Close

Recent Posts

ਮੁੱਖ ਖ਼ਬਰ

ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*
  • PublishedMarch 21, 2026

ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਅਤੇ ਪੰਜਾਬ ਦੀ ਜਵਾਨੀ ਅਤੇ ਕਾਨੂੰਨ ਵਿਵਸਥਾ ਨੂੰ ਤਬਾਹ ਕੀਤਾ, ਹੁਣ ਉਹੀ ਲੋਕ ਚੰਗੇ ਸ਼ਾਸਨ ਦੀ ਦੇ ਰਹੇ ਹਨ ਦੁਹਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਂਗਰਸ ਜਾਂ ਅਕਾਲੀ ਆਗੂਆਂ ਤੋਂ ਪੁੱਛੋ ਕਿ ਉਹ ਭੀੜ ਇਕੱਠੀ ਕਰਨ ਲਈ ਕਿੰਨੇ ਪੈਸੇ ਖਰਚਦੇ ਹਨ, ’ਆਪਨੂੰ ਮਿਲਦੈ ਅਸਲ ਜਨਤਕ ਸਮਰਥਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵਿਰੋਧੀ ਧਿਰ ਦੀ ਕੋਈ ਵੀ ਅਧਾਰ ਨਹੀਂ ਅਤੇ ਉਹਨਾਂ ਨੇ ਸਿਰਫ਼ ਆਪਅਤੇ ਭਗਵੰਤ ਮਾਨ ਨੂੰ ਘੇਰਨ ਲਈ ਹੱਥ ਮਿਲਾਏ , 2027 ਵਿੱਚ ਉਨ੍ਹਾਂ ਦੀ ਹਾਰ ਯਕੀਨੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਨੇ 4 ਸਾਲਾਂ ਵਿੱਚ ਗਰੰਟੀਆਂ ਕੀਤੀਆਂ ਪੂਰੀਆਂ ਕੀਤੀਆਂ, 70 ਸਾਲਾਂ ਦੀ ਅਣਗਹਿਲੀ ਤੋਂ ਉਭਰਨ ਲਈ ਸੁਚੱਜੇ ਢੰਗ ਨਾਲ ਵਰਤਾਂਗੇ ਬਾਕੀ ਰਹਿੰਦਾ ਸਾਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੀਆਂ ਹਨ ਝੂਠਾ ਪ੍ਰਚਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵੋਟ ਸਿਰਫ਼ ਚਿੰਨ੍ਹ ਨਹੀਂ ਸਗੋਂ ਤੁਹਾਡਾ ਭਵਿੱਖ ਹੈ, ਇੱਕ ਗਲਤ ਚੋਣ ਪੰਜਾਬ ਨੂੰ ਲਿਜਾ ਸਕਦੀ ਹੈ ਪੰਜ ਸਾਲ ਪਿਛਾਂਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਧਰਮਕੋਟ, 21 ਮਾਰਚ 2026 (ਦੀ ਪੰਜਾਬ ਵਾਇਰ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਧਰਮਕੋਟ ਦੀ ਦਾਣਾ ਮੰਡੀ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਇੱਕ ਸਿੱਧਾ ਰਾਜਨੀਤਿਕ ਸੰਦੇਸ਼ ਦਿੱਤਾ ਕਿ ਪੰਜਾਬ ਵਿੱਚ ਕੁਝ ਰਸੂਖ਼ਦਾਰਾ ਘਰਾਣਿਆਂ ਵੱਲੋਂ ਵਾਰੋ-ਵਾਰੀ ਸੱਤਾ ਤੇ ਕਾਬਿਜ਼ ਹੋਣ ਦਾ ਯੁੱਗ ਹੁਣ ਖਤਮ ਹੋ ਗਿਆ ਹੈ ਅਤੇ ਸੂਬਾ ਇਸ ਤੋਂ ਅੱਗੇ ਵਧ ਗਿਆ ਹੈ। ਹੁਣ ਸੂਬੇ ਦਾ ਭਵਿੱਖ ਪੂਰੀ  ਤਰ੍ਹਾਂ ਲੋਕਾਂ ਦੇ ਹੱਥ ਵਿੱਚ ਹੈ। ਦਹਾਕਿਆਂ ਦੇ ਕੁਸ਼ਾਸਨ ਤੇ ਰਵਾਇਤੀ ਪਾਰਟੀਆਂ ਨੂੰ ਘੇਰਦਿਆਂ, ਉਨ੍ਹਾਂ  ਕਿਹਾ ਕਿ ਜਿਨ੍ਹਾਂ ਨੇ ਕਦੇ ਪੰਜਾਬ ਦੀ ਜਵਾਨੀ ਅਤੇ ਕਾਨੂੰਨ ਵਿਵਸਥਾ ਨੂੰ ਢਾਹ ਲਾਈ ਸੀ, ਉਹ ਹੀ ਹੁਣ ਝੂਠੇ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੱਗ ਜ਼ਾਹਰ ਹੈ ਕਿ ਉਨ੍ਹਾਂ ਦੀ ਭਰੋਸੇਯੋਗਤਾ ਲਗਾਤਾਰ ਘਟਦੀ ਜਾ ਰਹੀ ਹੈ ਅਤੇ 2027 ਵਿੱਚ ਉਨ੍ਹਾਂ ਦੀ ਹਾਰ ਸਪੱਸ਼ਟ ਦਿਖ ਰਹੀ ਹੈ।

ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲੀ ਸਰਕਾਰ ਵਜੋਂ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਗਰੰਟੀਆਂ ਚਾਰ ਸਾਲਾਂ ਦੇ ਅੰਦਰ ਪੂਰੀਆਂ ਕੀਤੀਆਂ ਹਨ ਅਤੇ ਬਾਕੀ ਰਹਿੰਦੇ ਸਾਸ਼ਨ ਕਾਲ ਦੌਰਾਨ ਦਹਾਕਿਆਂ ਤੋਂ ਅਣਗੌਲੇ ਪੰਜਾਬ ਦੀ ਰਿਕਵਰੀ ਵਿੱਚ ਤੇਜ਼ੀ ਲਿਆਂਦੀ ਜਾਵੇਗੀ । ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੀ ਇਕੱਠੀ ਕੀਤੀ ਭੀੜ ਦੀ ਤੁਲਨਾ ਆਪਇਕੱਠਾਂ ਵਿੱਚ ਦਿਖਾਈ ਦੇਣ ਵਾਲੇ ਅਸਲ ਜਨਤਕ ਸਮਰਥਨ ਨਾਲ ਕੀਤੀ ਅਤੇ ਕਿਹਾ ਕਿ ਲੋਕ ਹੁਣ ਪ੍ਰਚਾਰ ਰਾਹੀਂ ਪ੍ਰਭਾਵਿਤ ਹੋਣ ਲਈ ਤਿਆਰ ਨਹੀਂ ਬਲਕਿ ਆਪਣੇ ਭਵਿੱਖ ਬਾਰੇ ਫੈਸਲੇ ਲੈਣ ਲਈ ਜਾਗਰੂਕ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਬਾਜੇਕੇ ਵਿੱਚ ਇੱਕ ਸਕੂਲ ਆਫ਼ ਐਮੀਨੈਂਸ ਦਾ ਨੀਂਹ ਪੱਥਰ ਰੱਖਿਆ, ਜਿੱਥੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਭੇਟ ਕੀਤੀਆਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ। 19.76 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦਾ ਉਦੇਸ਼ ਪੇਂਡੂ ਸਿੱਖਿਆ ਨੂੰ ਆਧੁਨਿਕ ਬੁਨਿਆਦੀ ਢਾਂਚੇ, ਉੱਨਤ ਸਿਖਲਾਈ ਸਹੂਲਤਾਂ ਅਤੇ ਮੁਫ਼ਤ ਜੇਈਈ-ਨੀਟ ਕੋਚਿੰਗ ਨਾਲ ਲੈਸ ਕਰਨਾ ਹੈ, ਜੋ  ਬਰਾਬਰ ਮੌਕੇ ਯਕੀਨੀ ਬਣਾਉਣ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਠੋਸ ਯਤਨ ਹੈ।

ਇਸ ਤੋਂ ਬਾਅਦ, ਮੁੱਖ ਮੰਤਰੀ ਨੇ ਧਰਮਕੋਟ ਵਿੱਚ 18 ਕਰੋੜ ਰੁਪਏ ਦੀ ਲਾਗਤ ਵਾਲੇ ਸਬ-ਡਿਵੀਜ਼ਨਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ, ਇਸਨੂੰ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਪਹੁੰਚ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਦੱਸਿਆ ਅਤੇ ਹਰ ਘਰ ਤੱਕ ਮਿਆਰੀ ਇਲਾਜ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।

