ਬਟਾਲਾ ਦੇ ਨਿਕਲੇ ਚਾਰੋ ਮੁਲਜ਼ਮ, ਮਾਸਟਰ ਮਾਇਡ ਅਤੇ ਹੋਰਾਂ ਦੀ ਗ੍ਰਿਫ਼ਤਾਰੀ ਲਈ ਨਿਰੰਤਰ ਯਤਨ ਜਾਰੀ
ਨਿਹੰਗ ਬਾਣੇ ਦਾ ਕੀਤਾ ਗਿਆ ਸੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਸਤੇਮਾਲ
ਗੁਰਦਾਸਪੁਰ, 12 ਮਾਰਚ 2026 (ਮੰਨਣ ਸੈਣੀ)। ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਸ਼ਹਿਰ ਵਿੱਚ ਸਹਿਮ ਅਤੇ ਚਿੰਤਾ ਦਾ ਮਾਹੌਲ ਸੀ, ਪਰ ਪੁਲਿਸ ਪ੍ਰਸ਼ਾਸਨ ਨੇ ਦਿਨ-ਰਾਤ ਇੱਕ ਕਰਕੇ ਨਾ ਸਿਰਫ਼ ਵੱਡੀ ਲੁੱਟ ਦੀ ਗੁੱਥੀ ਸੁਲਝਾਈ ਹੈ, ਸਗੋਂ ਆਮ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਨ ਦਾ ਹੀਲਾ ਕੀਤਾ ਹੈ।

ਜਨਤਾ ਦੀਆਂ ਉਮੀਦਾਂ ‘ਤੇ ਖ਼ਰੀ ਉਤਰੀ ਪੁਲਿਸ
ਦੱਸਣਯੋਗ ਹੈ ਕਿ 5 ਮਾਰਚ ਦੀ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਕਾਰੋਬਾਰੀਆਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਅਤੇ ਡਰ ਪਾਇਆ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਉੱਤੇ ਲਗਾਤਾਰ ਭਾਰੀ ਪ੍ਰੈਸ਼ਰ (ਦਬਾਅ) ਬਣਿਆ ਹੋਇਆ ਸੀ। ਸੀਨੀਅਰ ਕਪਤਾਨ ਪੁਲਿਸ ਆਈ.ਪੀ.ਐਸ ਅਦਿੱਤਯ ਦੀ ਅਗਵਾਈ ਹੇਠ ਟੀਮਾਂ ਨੇ ਪੂਰੀ ਸ਼ਿੱਦਤ ਨਾਲ ਕੰਮ ਕਰਦਿਆਂ, ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹਨ। ਇਸ ਕਾਮਯਾਬੀ ਨਾਲ ਪੁਲਿਸ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰੀ ਉਤਰਨ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਹੀ ਹੈ।
ਧਾਰਮਿਕ ਬਾਣੇ ਦੀ ਆੜ ਵਿੱਚ ਦਿੱਤਾ ਧੋਖਾ
ਇਸ ਵਾਰਦਾਤ ਦੀ ਸਭ ਤੋਂ ਮੰਦਭਾਗੀ ਗੱਲ ਇਹ ਰਹੀ ਕਿ ਦੋਸ਼ੀਆਂ ਨੇ ਨਿਹੰਗ ਸਿੰਘਾਂ ਦੇ ਪਵਿੱਤਰ ਬਾਣੇ ਦਾ ਇਸਤੇਮਾਲ ਕਰਕੇ ਪਰਿਵਾਰ ਨੂੰ ਗੁਮਰਾਹ ਕੀਤਾ ਸੀ। ਪੁਲਿਸ ਨੇ ਲੋਕਾਂ ਨੂੰ ਸਪੱਸ਼ਟ ਕੀਤਾ ਹੈ ਕਿ ਫੜੇ ਗਏ ਮੁਲਜ਼ਮਾਂ ਦਾ ਨਿਹੰਗ ਬਾਣੇ ਨਾਲ ਕੋਈ ਸਬੰਧ ਨਹੀਂ ਹੈ, ਉਨ੍ਹਾਂ ਨੇ ਮਹਿਜ਼ ਵਾਰਦਾਤ ਨੂੰ ਅੰਜਾਮ ਦੇਣ ਲਈ ਇਸ ਭੇਸ ਦੀ ਨਾਜਾਇਜ਼ ਵਰਤੋਂ ਕੀਤੀ ਸੀ।

