ਆਈ.ਪੀ.ਐੱਸ. ਕੁਮਾਰ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਕਾਂਗਰਸ ਨੇ ਕੱਢਿਆ ਕੈਂਡਲ ਮਾਰਚ
ਦਲਿਤ ਹੋਣ ਕਰਕੇ ਭਾਜਪਾ ਵੱਲੋਂ ਨਿਆਂ ਨਹੀਂ ਦਿੱਤਾ ਜਾ ਰਿਹਾ – ਪਾਹੜਾ ਗੁਰਦਾਸਪੁਰ
ਗੁਰਦਾਸਪੁਰ, 14 ਮਾਰਚ 2025 (ਮਨਨ ਸੈਣੀ)। ਆਈ.ਪੀ.ਐੱਸ. ਵਾਈ. ਪੂਰਨ ਕੁਮਾਰ ਨੂੰ ਨਿਆਂ ਦਿਵਾਉਣ ਲਈ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਸੰਘਰਸ਼ ਅਧੀਨ ਸੋਮਵਾਰ ਨੂੰ ਸਾਰੇ ਜਿਲ੍ਹਾ ਹੈਡਕੁਆਰਟਰਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਇਸੇ ਅਧੀਨ ਗੁਰਦਾਸਪੁਰ ’ਚ ਜਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੇ ਹੁਕਮਾਂ ’ਤੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਤੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਅਗਵਾਈ ’ਚ ਕੈਂਡਲ ਮਾਰਚ ਕੱਢਿਆ ਗਿਆ।
ਐਡਵੋਕੇਟ ਪਾਹੜਾ ਨੇ ਕਿਹਾ ਕਿ ਦਲਿਤਾਂ ’ਤੇ ਲਗਾਤਾਰ ਹੋ ਰਹੇ ਜੁਲਮ ਭਾਜਪਾ ਤੇ ਆਰ.ਐੱਸ.ਐੱਸ. ਦੀਆਂ ਨੀਤੀਆਂ ਦਾ ਨਤੀਜਾ ਨੇ। ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦਾ ਦਾਅਵਾ ਕਰਦੀ ਹੈ, ਉੱਥੇ ਇਸ ਮਾਮਲੇ ’ਚ ਪੀੜਤ ਦਲਿਤ ਹੋਣ ਕਰਕੇ ਨਿਆਂ ਨਹੀਂ ਦਿੱਤਾ ਜਾ ਰਿਹਾ। ਪਰ ਕਾਂਗਰਸ ਪਾਰਟੀ ਇਸ ਸੰਘਰਸ਼ ’ਚ ਪੀੜਤ ਪਰਿਵਾਰ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਨਿਆਂ ਨਹੀਂ ਮਿਲਦਾ, ਕਾਂਗਰਸ ਪਾਰਟੀ ਲਗਾਤਾਰ ਸੰਘਰਸ਼ ਜਾਰੀ ਰੱਖੇਗੀ।
ਐਡਵੋਕੇਟ ਪਾਹੜਾ ਨੇ ਕਿਹਾ ਕਿ ਕਾਂਗਰਸ ਹੀ ਇਕੋ-ਇਕ ਧਰਮ ਨਿਰਪੱਖ ਪਾਰਟੀ ਹੈ, ਜੋ ਹਰ ਵਰਗ ਦੇ ਲੋਕਾਂ ਦੇ ਹੱਕਾਂ ਲਈ ਉਨ੍ਹਾਂ ਨਾਲ ਖੜ੍ਹਦੀ ਹੈ। ਜਦਕਿ ਹੋਰ ਪਾਰਟੀਆਂ ਹਮੇਸ਼ਾ ਵੋਟਾਂ ਦੀ ਸਿਆਸਤ ਕਰਦੀਆਂ ਨੇ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਕਾਂਗਰਸ ਪਾਰਟੀ ਨੇ ਪਾਹੜਾ ਦਫਤਰ ਤੋਂ ਕੈਂਡਲ ਮਾਰਚ ਸ਼ੁਰੂ ਕੀਤਾ, ਜੋ ਸੰਗਲਪੁਰਾ ਰੋਡ ਤੋਂ ਹੁੰਦਾ ਹੋਇਆ ਭਾਈ ਲਾਲੋ ਚੌਕ ’ਚ ਜਾ ਕੇ ਖਤਮ ਹੋਇਆ। ਰੋਸ ਪ੍ਰਦਰਸ਼ਨ ’ਚ ਕਈ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ ਤੇ ਆਪਣਾ ਵਿਰੋਧ ਦਰਜ ਕਰਵਾਇਆ।