰ ਅਪੀਲ ਕਰਾਂਗੇ ਕਿ ਉਹ ਸੀਬੀਆਈ ਜਾਂਚ ਲਈ ਪੱਤਰ ਲਿਖੇ। ਉਨ੍ਹਾਂ ਨੇ ਕਿਹਾ ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਇਕਬਾਲ ਸਿੰਘ ਲਾਲਪੁਰਾ, ਸੋਮ ਪ੍ਰਕਾਸ਼, ਤਿਕਸ਼ਣ ਸੂਦ, ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ, ਜੰਗੀ ਲਾਲ ਮਹਾਜਨ, ਦਿਨੇਸ਼ ਸਿੰਘ ਬੱਬੂ, ਜੀਵਨ ਗੁਪਤਾ, ਸਰਬਦੀਪ ਸਿੰਘ ਵਿਰਕ, ਅਨਿਲ ਸਰੀਨ, ਪਰਮਿੰਦਰ ਸਿੰਘ ਬਰਾੜ, ਹਰਵਿੰਦਰ ਸਿੰਘ ਸੰਧੂ, ਹਰਜੀਤ ਸਿੰਘ, ਅਮਰਪਾਲ ਸਿੰਘ ਬੋਨੀ, ਰਾਜਬੀਰ ਸ਼ਰਮਾ, ਵਿਨੀਤ ਜੋਸ਼ੀ ਆਦਿ ਵੀ ਹਾਜਰ ਸਨ।

Written By
The Punjab Wire