Close

Recent Posts

ਪੰਜਾਬ

ਜਦੋਂ ਤੱਕ ਲਾਲਜੀਤ ਭੁੱਲਰ ਦੇ ਖਿਲਾਫ ਕਤਲ ਦਾ ਕੇਸ ਦਰਜ ਨਹੀਂ ਹੁੰਦਾ ਅਕਾਲੀ ਦਲ ਅਣਮਿੱਥੇਂ ਸਮੇਂ ਤੱਕ ਧਰਨਾ ਦੇਵੇਗਾ: ਸੁਖਬੀਰ ਸਿੰਘ ਬਾਦਲ

ਜਦੋਂ ਤੱਕ ਲਾਲਜੀਤ ਭੁੱਲਰ ਦੇ ਖਿਲਾਫ ਕਤਲ ਦਾ ਕੇਸ ਦਰਜ ਨਹੀਂ ਹੁੰਦਾ ਅਕਾਲੀ ਦਲ ਅਣਮਿੱਥੇਂ ਸਮੇਂ ਤੱਕ ਧਰਨਾ ਦੇਵੇਗਾ: ਸੁਖਬੀਰ ਸਿੰਘ ਬਾਦਲ
  • PublishedMarch 21, 2026

ਡਾ. ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਡੀ ਜੀ ਪੀ ਨਾਲ ਗੱਲ ਕਰਦਿਆਂ ਮੰਗ ਕੀਤੀ ਕਿ ਲਾਲਜੀਤ ਭੁੱਲਰ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਰਲ ਕੇ ਪੁਲਿਸ ਥਾਣੇ ਵਿਚ ਕੀਤੀ ਸ਼ਿਕਾਇਤ

ਅੰਮ੍ਰਿਤਸਰ, 21 ਮਾਰਚ 2026 (ਦੀ ਪੰਜਾਬ ਵਾਇਰ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਉਦੋਂ ਤੱਕ ਅਣਮਿੱਥੇ ਸਮੇਂ ਲਈ ਧਰਨਾ ਦੇਵੇਗੀ ਜਦੋਂ ਤੱਕ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਵੇਅਰ ਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿਚ ਕੇਸ ਦਰਜ ਨਹੀਂ ਹੋ ਜਾਂਦਾ ਤੇ ਉਹਨਾਂ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਖੁਦਕੁਸ਼ੀ ਕਰਨ ਵਾਲੇ ਅਫਸਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿਸਨੂੰ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਨਾ ਸਿਰਫ ਜ਼ਲੀਲ ਕੀਤਾ ਗਿਆ ਬਲਕਿ ਮਾਰਕੁੱਟ ਵੀ ਕੀਤੀ ਗਈ, ਨੇ ਡੀ ਜੀ ਪੀ ਗੌਰਵ ਯਾਦਵ ਨਾਲ ਵੀ ਗੱਲਬਾਤ ਕੀਤੀ ਅਤੇ ਮੰਗ ਕੀਤੀ ਕਿ ਬੀ ਐਨ ਐਸ ਦੀ ਧਾਰਾ 103 ਦੇ ਤਹਿਤ ਭੁੱਲਰ ਦੇ ਖਿਲਾਫ ਕਤਲ ਕੇਸ ਦਰਜ ਕੀਤਾ ਜਾਵੇ ਅਤੇ ਉਸਨੂੰ ਤੁਰੰਤ ਗ੍ਰਿਫਤਾਰ ਵੀ ਕੀਤਾ ਜਾਵੇ। ਉਹਨਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਰਣਜੀਤ ਅਵੈਨਿਊ ਪੁਲਿਸ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹਾਲਾਂ ਕਿ ਇਸ ਮਾਮਲੇ ਵਿਚ ਪੁਲਿਸ ਅਧਿਕਾਰੀ ਵਿਰੋਧ ਕਰਦੇ ਰਹੇ।

ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਡਾ. ਗਗਨਦੀਪ ਰੰਧਾਵਾ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਦਿੱਤੇ ਬਿਆਨ ਅਤੇ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਸਾਬਕਾ ਮੰਤਰੀ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਡਾ. ਰੰਧਾਵਾ ਦੀ ਲਾਲਜੀਤ ਭੁੱਲਰ ਦੀ ਰਿਹਾਇਸ਼ ਤੇ ਕੁੱਟਮਾਰ ਕੀਤੀ ਗਈ ਤੇ ਬੰਦੂਕ ਦੀ ਨੋਕ ਤੇ ਉਹਨਾਂ ਤੇ ਦਬਾਅ ਬਣਾਉਣ ਦੀ ਵੀਡੀਓ ਵੀ ਮੌਜੂਦ ਹੈ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਡਾ. ਰੰਧਾਵਾ ਦੀ ਧਰਮ ਪਤਨੀ ਉਪਿੰਦਰ ਕੌਰ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਨੂੰ ਇਨਸਾਫ ਮਿਲਣ ਤੱਕ ਉਹਨਾਂ ਦੇ ਨਾਲ ਡਟਿਆ ਰਹੇਗਾ। ਉਹਨਾਂ ਕਿਹਾ ਕਿ ਜੇਕਰ ਲਾਲਜੀਤ ਭੁੱਲਰ ਦੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੁੰਦੀ ਤਾਂ ਅਕਾਲੀ ਦਲ ਧਰਨਾ ਦੇਵੇਗਾ। ਉਹਨਾਂ ਇਹ ਵੀ ਕਿਹਾ ਕਿ ਪਾਰਟੀ ਕੇਸ ਵਿਚ ਇਨਸਾਫ ਦੀ ਮੰਗ ਕਰਦਿਆਂ ਰੋਸ ਧਰਨਾ ਵੀ ਦੇਵੇਗੀ।

ਇਕ ਹੋਰ ਹੈਰਾਨੀਜਨਕ ਖੁਲ੍ਹਾਸੇ ਵਿਚ ਸਰਦਾਰ ਬਾਦਲ ਨੇ ਦੱਸਿਆ ਕਿ ਵੇਅਰ ਹਾਊਸਿੰਗ ਅਫਸਰ ਤੇ ਟਰਾਂਸਪੋਰਟ ਮੰਤਰੀ ਨੇ ਦਬਾਅ ਬਣਾਇਆ ਸੀ ਕਿ ਉਹ 50 ਹਜ਼ਾਰ ਮੀਟਰਿਕ ਟਨ ਵਾਸਤੇ ਗੋਦਾਮ ਬਣਾਉਣ ਵਾਸਤੇ ਟੈਂਡਰ ਦੇਵੇ ਅਤੇ ਇਸ ਟੈਂਡਰ ਵਿਚੋਂ 20 ਹਜ਼ਾਰ ਟਨ ਦਾ ਟੈਂਡਰ ਪਹਿਲਾਂ ਹੀ ਮੰਤਰੀ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਦੇ ਨਾਮ ਤੇ ਅਲਾਟ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਡਾ. ਰੰਧਾਵਾ ਤੇ ਦਬਾਅ ਬਣਾਇਆ ਗਿਆ ਕਿ ਉਹ ਬਾਕੀ ਰਹਿੰਦੇ 30 ਹਜ਼ਾਰ ਮੀਟਰਿਕ ਟਨ ਦਾ ਟੈਂਡਰ ਵੀ ਅਲਾਟ ਕਰੇ।

ਸਰਦਾਰ ਬਾਦਲ ਨੇ ਜ਼ੋਰ ਦੇ ਕਿਹਾ ਕਿ ਪੰਜਾਬ ਨੇ ਨਾ ਸਿਰਫ ਇਕ ਈਮਾਨਦਾਰ ਅਫਸਰ ਗੁਆ ਲਿਆ ਹੈ ਬਲਕਿ ਇਕ ਬਹੁਤ ਹੀ ਪੜ੍ਹਿਆ ਲਿਖਿਆ ਅਫਸਰ ਗੁਆ ਲਿਆ ਹੈ। ਉਹਨਾਂ ਕਿਹਾ ਕਿ ਅਜਿਹੇ ਵੱਧ ਪੜ੍ਹੇ ਲਿਖੇ ਅਫਸਰ ਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਕਰਨ ਲਈ ਹਾਲਾਤ ਬਣਾਉਣੇ ਬਹੁਤ ਹੀ ਘਿਨੌਣਾ ਅਪਰਾਧ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਡਾ. ਰੰਧਾਵਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਏਜੰਸੀਆਂ ਅਤੇ ਯੂਨੀਅਨਾਂ ਨੇ ਅਕਾਲੀ ਦਲ ਦੇ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਇਕ ਈਮਾਨਦਾਰ ਤੇ ਵਫਾਦਾਰ ਅਫਸਰ ਗੁਆ ਲਿਆ ਹੈ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ।

Written By
The Punjab Wire