ਪੰਜਾਬ

ਵੈਟਰਨਜ਼ ਡੇ: ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਦੇ ਸਾਬਕਾ ਸੈਨਿਕਾਂ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਲਾਘਾ

ਵੈਟਰਨਜ਼ ਡੇ: ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਦੇ ਸਾਬਕਾ ਸੈਨਿਕਾਂ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਲਾਘਾ
  • PublishedJanuary 14, 2026

ਪੱਛਮੀ ਕਮਾਂਡ ਵੱਲੋਂ ਮੈਗਾ ਰੈਲੀ ਰਾਹੀਂ ਸਾਬਕਾ ਸੈਨਿਕਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ/ਅੰਮ੍ਰਿਤਸਰ 14 ਜਨਵਰੀ 2026 (ਦੀ ਪੰਜਾਬ ਵਾਇਰ)– ਰਾਸ਼ਟਰ ਪ੍ਰਤੀ ਜਜ਼ਬੇ, ਕੁਰਬਾਨੀ ਅਤੇ ਜੀਵਨ ਸਮਰਪਿਤ ਕਰਨ ਦੀ ਸੇਵਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਪੱਛਮੀ ਕਮਾਂਡ ਦੀ ਅਗਵਾਈ ਹੇਠ ਵਜਰਾ ਕੋਰ ਨੇ 14 ਜਨਵਰੀ 2026 ਨੂੰ ਖਾਸਾ, ਅੰਮ੍ਰਿਤਸਰ ਵਿਖੇ 10ਵਾਂ ਡਿਫੈਂਸ ਸਰਵਿਸਿਸ ਵੈਟਰਨਜ਼ ਡੇ ਮਨਾਇਆ। ਇਸ ਮੌਕੇ ਸਾਬਕਾ ਸੈਨਿਕਾਂ, ਬਹਾਦਰੀ ਅਵਾਰਡ ਜੇਤੂਆਂ, ਵੀਰ ਨਾਰੀਆਂ, ਰੱਖਿਆ ਬਲਾਂ ਦੇ ਪਰਿਵਾਰਾਂ ਅਤੇ ਵਿਧਵਾਵਾਂ ਦੀ ਅਦੁੱਤੀ ਭਾਵਨਾ ਅਤੇ ਨਿਰਸਵਾਰਥ ਯੋਗਦਾਨ ਦਾ ਸਨਮਾਨ ਕੀਤਾ ਗਿਆ।

ਡਿਫੈਂਸ ਸਰਵਿਸਿਸ ਵੈਟਰਨਜ਼ ਡੇ ਹਰ ਸਾਲ 14 ਜਨਵਰੀ ਨੂੰ ਭਾਰਤ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ਼, ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ ਦੀ ਸੇਵਾਮੁਕਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਦਿਵਸ ਹਥਿਆਰਬੰਦ ਸੈਨਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਦਰਮਿਆਨ ਮਜ਼ਬੂਤ ਸਥਾਈ ਸਾਂਝ ਦਾ ਪ੍ਰਤੀਕ ਹੈ।

ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਏ.ਵੀ.ਐਸ.ਐਮ., ਵੀ.ਐਸ.ਐਮ., ਜੀ.ਓ.ਸੀ., ਵਜਰਾ ਕੋਰ ਨੇ ਆਰਮੀ ਕਮਾਂਡਰ, ਪੱਛਮੀ ਕਮਾਂਡ ਤਰਫੋਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰਾਸ਼ਟਰ ਪ੍ਰਤੀ ਬੇਮਿਸਾਲ ਸੇਵਾ ਅਤੇ ਕੁਰਬਾਨੀ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਹਮੇਸ਼ਾ ਆਪਣੇ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ, ਸਮਰਥਨ ਅਤੇ ਉਨ੍ਹਾਂ ਨਾਲ ਖੜ੍ਹੇ ਰਹਿਣ ਪ੍ਰਤੀ ਭਾਰਤੀ ਫੌਜ ਦੀ ਦ੍ਰਿੜ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਰਾਸ਼ਟਰ ਨਿਰਮਾਣ ਵਿੱਚ ਸਾਬਕਾ ਸੈਨਿਕਾਂ ਦੇ ਵੱਡਮੁੱਲੇ ਯੋਗਦਾਨ, ਖਾਸ ਕਰਕੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਉਨ੍ਹਾਂ ਦੀ ਬੇਮਿਸਾਲ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਪ੍ਰਤੀ ਸੂਬਾ ਸਰਕਾਰ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।

