ਮੁੱਖ ਖ਼ਬਰ

ਮੋਹਾਲੀ ਵਿੱਚ ਜ਼ਿਲ੍ਹਾ ਪੱਧਰੀ ਦੂਜਾ ਗੱਤਕਾ ਮੁਕਾਬਲਾ 25 ਦਸੰਬਰ ਨੂੰ

ਮੋਹਾਲੀ ਵਿੱਚ ਜ਼ਿਲ੍ਹਾ ਪੱਧਰੀ ਦੂਜਾ ਗੱਤਕਾ ਮੁਕਾਬਲਾ 25 ਦਸੰਬਰ ਨੂੰ
  • PublishedDecember 23, 2025

ਮੋਹਾਲੀ, 23 ਦਸੰਬਰ 2025 (ਦੀ ਪੰਜਾਬ ਵਾਇਰ)– ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਐਸ.ਏ.ਐਸ. ਨਗਰ ਵੱਲੋਂ ਦੂਜਾ ਜ਼ਿਲ੍ਹਾ ਪੱਧਰੀ ਗੱਤਕਾ ਟੂਰਨਾਮੈਂਟ ਵੀਰਵਾਰ, 25 ਦਸੰਬਰ ਨੂੰ ਸੈਕਟਰ-91 ਸਥਿਤ ਗੁਰਦੁਆਰਾ ਨਾਨਕ ਦਰਬਾਰ ਦੇ ਨੇੜੇ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਤੋਂ ਮਾਨਤਾ ਪ੍ਰਾਪਤ ਹੈ।

ਇਹ ਜਾਣਕਾਰੀ ਦਿੰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਫੂਲ ਰਾਜ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ਤੋਂ ਲਗਭਗ ਦਸ ਗੱਤਕਾ ਟੀਮਾਂ ਇਸ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ। ਇਹ ਟੀਮਾਂ ਰਵਾਇਤੀ ਸਿੱਖ ਜੰਗਜੂ ਕਲਾ ਦੇ ਪ੍ਰਦਰਸ਼ਨ ਦੇ ਨਾਲ-ਨਾਲ ਮੁਕਾਬਲਾਤਮਕ ਬਾਊਟਾਂ ਰਾਹੀਂ ਆਪਣੀ ਕੁਸ਼ਲਤਾ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਮਕਸਦ ਉਭਰਦੇ ਖਿਡਾਰੀਆਂ ਨੂੰ ਇੱਕ ਮੁਕਾਬਲੇ ਯੋਗ ਮੰਚ ਪ੍ਰਦਾਨ ਕਰਨਾ ਅਤੇ ਜਿਲ੍ਹੇ ਵਿੱਚ ਗੱਤਕੇ ਦੀ ਹੇਠਲੇ ਪੱਧਰ ਤੇ ਸਿਖਲਾਈ ਨੂੰ ਹੋਰ ਦ੍ਰਿੜ ਕਰਨਾ ਹੈ।

ਫੂਲ ਰਾਜ ਸਿੰਘ ਨੇ ਹੋਰ ਕਿਹਾ ਕਿ ਇਹ ਮੁਕਾਬਲਾ ਗੱਤਕੇ ਨੂੰ ਸਿਰਫ਼ ਇੱਕ ਸੱਭਿਆਚਾਰਕ ਵਿਰਾਸਤ ਵਜੋਂ ਹੀ ਨਹੀਂ ਸਗੋਂ ਰਾਸ਼ਟਰੀ ਮਾਪਦੰਡਾਂ ਅਨੁਸਾਰ ਇੱਕ ਸੁਚਾਰੂ ਅਤੇ ਨਿਯੰਤਰਿਤ ਖੇਡ ਵਜੋਂ ਉਭਾਰਨ ਲਈ ਕੀਤੇ ਜਾ ਰਹੇ ਵਿਸ਼ਾਲ ਯਤਨਾਂ ਦਾ ਹਿੱਸਾ ਹੈ।

ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਕੋਆਰਡੀਨੇਟਰ ਹਰਸਿਮਰਨ ਸਿੰਘ ਅਤੇ ਸ਼ੈਰੀ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ ਪ੍ਰਤਿਭਾ ਦੀ ਪਛਾਣ ਕਰਨ, ਨੌਜਵਾਨਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਰਾਜ ਅਤੇ ਕੌਮੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਨੇੜਲੇ ਇਲਾਕਿਆਂ ਤੋਂ ਵੀ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ ਜਿਸ ਨਾਲ ਸ਼ਹਿਰੀ ਖੇਤਰਾਂ ਵਿੱਚ ਗੱਤਕਾ ਦੀ ਵਧ ਰਹੀ ਪਛਾਣ ਅਤੇ ਮਕਬੂਲੀਅਤ ਨੂੰ ਹੋਰ ਮਜ਼ਬੂਤੀ ਮਿਲੇਗੀ।

Written By
The Punjab Wire