ਦਾਣਾ ਮੰਡੀ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੰਜ਼ ਕੱਸਦਿਆਂ ਕਿਹਾ, “ਉਹ ਆਗੂ ਹੁਣ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਰ ਰਹੇ ਹਨ, ਜਿਨ੍ਹਾਂ ਦੇ ਹੱਥ ਸੂਬੇ ਦੇ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਜੋ ਸੂਬੇ ਵਿੱਚ ਅਸਥਿਰਤਾ ਲਈ ਜ਼ਿੰਮੇਵਾਰ ਹਨ। ਇਨ੍ਹਾਂ ਪਾਰਟੀਆਂ ਨੇ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਧਰੋਹ ਕਮਾਇਆ ਅਤੇ ਜਨਤਾ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੱਚਿਆਂ ਨੂੰ ਸਿੱਖਿਆ ਦੇਣ, ਰੁਜ਼ਗਾਰ ਪੈਦਾ ਕਰਨ ਅਤੇ ਸਥਾਈ ਵਿਕਾਸ ਰਾਹੀਂ ਗਰੀਬੀ ਨੂੰ ਖਤਮ ਕਰਨ ਲਈ ਅਣਥੱਕ ਯਤਨ ਕਰ ਰਹੀ ਹੈ।

ਇਸ ਸਮਾਗਮ ਪ੍ਰਤੀ ਜਨਤਕ ਹੁੰਗਾਰੇ ਬਾਰੇ ਜ਼ਿਕਰ ਕਰਦਿਆਂ, ਕਿਹਾ ਕਿ ਇਹ ਸਰਕਾਰ ਦੇ ਕੰਮ ਪ੍ਰਤੀ ਲੋਕਾਂ ਦੀ ਸੰਤੁਸ਼ਟੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਇਸ ਗੱਲ ਦਾ ਸਬੂਤ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਕੰਮ ਤੋਂ ਖੁਸ਼ ਹਨ ਅਤੇ ਉਹ ਸਾਡੀ ਸਰਕਾਰ ਦਾ ਸਮਰਥਨ ਕਰਦੇ ਹਨ। ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਚਾਰ ਸਾਲਾਂ ਦੇ ਅੰਦਰ ਆਪਣੇ ਕੀਤੇ ਹੋਏ ਵਾਅਦੇ ਅਤੇ ਗਰੰਟੀਆਂ ਨੂੰ ਪੂਰਾ ਕੀਤਾ ਹੈ ਅਤੇ ਸਾਡੇ ਕੋਲ ਅਜੇ ਵੀ ਹੋਰ ਕੰਮ ਕਰਨ ਲਈ ਇੱਕ ਸਾਲ ਬਾਕੀ ਹੈ। ਅਸੀਂ ਇਸ ਇੱਕ ਸਾਲ ਨੂੰ ਬਰਬਾਦ ਨਹੀਂ ਕਰਾਂਗੇ ਕਿਉਂਕਿ ਅਸੀਂ ਪਹਿਲਾਂ ਹੀ 70 ਸਾਲ ਪਿੱਛੇ ਹਾਂ ਅਤੇ ਹੁਣ ਸਾਨੂੰ ਉਸ ਦੇਰੀ ਦੀ ਭਰਪਾਈ ਕਰਨੀ ਪਵੇਗੀ।”’’

ਸਰਕਾਰ ਦੀਆਂ ਹੋਰ ਪਹਿਲਕਦਮੀਆਂ ਬਾਰੇ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ, ‘‘ਆਪ ਸਰਕਾਰ ਹੋਰ ਸਕੂਲ, ਹੋਰ ਹਸਪਤਾਲ ਬਣਾਏਗੀ, ਹੋਰ ਨੌਕਰੀਆਂ ਪ੍ਰਦਾਨ ਕਰੇਗੀ, ਪੁਲਿਸ ਵਿੱਚ ਭਰਤੀ ਕਰੇਗੀ, ਟੋਲ ਪਲਾਜ਼ਾ ਬੰਦ ਕਰੇਗੀ, ਨਹਿਰਾਂ ਵਿੱਚ ਪਾਣੀ ਲਿਆਵੇਗੀ, ਸੜਕਾਂ ਬਣਾਏਗੀ ਅਤੇ ਖੇਡਾਂ ਨੂੰ ਉਤਸ਼ਾਹਿਤ ਕਰੇਗੀ। ਅਜੇ ਵੀ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ ਅਤੇ ਆਪਸਰਕਾਰ ਇਸ ਨੇਕ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਸੀ ਅਤੇ ਪੰਜਾਬ ਨੂੰ ਬੁਰੀ ਹਾਲਤ ਵਿੱਚ ਛੱਡ ਦਿੱਤਾ ਸੀ, ਪਰ ਅੱਜ ਇਹ ਫਿਰ ਤੋਂ ਅੱਗੇ ਵਧ ਰਿਹਾ ਹੈ।’’

