ਪੰਜਾਬ

ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਦੂਜੇ ਨੰਬਰ ’ਤੇ ਆਇਆ ਅਤੇ ਕਾਂਗਰਸ ਨਾਲੋਂ ਕਾਰਗੁਜ਼ਾਰੀ ਬੇਹਤਰ ਰਹੀ: ਸੁਖਬੀਰ ਸਿੰਘ ਬਾਦਲ

ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਦੂਜੇ ਨੰਬਰ ’ਤੇ ਆਇਆ ਅਤੇ ਕਾਂਗਰਸ ਨਾਲੋਂ ਕਾਰਗੁਜ਼ਾਰੀ ਬੇਹਤਰ ਰਹੀ: ਸੁਖਬੀਰ ਸਿੰਘ ਬਾਦਲ
  • PublishedDecember 19, 2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤਣ ਲਈ ਸ੍ਰੀ ਮੁਕਤਸਰ ਸਾਹਿਬ ਦੀ ਪਾਰਟੀ ਇਕਾਈ ਦਾ ਕੀਤਾ ਸਨਮਾਨ

ਲੰਬੀ/ ਚੰਡੀਗੜ੍ਹ,19 ਦਸੰਬਰ 2025 (ਦੀ ਪੰਜਾਬ ਵਾਇਰ)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਅਸਲ ਵਿਚ ਦੂਜੇ ਨੰਬਰ ’ਤੇ ਆਇਆ ਹੈ ਤੇ ਇਸਦੀ ਕਾਰਗੁਜ਼ਾਰੀ ਕਾਂਗਰਸ ਦੇ ਮੁਕਾਬਲੇ ਚੰਗੀ ਰਹੀ ਹੈ ਕਿਉਂਕਿ ਇਸਨੇ ਕਾਂਗਰਸ ਦੇ ਮੁਕਾਬਲੇ 673 ਘੱਟ ਸੀਟਾਂ ’ਤੇ ਚੋਣਾਂ ਲੜੀਆਂ ਕਿਉਂਕਿ ਇਸਦੇ ਨਾਮਜ਼ਦਗੀ ਪੱਤਰ ਵੱਡੀ ਪੱਧਰ ’ਤੇ ਰੱਦ ਕੀਤੇ ਗਏ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਮਨਜੀਤ ਸਿੰਘ ਬਿੱਟੂ ਤੇ ਕੁਲਵਿੰਦਰ ਕੌਰ ਸਮੇਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਦਾ ਆਪਣੀ ਰਿਹਾਇਸ਼ ’ਤੇ ਸਨਮਾਨ ਕੀਤਾ, ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਅਕਾਲੀ ਦਲ ਦੇ ਬਹੁ ਗਿਣਤੀ ਨਾਮਜ਼ਦਗੀ ਪੱਤਰ ਇਸ ਕਰ ਕੇ ਰੱਦ ਕਰ ਦਿੱਤੇ ਗਏ ਕਿਉਂਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਸਭ ਤੋਂ ਜ਼ਿਆਦਾ ਅਕਾਲੀ ਦਲ ਤੋਂ ਡਰ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ 2838 ਬਲਾਕ ਸੰਮਤੀ ਸੀਟਾਂ ਵਿਚੋਂ ਆਪਣੇ 351 ਉਮੀਦਵਾਰ ਬਿਨਾਂ ਮੁਕਾਬਲੇ ਇਸ ਕਰ ਕੇ ਜੇਤੂ ਕਰਾਰ ਦੁਆ ਲਏ ਕਿਉਂਕਿ ਇਸਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ। ਉਹਨਾਂ ਕਿਹਾ ਕਿ ਇਸਨੇ ਬੇਤੁਕੇ ਆਧਾਰ ’ਤੇ ਅਕਾਲੀ ਦਲ ਦੇ 1024 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾ ਦਿੱਤੇ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਨੇ 1814 ਸੀਟਾਂ ’ਤੇ ਚੋਣ ਲੜੀ ਅਤੇ ਇਸਦੀ ਕਾਰਗੁਜ਼ਾਰੀ ਕਾਂਗਰਸ ਨਾਲੋਂ ਕਿਤੇ ਬੇਹਤਰ ਹੈ ਜਿਸਨੇ 2487 ਸੀਟਾਂ ’ਤੇ ਚੋਣ ਲੜੀ।ਅਕਾਲੀ ਦਲ ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਵਿਚ ਦਰਜ ਕੀਤੀਆਂ ਜਿੱਤਾਂ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਇਹਨਾਂ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪ੍ਰੀਸ਼ਦਾਂ ਵਿਚ ਆਪਣੇ ਉਮੀਦਵਾਰਾਂ ਨੂੰ ਚੇਅਰਮੈਨ ਬਣਵਾ ਲਵੇਗੀ। ਉਹਨਾਂ ਕਿਹਾ ਕਿ ਪਾਰਟੀ ਮਾਨਸਾ ਸਮੇਤ 15 ਹਲਕਿਆਂ ਵਿਚ ਆਪਣੇ ਚੇਅਰਪਰਸਨ ਚੁਣਵਾ ਲਵੇਗੀ ਕਿਉਂਕਿ ਚੱਕਰੀਆ ਤੋਂ ਆਜ਼ਾਦ ਉਮੀਦਵਾਰ ਰਸਵਿੰਦਰ ਸਿੰਘ ਨੇ ਵੀ ਪਾਰਟੀ ਨੂੰ ਹਮਾਇਤ ਦੇ ਦਿੱਤੀ ਹੈ ਜਿਸਦੀ ਬਦੌਲਤ 25 ਮੈਂਬਰੀ ਸਦਨ ਵਿਚ ਪਾਰਟੀ ਦੇ ਮੈਂਬਰਾਂ ਦੀ ਗਿਣਤੀ 13 ਹੋ ਗਈ ਹੈ।ਸ੍ਰੀ ਮੁਕਤਸਰ ਸਾਹਿਬ ਵਿਚ ਲਾਮਿਸਾਲ ਕਾਰਗੁਜ਼ਾਰੀ ਲਈ ਸਥਾਨਕ ਟੀਮ ਨੂੰ ਵਧਾਈ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੈ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਵਿਚੋਂ 2 ਸੀਟਾਂ ਜਿੱਤ ਗਏ ਹਨ ਜਦੋਂ ਕਿ ਬਲਾਕ ਸੰਮਤੀ ਦੀਆਂ 20 ਵਿਚੋਂ 17 ਸੀਟਾਂ ਜਿੱਤ ਗਏ ਹਨ।ਉਹਨਾਂ ਇਹ ਵੀ ਦੱਸਿਆ ਕਿ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਸਮੇਤ ਦਰਜਨ ਭਰ ਸੀਨੀਅਰ ਆਗੂ ਆਪਣੇ ਪਿੰਡਾਂ ਵਿਚ ਵੀ ਬਲਾਕ ਸੰਮਤੀ ਚੋਣਾਂ ਨਹੀਂ ਜਿੱਤ ਸਕੇ।ਉਹਨਾਂ ਨੇ ਪਾਰਟੀ ਦੇ ਕਾਨੇਵਾਲੀ ਤੇ ਉਦੇਕਰਨ ਜ਼ੋਰਨ ਦੇ ਜੇਤੂਆਂ ਕੁਲਵਿੰਦਰ ਕੌਰ ਅਤੇ ਮਨਜੀਤ ਸਿੰਘ ਬਿੱਟੂ ਸਮੇਤ ਬਲਾਕ ਸੰਮਤੀ ਦੇ ਜੇਤੂ ਉਮੀਦਵਾਰਾਂ ਨੂੰ ਇਸ ਮੌਕੇ ਸਨਮਾਨਤ ਕੀਤਾ।

Written By
The Punjab Wire