ਪੁਲਿਸ ਦੀ ਫੁਰਤੀ ਅਤੇ ਪੀੜਤਾ ਦੀ ਬਹਾਦਰੀ ਦੀ ਲੋਕ ਕਰ ਰਹੇ ਸ਼ਲਾਘਾ
ਗੁਰਦਾਸਪੁਰ, 22 ਸਤੰਬਰ 2025 (ਮਨਨ ਸੈਣੀ)। ਐਸ.ਐਸ.ਪੀ. ਅਦਿਤਯ ਦੇ ਸਪਸ਼ਟ ਦਿਸ਼ਾ-ਨਿਰਦੇਸ਼ਾਂ ਹੇਠ ਗੁਰਦਾਸਪੁਰ ਸਿਟੀ ਥਾਣਾ ਪੁਲਿਸ ਨੇ ਅਪਰਾਧ ‘ਤੇ ਸਖ਼ਤ ਕਾਰਵਾਈ ਕਰਦਿਆਂ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਲੁੱਟ-ਖੋਹ ਦੀ ਗੰਭੀਰ ਵਾਰਦਾਤ ਨੂੰ ਸੁਲਝਾਉਂਦਿਆਂ ਪੁਲਿਸ ਨੇ ਵਾਰਦਾਤ ਤੇ ਚੰਦ ਘੰਟਿਆ ਦੇ ਅੰਦਰ ਹੀ ਵਾਦਰਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੀ ਹੋਈ ਸੋਨੇ ਦੀ ਚੇਨ, ਇੱਕ ਦੇਸੀ ਕੱਟਾ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ।
ਵਾਰਦਾਤ ਦੀਆਂ ਵੇਰਵੀਆਂ
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪ੍ਰਭਾਰੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਘਟਨਾ 21 ਸਤੰਬਰ, 2025 ਨੂੰ ਵਾਪਰੀ, ਜਦੋਂ ਸਿਵਲ ਲਾਈਨ ਗੁਰਦਾਸਪੁਰ ਦੀ ਰਹਿਣ ਵਾਲੀ ਸ਼੍ਰੀਮਤੀ ਸਨਮ (ਪਤਨੀ ਸੁਮੀਰ ਗੁਪਤਾ) ਆਪਣੀ ਬੇਟੀ ਨੂੰ ਟਿਊਸ਼ਨ ਤੋਂ ਲੈ ਕੇ ਘਰ ਵਾਪਸੀ ਕਰ ਰਹੀ ਸੀ। ਹਨੁਮਾਨ ਚੌਂਕ ਨੇੜੇ ਸਿਟੀ ਹਾਰਟ ਮਾਲ ਦੇ ਸਾਹਮਣੇ, ਇਕ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸਦੇ ਗਲੇ ਵਿੱਚੋਂ ਕਰੀਬ 2 ਤੋਲੇ ਭਾਰ ਦੀ ਸੋਨੇ ਦੀ ਚੇਨ ਲੁੱਟ ਲਈ। ਜਦੋਂ ਪੀੜਤਾ ਨੇ ਹਿੰਮਤ ਕਰਕੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਪਿੱਛੇ ਬੈਠੇ ਇਕ ਮੁਲਜ਼ਮ ਨੇ ਪਿਸਤੌਲ ਕੱਢ ਕੇ ਉਸਨੂੰ ਗੋਲੀ ਮਾਰਣ ਦੀ ਧਮਕੀ ਦਿੱਤੀ ਤੇ ਦੋਵੇਂ ਫਰਾਰ ਹੋ ਗਏ। ਜਿਸ ਸੰਬੰਧੀ ਥਾਣਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਲਿਆ ਗਿਆ ਅਤੇ ਤਫੀਸ ਲਈ ਏ.ਐਸ.ਆਈ ਰਣਬੀਰ ਸਿੰਘ ਨੂੰ ਤਾਇਨਾਤ ਕੀਤਾ ਗਿਆ।
ਪੁਲਿਸ ਦੀ ਤੁਰੰਤ ਕਾਰਵਾਈ
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਉਨ੍ਹਾਂ ਵੱਲੋਂ ਏ.ਐਸ.ਆਈ. ਰਣਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਗੁਰਦਾਸਪੁਰ ਦੀ ਟੀਮ ਨੇ ਤੁਰੰਤ ਜਾਂਚ ਸ਼ੁਰੂ ਕੀਤੀ। ਤਕਨੀਕੀ ਸਹਾਇਤਾ ਅਤੇ ਸੁਚੱਜੀ ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਦੋਹਾਂ ਮੁਲਜ਼ਮਾਂ ਦੀ ਪਛਾਣ ਕਰ ਲਈ, ਜਿਨ੍ਹਾਂ ਦੇ ਨਾਮ ਸ਼ਮਸ਼ੇਰ ਸਿੰਘ ਵਾਸੀ ਹੇਮਰਾਜਪੁਰ ਅਤੇ ਸੈਮੂਅਲ ਵਾਸੀ ਭੁੱਖਰਾ ਹਨ।
ਪੁਲਿਸ ਨੇ ਸੁਝਬੁੱਝ ਨਾਲ ਕਾਰਵਾਈ ਕਰਦਿਆਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਲੁੱਟੀ ਗਈ ਚੇਨ, ਲੁੱਟ ਦੌਰਾਨ ਇਸਤੇਮਾਲ ਕਰਨ ਵਾਲਾ ਮੋਟਰਸਾਈਕਲ ਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ।
ਜਨਤਾ ਵੱਲੋਂ ਪੁਲਿਸ ਅਤੇ ਪੀੜਿਤਾਂ ਦੀ ਕੀਤੀ ਜਾ ਰਹੀ ਸ਼ਲਾਘਾ
ਇਸ ਕਾਰਵਾਈ ਨੇ ਨਾਂ ਕੇਵਲ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਝਲਕ ਦਿਖਾਈ ਹੈ, ਬਲਕਿ ਗੁਰਦਾਸਪੁਰ ਸ਼ਹਿਰ ਵਿੱਚ ਹੋਣ ਵਾਲੀਆਂ ਅਪਰਾਧਿਕ ਗਤੀਵਿਧੀਆਂ ‘ਤੇ ਪੁਲਿਸ ਦੀ ਸਖ਼ਤੀ ਦਾ ਵੀ ਖੁਲਾਸਾ ਕੀਤਾ ਹੈ। ਪੁਲਿਸ ਦੀ ਇਸ ਤੁਰੰਤ ਸਫਲਤਾ ਦੀ ਜਨਤਕ ਸਰਾਹਨਾ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਵਿੱਚ ਪੁਲਿਸ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਇਸ ਦੇ ਨਾਲ ਹੀ ਲੋਕਾਂ ਵੱਲੋ ਮਹਿਲਾ ਪੀੜਿਤ ਦੀ ਦਿਲੇਰੀ ਦੀ ਵੀ ਪੂਰੀ ਸ਼ਲਾਘਾ ਕੀਤੀ ਜਾ ਰਹੀ ਹੈ।