ਵਿਰੋਧੀ ਧਿਰ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ‘‘ਇਹ ਇਕੱਠ ਆਮ ਨਹੀਂ ਹਨ ਕਿਉਂਕਿ ਦੂਜੀਆਂ ਪਾਰਟੀਆਂ ਅਜਿਹੇ ਸਮਾਗਮਾਂ ਦੇ ਸੁਪਨੇ ਹੀ ਦੇਖ ਸਕਦੀਆਂ ਹਨ ਕਿਉਂਕਿ ਲੋਕ ਉਨ੍ਹਾਂ ਨੂੰ ਸੁਣਨ ਨਹੀਂ ਆਉਂਦੇ। ਕਾਂਗਰਸ ਜਾਂ ਅਕਾਲੀ ਆਗੂਆਂ ਤੋਂ ਪੁੱਛੋ ਕਿ ਉਹ ਭੀੜ ਇਕੱਠੀ ਕਰਨ ਲਈ ਕਿੰਨੇ ਪੈਸੇ ਖਰਚ ਕਰਦੇ ਹਨ। ਉਹ ਰੈਲੀਆਂ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਵੀ ਕਿਰਾਏ ਤੇ ਲਿਆਉਂਦੇ ਹਨ। ਪਰ ਇੱਥੇ, ਇਹ ਬਹੁਤ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਲੋਕ ਆਪ ਮੁਹਾਰੇ ਆਉਂਦੇ ਹਨ। ਇਹ ਜਨਤਾ ਦਾ ਅਸਲ ਸਮਰਥਨ ਹੈ।’’

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਕੋਲ ਪੰਜਾਬ ਨੂੰ ਬਦਲਣ ਦੇ ਕਈ ਮੌਕੇ ਸਨ ਪਰ ਨੇਕ ਇਰਾਦਿਆਂ ਦੀ ਘਾਟ ਕਾਰਨ ਉਹ ਅਸਫਲ ਰਹੇ। ਜੇਕਰ ਪਿਛਲੀਆਂ ਸਰਕਾਰਾਂ ਕੋਲ ਕੰਮ ਕਰਨ ਦੀ ਇੱਛਾ ਸ਼ਕਤੀ ਹੁੰਦੀ ਤਾਂ ਉਹ ਇਹ ਪਹਿਲਾਂ ਹੀ ਕਰ ਲੈਂਦੇ ਕਿਉਂਕਿ ਉਨ੍ਹਾਂ ਕੋਲ ਕਈ ਮੌਕੇ ਸਨ। ਇਨ੍ਹਾਂ ਆਗੂਆਂ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ। ਕੁਝ ਆਗੂ ਤਾਂ ਕਈ ਵਾਰ ਮੁੱਖ ਮੰਤਰੀ ਰਹੇ, ਪਰ ਸੂਬੇ ਵਿੱਚ ਕੁਝ ਨਹੀਂ ਬਦਲਿਆ। ਇਨ੍ਹਾਂ ਆਗੂਆਂ ਨੇ ਸੂਬੇ ਅਤੇ ਇਸ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਆਪਣੇ ਨਿੱਜੀ ਹਿੱਤਾਂ ਲਈ ਕੰਮ ਕੀਤਾ।

ਸ਼ਾਸਨ ਵਿੱਚ ਇਰਾਦੇ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਉਨ੍ਹਾਂ ਕਿਹਾ, ‘‘ਜੇਕਰ ਇਰਾਦੇ ਨੇਕ ਅਤੇ ਸਪੱਸ਼ਟ ਹੋਣ ਤਾਂ ਕੁਝ ਘੰਟਿਆਂ ਲਈ ਇੱਕ ਨੇਤਾ ਵੀ ਬਦਲਾਅ ਲਿਆ ਸਕਦਾ ਹੈ, ਪਰ ਚੀਜ਼ਾਂ ਨੂੰ ਬਦਲਣ ਦੀ ਬਜਾਏ ਪਿਛਲੀਆਂ ਸਰਕਾਰਾਂ ਨੇ ਲੋਕਾਂ ਦਾ ਸ਼ੋਸ਼ਣ ਕੀਤਾ। ਪੰਜਾਬ ਅਤੇ ਇਸਦੇ ਲੋਕ ਮੇਰੇ ਦਿਲ ਵਿੱਚ ਵਸਦੇ ਹਨ, ਜਿਸ ਕਾਰਨ ਮੈਂ ਇੱਥੇ ਪੂਰੇ ਜੋਸ਼ ਨਾਲ ਜਨਤਾ ਦੀ ਸੇਵਾ ਲਈ ਹਾਜ਼ਰ ਹਾਂ। ਪੂਰਾ ਪੰਜਾਬ ਮੇਰਾ ਪਰਿਵਾਰ ਹੈ ਅਤੇ ਮੈਨੂੰ ਹਮੇਸ਼ਾ ਉਨ੍ਹਾਂ ਵਿੱਚ ਰਹਿਣਾ ਪਸੰਦ ਹੈ, ਮੇਰੇ ਤੋਂ ਪਹਿਲਾਂ ਵਾਲਿਆਂ ਦੇ ਉਲਟ ਜੋ ਮਹਿਲ ਵਾਲੇ ਘਰਾਂ ਵਿੱਚ ਰਹਿਣਾ ਪਸੰਦ ਕਰਦੇ ਸਨ।