ਵੱਡੀ ਬਰਾਮਦਗੀ ਅਤੇ ਅਗਲੀ ਕਾਰਵਾਈ
ਐਸਐਸਪੀ ਅਦਿੱਤਯ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਜਿਸ ਅੰਦਰ ਐਸਪੀ ਡੀ ਦਵਿੰਦਰ ਚੌਧਰੀ ਅਤੇ ਐਸਐਚਓ ਦਵਿੰਦਰ ਪ੍ਰਕਾਸ਼ ਵੀ ਮੌਜੂਦ ਸੀ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਕਰੀਬ 1 ਕਰੋੜ 85 ਲੱਖ ਰੁਪਏ ਦੀ ਕੀਮਤ ਦਾ ਸੋਨਾ, ਚਾਂਦੀ, ਜਿਸ ਅੰਦਰ ਨਕਦੀ (32 ਲੱਖ) ਵੀ ਸ਼ਾਮਿਲ ਹੈ, ਲੁੱਟੀ ਗਈ ਕਾਰ ਬਰਾਮਦ ਕਰ ਲਈ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਵਲੋਂ ਵਾਰਦਾਤ ਵਿੱਚ ਸ਼ਾਮਿਲ 4 ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਹਿਚਾਣ ਰਾਜਬੀਰ ਸਿੰਘ ਉਰਫ ਰਾਜਾ, ਬਲਵਿੰਦਰ ਸਿੰਘ ਉਰਫ਼ ਬੂਟਾ ਵਾਸੀ ਧੀਮਾਨ ਥਾਣਾ ਕਿਲਾ ਲਾਲ ਸਿੰਘ (ਬਟਾਲਾ), ਸਿਮਰਜੀਤ ਸਿੰਘ ਉਰਫ਼ ਸਿੰਮਾ ਵਾਸੀ ਭਗਵਾਨਪੁਰ ਕਲੋਨੀ ਅਤੇ ਕੁਲਬੀਰ ਸਿੰਘ ਵਾਸੀ ਥਾਣਾ ਕੋਟਲੀ ਸੂਰਤ ਮੱਲੀਆ (ਬਟਾਲਾ) ਵਜੋ ਹੋਈ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਹਾਲੇ ਮਾਮਲਾ ਜਾਂਚ ਅਧੀਨ ਹੈ ਅਤੇ ਪੁਲਿਸ ਵੱਲੋਂ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਅਤੇ ਹੋਰ ਦੋਸ਼ਿਆ ਨੂੰ ਫੜ੍ਹਨ ਲਈ ਭਾਲ ਕੀਤੀ ਜਾ ਰਹੀ ਹੈ। ਐਸਐਸਪੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਨੀਜੀ ਤੌਰ ਤੇ ਨਿਰੰਤਰ ਇਸ ਕੇਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਜਲਦੀ ਹੀ ਹੋਰ ਦੋਸ਼ਿਆ ਨੂੰ ਵੀ ਕਾਬੂ ਕਰਕੇ ਬਾਕੀ ਰਹਿੰਦਾ ਸਾਮਾਨ ਵੀ ਬਰਾਮਦ ਕਰ ਲਿਆ ਜਾਵੇਗਾ।
ਗੁਰਦਾਸਪੁਰ ਪੁਲਿਸ ਦੀ ਇਸ ਮੁਸਤੈਦੀ ਨੇ ਅਪਰਾਧੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।