ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸਬੰਧੀ ਦਿੱਲੀ ਵਿਧਾਨ ਸਭਾ ਵੱਲੋਂ ਕਰਵਾਈ ਜਾਂਚ ਨੇ ਸੱਚ ਲਿਆਂਦਾ ਸਾਹਮਣੇ – ਸੁਨੀਲ ਜਾਖੜ
ਆਪ ਆਗੂਆਂ ਦੀ ਨੀਵੀਂ ਸੋਚ ਹੋਈ ਉਜਾਗਰ
ਚੰਡੀਗੜ੍ਹ 17 ਜਨਵਰੀ 2026 (ਦੀ ਪੰਜਾਬ ਵਾਇਰ)— ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਦਿੱਲੀ ਵਿਧਾਨ ਸਭਾ ਵੱਲੋਂ ਸਾਬਕਾ ਮੁੱਖ ਮੰਤਰੀ ਆਤਸੀ ਜੀ ਦੀ ਵੀਡੀਓ ਦੀ ਕਰਵਾਈ ਗਈ ਜਾਂਚ ਦੇ ਨਤੀਜੇ ਨੇ ਸਿੱਧ ਕਰ ਦਿੱਤਾ ਹੈ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਸੀ ਸਗੋਂ ਪੰਜਾਬ ਸਰਕਾਰ ਨੇ ਤਾਂ ਇਸ ਸਬੰਧੀ ਕਰਾਈ ਜਾਂਚ ਰਿਪੋਰਟ ਨਾਲ ਹੀ ਛੇੜਛਾੜ ਕਰ ਦਿੱਤੀ ਹੈ।
ਉਨਾਂ ਨੇ ਇਸ ਸਬੰਧੀ ਅੱਜ ਇੱਕ ਸੋਸ਼ਲ ਮੀਡੀਆ ਸੁਨੇਹੇ ਵਿੱਚ ਲਿਖਿਆ, “ਆਪ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਜੀ ਦੇ ਵੀਡੀਓ ਦੀ ਦਿੱਲੀ ਵਿਧਾਨ ਸਭਾ ਵੱਲੋਂ ਫੋਰੈਂਸਿਕ ਜਾਂਚ ਕਰਵਾਏ ਜਾਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਸਪਸ਼ਟ ਕੀਤਾ ਹੈ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ ਸੀ।। ਇਹ ਤੱਥ ਉਜਾਗਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕਰਵਾਈ ਫੋਰੈਂਸਿਕ ਜਾਂਚ ਆਪਣੇ ਆਪ ਸ਼ੱਕ ਦੇ ਦਾਇਰੇ ਵਿੱਚ ਆ ਗਈ ਹੈ ਕਿਉਂਕਿ ਪੰਜਾਬ ਪੁਲਿਸ ਨੇ ਵੀਡੀਓ ਨਾਲ ਛੇੜਛਾੜ ਦੀ ਗੱਲ ਆਖੀ ਸੀ।
ਸਾਡੀਆਂ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ਤੇ ਜਿਸ ਤਰ੍ਹਾਂ ਦੀ ਭੂਮਿਕਾ ਪੰਜਾਬ ਸਰਕਾਰ ਨੇ ਆਪਣੀ ਆਗੂ ਨੂੰ ਬਚਾਉਣ ਲਈ ਨਿਭਾਈ ਹੈ ਉਹ ਅਤ ਨਿੰਦਨਯੋਗ ਹੈ।”
ਸੁਨੀਲ ਜਾਖੜ ਨੇ ਇਸ ਸਬੰਧੀ ਅੱਗੇ ਕਿਹਾ ਕਿ ਇਹ ਸਾਰੇ ਤੱਥ ਸਪਸ਼ਟ ਕਰਦੇ ਹਨ ਕਿ ਕਿਸ ਤਰਾਂ ਪੰਜਾਬ ਸਰਕਾਰ ਪੁਲਿਸ ਦੀ ਵਰਤੋਂ ਆਪਣੇ ਆਗੂਆਂ ਨੂੰ ਬਚਾਉਣ ਲਈ ਅਤੇ ਵਿਰੋਧੀਆਂ ਨੂੰ ਦਬਾਉਣ ਲਈ ਕਰਦੀ ਹੈ। ਉਨਾਂ ਆਖਿਆ ਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਸੀਬੀਆਈ ਤੋਂ ਇਸ ਪੂਰੇ ਮਾਮਲੇ ਦੀ ਅਗਲੇਰੀ ਜਾਂਚ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦਾ ਵਿਧਾਨ ਸਭਾ ਵਿੱਚ ਦਿੱਤਾ ਗਿਆ ਬਿਆਨ ਸਿੱਖ ਭਾਵਨਾਵਾਂ ਨਾਲ ਖਿਲਵਾੜ ਸੀ ਅਤੇ ਇਸ ਪਾਰਟੀ ਦੇ ਆਗੂਆਂ ਦੀ ਨੀਵੀਂ ਸੋਚ ਦਾ ਪ੍ਰਤੀਕ ਸੀ।