ਵਿਰੋਧੀ ਧਿਰ ਤੇ ਸਵਾਲ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਭਰੋਸੇਯੋਗ ਨਹੀਂ ਹੈ, ਇਸ ਲਈ ਲੋਕਾਂ ਨੂੰ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਨੇ ਸਿਰਫ਼ ਮੇਰੀ ਆਲੋਚਨਾ ਕਰਨ ਲਈ ਹੱਥ ਮਿਲਾਏ ਹਨ। ਉਹ ਜਾਣਦੇ ਹਨ ਕਿ 2027 ਵਿੱਚ ਉਨ੍ਹਾਂ ਦੀ ਹਾਰ ਤੈਅ ਹੈ ਅਤੇ ਇਹ ਗੱਲ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਹੀ। ਸੱਤਾ ਵਿੱਚ ਵਾਰੋ-ਵਾਰੀ ਆਉਣ ਦਾ ਯੁੱਗ ਹੁਣ ਖ਼ਤਮ ਹੋ ਗਿਆ ਹੈ ਅਤੇ ਹੁਣ ਲੋਕਾਂ ਦਾ ਇਮਾਨਦਾਰੀ ਅਤੇ ਮਿਸ਼ਨਰੀ ਜੋਸ਼ ਨਾਲ ਅੱਗੇ ਆਉਣ ਦਾ ਸਮਾਂ ਆ ਗਿਆ ਹੈ।

ਵੋਟਰਾਂ ਨੂੰ ਧਿਆਨ ਨਾਲ ਵੋਟ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਵੋਟ ਪਾਉਣ ਜਾਂਦੇ ਹੋ, ਤਾਂ ਇੱਕ ਗੱਲ ਯਾਦ ਰੱਖੋ ਕਿ ਜਿਸ ਪਾਰਟੀ ਚਿੰਨ੍ਹ ਨੂੰ ਤੁਸੀਂ ਵੋਟ ਪਾ ਰਹੇ ਹੋ, ਉਹ ਸਿਰਫ਼ ਇੱਕ ਚਿੰਨ੍ਹ ਨਹੀਂ ਹੈ, ਸਗੋਂ ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਦਰਸਾਉਂਦਾ ਹੈ। ਜੇਕਰ ਤੁਸੀਂ ਗਲਤ ਬਟਨ ਦਬਾਉਂਦੇ ਹੋ, ਤਾਂ ਤੁਹਾਡਾ ਭਵਿੱਖ ਪੰਜ ਸਾਲਾਂ ਲਈ ਰੁੱਕ ਜਾਂਦਾ ਹੈ, ਜਦੋਂ ਕਿ ਸਹੀ ਬਟਨ ਦਬਾਉਣ ਨਾਲ ਪੰਜਾਬ ਵਿਕਾਸ ਦੇ ਰਾਹ ਵੱਲ ਵਧਦਾ ਹੈ।