ਸਾਬਕਾਂ ਸੈਨਿਕਾਂ ਪ੍ਰਤੀ ਸ਼ਰਧਾਂਜਲੀ ਅਤੇ ਉਨ੍ਹਾਂ ਦੀ ਭਲਾਈ ਸਬੰਧੀ ਵਿਆਪਕ ਪਹੁੰਚ ਦੇ ਰੂਪ ਵਿੱਚ ਸ਼ੁਰੂ ਕੀਤੇ ਇਸ ਪ੍ਰੋਗਰਾਮ ਨੇ ਇੱਕ ਮਜ਼ਬੂਤ ਅਤੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਸਬੰਧੀ ਪ੍ਰਣਾਲੀ ਯਕੀਨੀ ਬਣਾਈ। ਇਸ ਮੌਕੇ 40 ਤੋਂ ਵੱਧ ਸ਼ਿਕਾਇਤ ਨਿਵਾਰਣ ਕਾਊਂਟਰਾਂ ਰਾਹੀਂ ਸਪਰਸ਼, ਪੈਨਸ਼ਨ, ਈ.ਸੀ.ਐਚ.ਐਸ., ਸੀ.ਐਸ.ਡੀ., ਪੁਨਰਵਾਸ ਅਤੇ ਭਲਾਈ ਸਬੰਧੀ ਅਧਿਕਾਰਾਂ ਨਾਲ ਸਬੰਧਤ ਮਾਮਲਿਆਂ ਬਾਰੇ ਮੌਕੇ ਤੇ ਸਹਾਇਤਾ ਪ੍ਰਦਾਨ ਕੀਤੀ ਗਈ ਜੋ ਕਿ ਫੌਜ ਦੀ ਆਪਣੇ ਪਰਿਵਾਰ ਦੇ ਸਨਮਾਨ ਅਤੇ ਭਲਾਈ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।

ਮਾਹਰ ਓਪੀਡੀ ਰਾਹੀਂ ਵਿਆਪਕ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਸਿਹਤ ਸੰਭਾਲ ਸਬੰਧੀ ਲਾਭਾਂ, ਭਲਾਈ ਸਕੀਮਾਂ ਅਤੇ ਸੇਵਾਮੁਕਤੀ ਤੋਂ ਬਾਅਦ ਰੁਜ਼ਗਾਰ ਦੇ ਮੌਕਿਆਂ ਤੇ ਕੇਂਦ੍ਰਿਤ ਜਾਗਰੂਕਤਾ ਪਹਿਲਕਦਮੀਆਂ ਵੀ ਕੀਤੀਆਂ ਗਈਆਂ।

ਇਸ ਰੈਲੀ ਵਿੱਚ ਲਗਭਗ 2,500 ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਤੌਰ ਤੇ ਹਿੱਸਾ ਲਿਆ ਜਦਕਿ ਪੱਛਮੀ ਕਮਾਂਡ ਦੇ ਅਧੀਨ ਵੱਖ-ਵੱਖ ਥਾਵਾਂ ਤੋਂ 4,000-4,500 ਭਾਗੀਦਾਰਾਂ ਨੇ ਵਰਚੁਅਲ ਤੌਰ ਤੇ ਹਿੱਸਾ ਲਿਆ, ਜਿਸ ਨਾਲ ਵਿਆਪਕ ਅਤੇ ਸਮਾਵੇਸ਼ੀ ਪਹੁੰਚ ਯਕੀਨੀ ਬਣਾਈ ਗਈ।

ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿੱਚ ਸਾਬਕਾ ਸੈਨਿਕਾਂ ਅਤੇ ਬਹਾਦਰ ਔਰਤਾਂ ਨਾਲ ਸਨਮਾਨ ਅਤੇ ਗੱਲਬਾਤ, ਫੌਜੀ ਪਰੰਪਰਾਵਾਂ ਨੂੰ ਦਰਸਾਉਂਦੇ ਸੱਭਿਆਚਾਰਕ ਪ੍ਰੋਗਰਾਮ, ਮਲਟੀ-ਸਪੈਸ਼ਲਿਟੀ ਡਾਕਟਰੀ ਜਾਂਚ, ਭਲਾਈ ਅਤੇ ਸ਼ਿਕਾਇਤ ਨਿਵਾਰਣ ਸਟਾਲ ਅਤੇ ਦੁਪਹਿਰੇ ਦੇ ਖਾਣੇ ਦਾ ਪ੍ਰਬੰਧ ਸ਼ਾਮਲ ਸੀ, ਜਿਸ ਨੇ ਆਪਸੀ ਸਦਭਾਵਨਾ, ਯਾਦ ਅਤੇ ਸਮੂਹਿਕ ਮਾਣ ਦੀ ਭਾਵਨਾ ਨੂੰ ਮਜ਼ਬੂਤ ਕੀਤਾ।

ਨੋਡਲ ਫਾਰਮੇਸ਼ਨ ਵਜੋਂ ਵਜਰਾ ਕੋਰ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਸ਼ਾਨਦਾਰ ਤਾਲਮੇਲ, ਮਾਣਮੱਤੇ ਆਚਰਣ ਅਤੇ ਦੇਸ਼ ਦੇ ਸਾਬਕਾ ਸੈਨਿਕਾਂ ਦੀ ਸਦੀਵੀ ਵਿਰਾਸਤ ਨੂੰ ਢੁਕਵੀਂ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਦੀ ਦੇਸ਼ ਪ੍ਰਤੀ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਅਤੇ ਜਿਨ੍ਹਾਂ ਦੇ ਬਲਿਦਾਨ ਦੇਸ਼ ਦੀ ਚੇਤਨਾ ਵਿੱਚ ਸਦੀਵੀ ਦਰਜ ਹਨ।

ਯਾਦਗਾਰੀ ਸਮਾਗਮਾਂ ਦੀ ਇਸ ਲੜੀ ਨੂੰ ਜਾਰੀ ਰੱਖਦਿਆਂ, ਟ੍ਰਾਈਸਿਟੀ ਦੇ ਸਾਬਕਾ ਅਧਿਕਾਰੀਆਂ ਲਈ 18 ਜਨਵਰੀ 2026 ਨੂੰ ਚੰਡੀਮੰਦਰ ਮਿਲਟਰੀ ਸਟੇਸ਼ਨ ਵਿਖੇ ਇੱਕ ਵਿਸ਼ੇਸ਼ ਗੱਲਬਾਤ ਅਤੇ ਦੁਪਹਿਰ ਦਾ ਖਾਣਾ ਆਯੋਜਿਤ ਕੀਤਾ ਜਾਵੇਗਾ, ਜੋ ਕਿ ਭਾਰਤੀ ਫੌਜ ਅਤੇ ਇਸਦੇ ਸਾਬਕਾ ਸੈਨਿਕਾਂ ਦਰਮਿਆਨ ਸਥਾਈ ਸਾਂਝ ਅਤੇ ਸਤਿਕਾਰ, ਭਾਗੀਦਾਰੀ ਅਤੇ ਭਲਾਈ ਪ੍ਰਤੀ ਇਸ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰੇਗਾ।

Written By
The Punjab Wire