ਰਮਨ ਬਹਿਲ ਨੇ ਪਿੰਡ ਗੋਹਤ ਪੋਖਰ ਵਿਖੇ ਨਵੇਂ ਬਣਨ ਵਾਲੇ ਹੈਲਥ ਐਂਡ ਵੈਲਨੈਸ ਸੈਂਟਰ ਅਤੇ ਪੰਚਾਇਤ ਘਰ ਦਾ ਨੀਹ ਪੱਥਰ ਰੱਖਿਆ
ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਸਰਬਪੱਖੇ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ – ਰਮਨ ਬਹਿਲ
ਗੁਰਦਾਸਪੁਰ, 6 ਅਕਤੂਬਰ 2025 (ਮੰਨਨ ਸੈਣੀ)– ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਗੁਰਦਾਸਪੁਰ ਦੇ ਵਿਧਾਇਕ ਸ਼੍ਰੀ ਰਮਨ ਬਹਿਲ ਵੱਲੋਂ ਬੀਤੀ ਸ਼ਾਮ ਹਲਕੇ ਦੇ ਪਿੰਡ ਗੋਹਤ ਪੋਖਰ ਵਿਖੇ ਨਵੇਂ ਬਣਨ ਵਾਲੇ ਹੈਲਥ ਐਂਡ ਵੈਲਨੈਸ ਸੈਂਟਰ ਅਤੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਸਰਕਾਰ ਵੱਲੋਂ ਇਸ ਹੈਲਥ ਐਂਡ ਵੈਲਨੈਸ ਸੈਂਟਰ ਉੱਪਰ 35 ਲੱਖ ਰੁਪਏ ਅਤੇ ਪੰਚਾਇਤ ਘਰ ਉੱਪਰ 25 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸ ਮੌਕੇ ਪਿੰਡ ਵਿੱਚ ਇੱਕ ਭਰਵੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅੱਜ ਦਾ ਦਿਨ ਪਿੰਡ ਗੋਹਤ ਪੋਖਰ ਦੇ ਵਾਸੀਆਂ ਲਈ ਬੜਾ ਸੁਭਾਗਾ ਦਿਨ ਹੈ ਕਿਉਂਕਿ ਅੱਜ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪਿੰਡ ਵਿੱਚ ਨਵਾਂ ਹੈਲਥ ਐਂਡ ਵੈਲਨੈਸ ਸੈਂਟਰ ਅਤੇ ਪੰਚਾਇਤ ਘਰ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੈਲਥ ਐਂਡ ਵੈਲਨੈਸ ਸੈਂਟਰ ਬਣਨ ਨਾਲ ਪਿੰਡ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਮਿਲਣਗੀਆਂ। ਉਹਨਾਂ ਕਿਹਾ ਕਿ ਇਸ ਪਿੰਡ ਵਿੱਚ ਪੰਚਾਇਤ ਘਰ ਦੀ ਵੀ ਵੱਡੀ ਘਾਟ ਸੀ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਚਾਇਤ ਘਰ ਬਣਨ ਨਾਲ ਪਿੰਡ ਦੀ ਪੰਚਾਇਤ ਇੱਥੇ ਬੈਠ ਕੇ ਪਿੰਡ ਦੇ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕਰਿਆ ਕਰੇਗੀ ਦੇ ਨਾਲ ਹੀ ਇਹ ਪੰਚਾਇਤ ਘਰ ਕਾਮਨ ਸਰਵਿਸ ਸੈਂਟਰ ਵਜੋਂ ਵੀ ਆਪਣੀਆਂ ਸੇਵਾਵਾਂ ਦੇਵੇਗਾ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਕੋਸ਼ਿਸ਼ ਲਗਾਤਾਰ ਜਾਰੀ ਹੈ। ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਕਾਸ ਪੱਖੋਂ ਕਿਸੇ ਵੀ ਸੂਰਤ ਵਿੱਚ ਪਿੱਛੇ ਨਾ ਰਹੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਤਾਂ ਜੋ ਹਲਕੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ
ਇਸ ਮੌਕੇ ਪਿੰਡ ਵਾਸੀਆਂ ਨੇ ਨਵਾਂ ਪੰਚਾਇਤ ਘਰ ਅਤੇ ਹੈਲਥ ਐਂਡ ਵੈਲਨੈਸ ਸੈਂਟਰ ਬਣਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।