ਔਰਤਾਂ ਦੇ ਸਸ਼ਕਤੀਕਰਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਔਰਤਾਂ ਨੂੰ ਸਸ਼ਕਤ ਬਣਾਇਆ ਹੈ ਕਿਉਂਕਿ ਅਸੀਂ ਮਾਵਾਂ ਅਤੇ ਭੈਣਾਂ ਦਾ ਸਤਿਕਾਰ ਕਰਦੇ ਹਾਂ ਅਤੇ ਉਨ੍ਹਾਂ ਦਾ ਆਸ਼ੀਰਵਾਦ ਵਿਅਕਤੀ ਨੂੰ ਹਰ ਖੇਤਰ ਵਿੱਚ ਸਫ਼ਲ ਬਣਾਉਂਦਾ ਹੈ। ਜਿਸ ਘਰ ਵਿੱਚ ਮਾਂ ਨਹੀਂ ਹੁੰਦੀ, ਉਹ ਘਰ ਆਪਣੀ ਰੂਹ ਗੁਆ ਦਿੰਦਾ ਹੈ। ਵਿਰੋਧੀ ਧਿਰ ਸਿਰਫ਼ ਆਪਣੇ ਪਰਿਵਾਰਾਂ, ਆਪਣੇ ਪੁੱਤਰਾਂ, ਭਤੀਜਿਆਂ ਅਤੇ ਰਿਸ਼ਤੇਦਾਰਾਂ ਬਾਰੇ ਸੋਚਦੀ ਹੈ, ਪਰ ਅਸੀਂ ਪੰਜਾਬ ਦੇ ਹਰ ਨਾਗਰਿਕ ਬਾਰੇ ਸੋਚਦੇ ਹਾਂ। ਵਿਰੋਧੀ ਧਿਰ ਨੇ ਆਪਣੀਆਂ ਸਰਗਰਮ ਨੀਤੀਆਂ, ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਕੁਪ੍ਰਬੰਧ ਨਾਲ ਪੰਜਾਬ ਨੂੰ ਤਬਾਹ ਕਰ ਦਿੱਤਾ।

ਸ਼ਾਸਨ ਦੀਆਂ ਤਰਜੀਹਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਸਕੂਲਾਂ, ਹਸਪਤਾਲਾਂ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰ ਰਹੀ ਹੈ ਤਾਂ ਜੋ ਪੰਜਾਬ ਲਗਾਤਾਰ ਤਰੱਕੀ ਕਰਦਾ ਰਹੇ। ਪਹਿਲਾਂ ਦੀਆਂ ਸਰਕਾਰਾਂ ਨੇ ਸ਼ਮਸ਼ਾਨਘਾਟ ਦੀਆਂ ਕੰਧਾਂ ਬਣਾਉਣ ਵਰਗੇ ਮਾਮੂਲੀ ਕੰਮਾਂ ਤੇ ਧਿਆਨ ਕੇਂਦਰਿਤ ਕੀਤਾ ਜਦੋਂ ਕਿ ਸਕੂਲ, ਸੜਕਾਂ ਅਤੇ ਪਾਣੀ ਵਰਗੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ। ਸਾਡੀ ਸਰਕਾਰ ਨੇ ਆਮ ਆਦਮੀ ਅਤੇ ਉਸਦੇ ਮੁੱਦਿਆਂ ਨੂੰ ਰਾਜਨੀਤੀ ਦੇ ਧੁਰੇ ਵਿੱਚ ਲਿਆ ਕੇ ਇਸ ਮਾਨਸਿਕਤਾ ਨੂੰ ਬਦਲ ਦਿੱਤਾ ਹੈ।

ਉਨ੍ਹਾਂ ਦੁਹਰਾਇਆ ਕਿ ਸਾਡੀ ਸਰਕਾਰ ਵਾਅਦੇ ਨਹੀਂ, ਸਗੋਂ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਪਰਿਭਾਸ਼ਿਤ ਕਰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪ ਸਰਕਾਰ ਬਿਜਲੀ ਪ੍ਰਦਾਨ ਕਰ ਰਹੀ ਹੈ, ਸਿੰਚਾਈ ਪ੍ਰਣਾਲੀ ਵਿੱਚ ਸੁਧਾਰ ਕਰ ਰਹੀ ਹੈ, ਨਵੇਂ ਸਕੂਲ ਬਣਾ ਰਹੀ ਹੈ, ਸਿਹਤ ਸੰਭਾਲ ਪ੍ਰਦਾਨ ਕਰ ਰਹੀ ਹੈ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੀ ਹੈ। ਅਸੀਂ ਸਿਰਫ਼ ਵਾਅਦੇ ਨਹੀਂ ਕਰ ਰਹੇ, ਸਗੋਂ ਅਸੀਂ ਕਰ ਕੇ ਵਿਖਾਇਆ ਹੈ। ਪੰਜਾਬ ਦੇ ਲੋਕ ਇੰਨੇ ਸਿਆਣੇ ਹਨ ਕਿ ਉਹ ਕਿਸੇ ਨੂੰ ਵੱਡੀਆਂ ਉਚਾਈਆਂ ਤੱਕ ਪਹੁੰਚਾ ਕੇ ਲੋੜ ਪੈਣ ਤੇ ਹੇਠਾਂ ਧਰਤੀ ਤੇ ਵੀ ਲਿਆ ਸਕਦੇ ਹਨ।

