ਕਿਹਾ ਉਹ ਆਮ ਆਦਮੀ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ-ਰਾਤ ਕੰਮ ਕਰਦੇ ਰਹਿਣਗੇ
ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ਼ ਉੱਚਾ ਹੋਇਆ – ਜਗਰੂਪ ਸਿੰਘ ਸੇਖਵਾਂ
ਗੁਰਦਾਸਪੁਰ, 13 ਅਗਸਤ 2025 ( ਮੰਨਨ ਸੈਣੀ )। ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕੁਝ ਸ਼ਰਾਰਤੀ ਅਨਸਰਾਂ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਹ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ-ਰਾਤ ਕੰਮ ਕਰਦੇ ਰਹਿਣਗੇ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਸਵਰਗੀ ਪਿਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਟਿਕਟ ਦੇ ਨਾਲ ਨਿਵਾਜਿਆ। ਇੱਥੇ ਹੀ ਬੱਸ ਨਹੀਂ ਪਾਰਟੀ ਨੇ ਉਨ੍ਹਾਂ ਨੂੰ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਅਤੇ ਫਿਰ ਸੂਬਾ ਜਨਰਲ ਸਕੱਤਰ ਦੇ ਅਹੁਦੇ ਨਾਲ ਨਿਵਾਜਿਆ। ਇੱਥੇ ਹੀ ਬੱਸ ਨਹੀਂ ਪਾਰਟੀ ਨੇ ਉਨ੍ਹਾਂ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾ ਕਰਨ ਦਾ ਮੌਕਾ ਦਿੱਤਾ। ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹ ਆਮ ਆਦਮੀ ਪਾਰਟੀ ਦੇ ਸਮਰਪਿਤ ਸਿਪਾਹੀ ਹਨ ਅਤੇ ਉਹ ਆਪਣੇ ਆਗੂਆਂ ਅਤੇ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਨ।
ਕਾਦੀਆਂ ਹਲਕੇ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਰਣਨੀਤੀ ਸਦਕਾ ਧਾਰੀਵਾਲ ਮਿਊਂਸੀਪਲ ਕਮੇਟੀ ਉੱਪਰ ਆਮ ਆਦਮੀ ਪਾਰਟੀ ਆਪਣਾ ਕਬਜ਼ਾ ਕਰ ਸਕੀ। ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਦੌਰਾਨ ਹਲਕਾ ਕਾਦੀਆਂ ਦੀਆਂ 80 ਫ਼ੀਸਦੀ ਤੋਂ ਵੱਧ ਆਮ ਆਦਮੀ ਪਾਰਟੀ ਪੱਖੀ ਪੰਚਾਇਤਾਂ ਦੀ ਜਿੱਤ ਕਰਵਾਈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 2024 ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਆਪਣੇ ਸ਼ਹਿਰ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਨੇ 450 ਵੋਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ।
ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਚੋਣ 2022 ਵਿੱਚ ਪ੍ਰਤਾਪ ਸਿੰਘ ਬਾਜਵਾ ਨਾਲ 13,921 ਵੋਟਾਂ ਦਾ ਫ਼ਰਕ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਲੋਕਾਂ ਨਾਲ ਸੰਪਰਕ ਬਣਾਇਆ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਕਾਰਨ ਲੋਕ ਸਭਾ ਚੋਣ 2024 ਵਿੱਚ ਕਾਦੀਆਂ ਹਲਕੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਲੀਡ ਘੱਟ ਕੇ ਕੇਵਲ 3,152 ਵੋਟਾਂ ਰਹਿ ਗਈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਮਨਾਂ ਵਿੱਚ ਵੱਡੇ ਬਦਲਾਅ ਦਾ ਸਪਸ਼ਟ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਗੁਰਇਕਬਾਲ ਸਿੰਘ ਮਾਹਲ ਨੂੰ ਤੀਜੇ ਸਥਾਨ ‘ਤੇ ਧੱਕ ਦੇ ਕੇ 2022 ਦੇ ਮੁਕਾਬਲੇ ਕਰੀਬ 25,557 ਵੋਟਾਂ ਦੀ ਘਾਟ, ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਮੁੱਖ ਚੁਣੌਤੀਕਾਰ ਵਜੋਂ ਸਥਾਪਿਤ ਕਰਦੀ ਹੈ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦਾ ਕੀਤਾ ਜਾ ਰਿਹਾ ਵਿਕਾਸ ਅਤੇ ਇਹ ਸਾਰੇ ਅੰਕੜੇ ਤੇ ਜਿੱਤਾਂ ਇਹ ਸਾਬਤ ਕਰਦੀਆਂ ਹਨ ਕਿ ਉਨ੍ਹਾਂ ਦੀ ਲੀਡਰਸ਼ਿਪ ਹੇਠ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ਼ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਲੋਕ ਪੱਖੀ ਨੀਤੀਆਂ ਕਾਰਨ ਜੇਤੂ ਹੋ ਕੇ ਉੱਭਰੇਗੀ ਅਤੇ ਲੋਕ ਵਿਰੋਧੀ ਦੇ ਕੂੜ ਪ੍ਰਚਾਰ ਨੂੰ ਸਿਰੇ ਤੋਂ ਰੱਦ ਕਰ ਦੇਣਗੇ।