Close

Recent Posts

ਪੰਜਾਬ

ਆਪ’ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਦੇ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ, ਪੀਐਮ ਮੋਦੀ ਦਾ ਫੂਕਿਆ ਪੁਤਲਾ

ਆਪ’ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਦੇ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ, ਪੀਐਮ ਮੋਦੀ ਦਾ ਫੂਕਿਆ ਪੁਤਲਾ
  • PublishedFebruary 14, 2026

ਰਾਜਪਾਲ ਦਾ ਆਪਣੀ ਥਾਂ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਡੀਬੀਯੂ ‘ਚ ਭੇਜਣਾ ਇੱਕ ਡੂੰਘੀ ਸਿਆਸੀ ਸਾਜ਼ਿਸ਼:ਗੈਰੀ ਬੜਿੰਗ

ਬੜਿੰਗ ਦਾ ਰਾਜਪਾਲ ਨੂੰ ਸਵਾਲ-ਕੀ ਪੰਜਾਬ ਕੋਲ ਆਪਣੇ ਮੰਤਰੀਆਂ ਜਾਂ ਆਗੂਆਂ ਦੀ ਘਾਟ ਹੈ?

ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿੱਚ ਭਾਜਪਾ ਦੇ ਅਜਿਹੇ ਆਗੂਆਂ ਨੂੰ ਬਿਲਕੁਲ ਵੀ ਵੜਨ ਨਹੀਂ ਦਿੱਤਾ ਜਾਵੇਗਾ:ਬੜਿੰਗ

ਚੰਡੀਗੜ੍ਹ 14 ਫਰਵਰੀ 2026 (ਦੀ ਪੰਜਾਬ ਵਾਇਰ)– ਦੇਸ਼ ਭਗਤ ਯੂਨੀਵਰਸਿਟੀ ਵਿਖੇ ਇੱਕ ਪ੍ਰੋਗਰਾਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਆਮਦ ਨੂੰ ਲੈ ਕੇ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿੱਚ ਸੈਂਕੜੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ‘ਆਪ’ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਖੁਦ ਆਉਣ ਦੀ ਬਜਾਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਇਸ ਪ੍ਰੋਗਰਾਮ ਵਿੱਚ ਭੇਜਿਆ। ਉਨ੍ਹਾਂ ਰਾਜਪਾਲ ਤੋਂ ਸਵਾਲ ਕੀਤਾ ਕਿ ਕੀ ਪੰਜਾਬ ਕੋਲ ਆਪਣੇ ਮੰਤਰੀਆਂ ਜਾਂ ਆਗੂਆਂ ਦੀ ਘਾਟ ਹੈ? ਬੜਿੰਗ ਨੇ ਕਿਹਾ ਕਿ ਗਵਰਨਰ ਸਾਹਿਬ ਪੰਜਾਬ ਦੇ ਕਿਸੇ ਵੀ ਮੰਤਰੀ ਦੀ ਡਿਊਟੀ ਲਗਾ ਸਕਦੇ ਸਨ, ਪਰ ਭਾਜਪਾ ਦੇ ਇਸ਼ਾਰੇ ‘ਤੇ ਜਾਣਬੁੱਝ ਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਜਾਬ ਦੀਆਂ ਸੰਸਥਾਵਾਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਮਾਮਲਿਆਂ ਵਿੱਚ ਹਰਿਆਣਾ ਦਾ ਦਖ਼ਲ ਵਧਾਇਆ ਜਾ ਸਕੇ।

ਵਿਧਾਇਕ ਬੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਥਾਨਕ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣਾ ਦੌਰਾ ਰੱਦ ਕਰਕੇ ਵਾਪਸ ਮੁੜਨਾ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਦੀ ਪਵਿੱਤਰ ਧਰਤੀ ਅਤੇ ਵਿੱਦਿਅਕ ਅਦਾਰਿਆਂ ਵਿੱਚ ਭਾਜਪਾ ਦੇ ਅਜਿਹੇ ਆਗੂਆਂ ਨੂੰ ਬਿਲਕੁਲ ਵੀ ਵੜਨ ਨਹੀਂ ਦਿੱਤਾ ਜਾਵੇਗਾ ਜੋ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਖੜ੍ਹਦੇ ਹਨ।

ਇਸ ਦੌਰਾਨ ਬੜਿੰਗ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਇਹ ਸਮਝੌਤਾ ਪੰਜਾਬ ਦੇ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਬਰਬਾਦ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ। ਇਸ ਸਮਝੌਤੇ ਵਿੱਚ ਪੰਜਾਬ ਦੀ ਕਿਸਾਨੀ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਦੇ ਕਿਸੇ ਵੀ ਮੰਤਰੀ ਜਾਂ ਬਾਹਰੀ ਸੂਬੇ ਦੇ ਆਗੂ ਦਾ ਪੰਜਾਬ ਵਿੱਚ ਆਉਣ ‘ਤੇ ਇਸੇ ਤਰ੍ਹਾਂ ਘਿਰਾਓ ਕੀਤਾ ਜਾਵੇਗਾ।

Written By
The Punjab Wire