ਸ਼ਾਸਨ ਪ੍ਰਣਾਲੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਸਿਰਫ਼ ਦਫ਼ਤਰੀ ਸਮੇਂ ਦੌਰਾਨ ਨਹੀਂ, ਸਗੋਂ ਦਿਨ-ਰਾਤ ਕੰਮ ਕਰ ਰਹੀ ਹੈ, ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਸਿਰਫ਼ ਦਫ਼ਤਰੀ ਚ ਨਹੀਂ ਆਉਂਦੀਆਂ। ਅਸੀਂ ਲੋਕਾਂ ਦੇ ਹਿਸਾਬ ਨਾਲ ਸਿਸਟਮ ਬਦਲ ਰਹੇ ਹਾਂ। ਜਦੋਂ ਮੈਂ ਲੋਕਾਂ ਨੂੰ ਸਾਡੇ ਕੰਮਾਂ ਕਰਕੇ ਖੁਸ਼ ਹੁੰਦੇ ਦੇਖਦਾ ਹਾਂ, ਤਾਂ ਇਸ ਨਾਲ ਮੈਨੂੰ ਬਹੁਤ ਸੰਤੁਸ਼ਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹੀ ਅਸਲ ਇਨਾਮ ਹੈ, ਜੋ ਪੈਸੇ ਜਾਂ ਸ਼ਕਤੀ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ।

ਵਿੱਤੀ ਅਨੁਸ਼ਾਸਨ ਅਤੇ ਭਲਾਈ ਬਾਰੇ ਉਨ੍ਹਾਂ ਅੱਗੇ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਭਲਾਈ ਲਈ ਸਰਕਾਰੀ ਖਜ਼ਾਨੇ ਦੇ ਇੱਕ-ਇੱਕ ਪੈਸੇ ਦੀ ਪੂਰੀ ਸਮਝਦਾਰੀ ਨਾਲ ਵਰਤੋਂ ਕਰ ਰਹੀ ਹੈ। ਸੂਬੇ ਦੇ 90 ਫ਼ੀਸਦ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਵੀ ਬਿਜਲੀ ਮਿਲ ਰਹੀ ਹੈ, ਜੋ ਕਿ ਬੇਮਿਸਾਲ ਕਦਮ ਹੈ। ਅਜਿਹੇ ਸਮੇਂ ਜਦੋਂ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਜਾਇਦਾਦਾਂ ਆਪਣੇ ਹਮਦਰਦ ਮਿੱਤਰਾਂ ਨੂੰ ਮਾਮੂਲੀ ਕੀਮਤਾਂ ਤੇ ਦਿੱਤੀਆਂ ਜਾ ਰਹੀਆਂ ਹਨ, ਪੰਜਾਬ ਸਰਕਾਰ ਨੇ ਇੱਕ ਨਿੱਜੀ ਥਰਮਲ ਪਲਾਂਟ ਖਰੀਦ ਕੇ ਇਤਿਹਾਸ ਰਚਿਆ ਹੈ।

ਸਿਹਤ ਸੰਭਾਲ ਪਹਿਲਕਦਮੀਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਰਾਜ ਵਿੱਚ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨ ਲਈ, ਆਪ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ ਜੋ ਪੰਜਾਬ ਦੇ ਹਰੇਕ ਨਿਵਾਸੀ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ। ਪੰਜਾਬ ਅਜਿਹਾ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਨ ਵਾਲਾ ਪਹਿਲਾ ਭਾਰਤੀ ਰਾਜ ਹੈ, ਜਿਸ ਨਾਲ ਲੋਕਾਂ ਤੇ ਵਿੱਤੀ ਬੋਝ ਕਾਫ਼ੀ ਘੱਟ ਗਿਆ ਹੈ ਅਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਨਸ਼ਾ ਵਿਰੋਧੀ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧਮੁਹਿੰਮ ਸ਼ੁਰੂ ਕੀਤੀ, ਜਿਸ ਤਹਿਤ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਗਈ ਅਤੇ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ। ਜਨਤਾ ਦੇ ਸਰਗਰਮ ਸਮਰਥਨ ਨੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ।

ਵਿਕਾਸ ਕਾਰਜਾਂ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਧਰਮਕੋਟ ਦੇ ਪਿੰਡ ਬਾਜੇਕੇ ਵਿਖੇ ਇੱਕ ਸਕੂਲ ਆਫ਼ ਐਮੀਨੈਂਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸੱਤ ਏਕੜ ਅਤੇ ਤਿੰਨ ਕਨਾਲ ਤੋਂ ਵੱਧ ਰਕਬੇ ਤੇ ਤਿਆਰ ਕੀਤੇ ਜਾਣ ਵਾਲੇ ਇਸ ਸਕੂਲ ਦੇ ਨਿਰਮਾਣ ਤੇ 19 ਕਰੋੜ 76 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਦੋ ਮੰਜ਼ਿਲਾ ਇਮਾਰਤ ਵਿੱਚ 24 ਕਲਾਸਰੂਮ, ਤਿੰਨ ਸਾਇੰਸ ਪ੍ਰਯੋਗਸ਼ਾਲਾਵਾਂ, ਇੱਕ ਕਾਮਰਸ ਬਲਾਕ, ਲਾਇਬ੍ਰੇਰੀ, ਕੰਪਿਊਟਰ ਲੈਬ, ਦੋ ਵਾਧੂ ਪ੍ਰਯੋਗਸ਼ਾਲਾਵਾਂ, ਐਜੂਸੈਟ ਕਮਰਾ ਅਤੇ ਸੈਨੇਟਰੀ ਬਲਾਕ ਸ਼ਾਮਲ ਹੋਣਗੇ।

ਉਨ੍ਹਾਂ ਅੱਗੇ ਕਿਹਾ ਕਿ ਇੱਥੇ ਵਾਲੀਬਾਲ, ਬਾਸਕਟਬਾਲ ਅਤੇ ਹੈਂਡਬਾਲ ਲਈ ਖੇਡ ਦੇ ਮੈਦਾਨ ਹੋਣਗੇ ਅਤੇ 200 ਮੀਟਰ ਦਾ ਟ੍ਰੈਕ ਵੀ ਹੋਵੇਗਾ। ਇਸ ਸਕੂਲ ਵਿੱਚ ਸਾਇੰਸ, ਕਾਮਰਸ ਅਤੇ ਆਰਟਸ ਸਟ੍ਰੀਮ ਪੜ੍ਹਾਏ ਜਾ ਰਹੇ ਹਨ ਅਤੇ ਹਰੇਕ ਵਿਦਿਆਰਥੀ ਨੂੰ 4,000 ਦੀ ਲਾਗਤ ਵਾਲੇ ਟ੍ਰੈਕ ਸੂਟ, ਬਲੇਜ਼ਰ ਅਤੇ ਹੋਰ ਵਰਦੀ ਵਰਗੀਆਂ ਚੀਜ਼ਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਚਾਰ ਬੱਸਾਂ ਦੇ ਨਾਲ ਆਵਾਜਾਈ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਜੇਈਈ ਅਤੇ ਨੀਟ ਲਈ ਮੁਫ਼ਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ।

ਅਕਾਦਮਿਕ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਦੋ ਵਿਦਿਆਰਥੀਆਂ ਆਰੀਅਨ ਦੇਵਗਨ ਅਤੇ ਗੁਰਜਸ਼ਨ ਸਿੰਘ ਨੇ ਜੇਈਈ ਮੇਨਜ਼ ਲਈ ਕੁਆਈਫਾਈ ਕੀਤਾ ਹੈ ਅਤੇ ਵਿਦਿਆਰਥੀਆਂ ਨੇ ਬੋਰਡ ਮੈਰਿਟ ਸੂਚੀ ਵਿੱਚ ਲਗਾਤਾਰ ਸਥਾਨ ਪ੍ਰਾਪਤ ਕੀਤੇ ਹਨ। ਮੋਗਾ ਜ਼ਿਲ੍ਹੇ ਵਿੱਚ ਲਾਂਧੇ ਕੇ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਤਿੰਨ ਹੋਰ ਸਕੂਲ ਆਫ਼ ਐਮੀਨੈਂਸ ਕਾਰਜਸ਼ੀਲ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਸੰਭਾਲ ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਧਰਮਕੋਟ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਨੂੰ 18 ਕਰੋੜ ਰੁਪਏ ਦੇ ਨਿਵੇਸ਼ ਨਾਲ ਸਬ-ਡਿਵੀਜ਼ਨਲ ਹਸਪਤਾਲ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਵਿੱਚ ਧਰਮਕੋਟ ਅਤੇ ਨੇੜਲੇ ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

Written By
The Punjab Wire