ਗੁਰਦਾਸਪੁਰ

ਸ਼੍ਰੀ ਸਨਾਤਨ ਜਾਗਰਨ ਮੰਚ ਨੇ ਅਮਰੀਕਨ ਕੰਪਨੀਆਂ ਅਤੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ

ਸ਼੍ਰੀ ਸਨਾਤਨ ਜਾਗਰਨ ਮੰਚ ਨੇ ਅਮਰੀਕਨ ਕੰਪਨੀਆਂ ਅਤੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ
  • PublishedAugust 11, 2025

ਕਿਹਾ ਹੁਣ ਅਮਰੀਕਾ ਨੂੰ ਉਸ ਦੀ ਔਕਾਤ ਦਿਖਾਉਣਾ ਭਾਰਤ ਦੇ ਨਾਗਰਿਕਾਂ ਦੇ ਹੱਥ ਵਿੱਚ ਹੈ

ਗੁਰਦਾਸਪੁਰ, 11 ਅਗਸਤ 2025 (ਮੰਨਨ ਸੈਣੀ)। ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੀ ਚੌਧਰ ਦਿਖਾਉਣ ਲਈ ਭਾਰਤ ਵੱਲੋਂ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਉਤਪਾਦਾਂ ਤੇ ਕਈ ਗੁਨਾ ਟੈਰਿਫ ਲਗਾ ਦਿੱਤੇ ਗਏ ਹਨ। ਭਾਰਤ ਸਰਕਾਰ ਵੱਲੋਂ ਇਸ ਪ੍ਰਤੀ ਵਿਰੋਧੀ ਪ੍ਰਤਿਕਿਰਿਆ ਤਾਂ ਵਿਖਾਈ ਜਾ ਰਹੀ ਹੈ ਪਰ ਲੋਕਾਂ ਵਿੱਚ ਵੀ ਇਸ ਨੂੰ ਲੈ ਕੇ ਅਮਰੀਕਨ ਰਾਸ਼ਟਰਪਤੀ ਵਿਰੋਧੀ ਪ੍ਰਤਿਕਿਰਿਆ ਵੇਖਣ ਨੂੰ ਮਿਲ ਰਹੀ ਹੈ। ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਇਸ ਸਬੰਧ ਵਿੱਚ ਵਿਸ਼ੇਸ਼ ਤੌਰ ਤੇ ਇੱਕ ਬੈਠਕ ਬੁਲਾਈ ਗਈ ਜਿਸ ਵਿੱਚ ਸਰਸੰਮਤੀ ਨਾਲ ਜਾਗਰਨ ਮੰਚ ਨਾਲ ਜੁੜੇ ਅਹੁਦੇਦਾਰਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਅਮੇਰੀਕਨ ਕੰਪਨੀਆਂ ਅਤੇ ਭਾਰਤ ਵਿੱਚ ਵਿਕਣ ਵਾਲੇ ਅਮੇਰੀਕਨ ਉਤਪਾਦਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਮੁਹਿੰਮ ਨੂੰ ਪੂਰੇ ਭਾਰਤ ਵਿੱਚ ਇੰਨੇ ਵੱਡੇ ਪੱਧਰ ਤੱਕ ਫੈਲਾ ਦੇਣ ਕਿ ਅਮਰੀਕਾ ਨੂੰ ਪਤਾ ਲੱਗ ਜਾਵ ਇਹ ਕਿ ਭਾਰਤੀ ਕਿੰਨੇ ਦੇਸ਼ ਭਗਤ ਹਨ। ਮੰਚ ਦੇ ਅਹੁਦੇਦਾਰਾਂ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਹੈ ਕਿ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਨਾਸ਼ਾਹੀ ਰਵਈਏ ਅੱਗੇ ਝੁਕਣ ਦੀ ਬਜਾਏ ਉਸ ਨੂੰ ਇਸ ਦਾ ਕਰਾਰਾ ਜਵਾਬ ਦਿੱਤਾ ਜਾਏ ਅਤੇ ਭਾਰਤ ਵਿੱਚ ਅਮੇਰੀਕਨ ਕੰਪਨੀਆਂ ਅਤੇ ਉਤਪਾਦਾਂ ਨੂੰ ਬੈਣ ਕੀਤਾ ਜਾਏ ।

ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਬੈਠਕ ਦੌਰਾਨ ਕਿਹਾ ਕਿ ਜਿਸ ਤੇਜੀ ਨਾਲ ਭਾਰਤ ਅੰਤਰਰਾਸ਼ਟਰੀ ਪੱਧਰ ਤੇ ਤਰੱਕੀ ਕਰ ਰਿਹਾ ਹੈ ਉਹ ਅਮੇਰੀਕਾ ਦੇ ਰਾਸ਼ਟਰਪਤੀ ਨੂੰ ਹਜਮ ਨਹੀਂ ਹੋ ਰਿਹਾ । ਰੂਸ ਕੋਲੋਂ ਕੱਚਾ ਤੇਲ ਨਾ ਖਰੀਦਨ ਦਾ ਤਾਨਾਸ਼ਾਹੀ ਹੁਕਮ ਜਦੋਂ ਭਾਰਤ ਨੇ ਨਾ ਮੰਨਿਆ ਤਾਂ ਅਮਰੀਕਾ ਨੇ ਪੰਜਾਹ ਫੀਸਦੀ ਟੈਰਿਫ ਲਗਾਉਣ ਦਾ ਫਰਮਾਨ ਸੁਣਾ ਦਿੱਤਾ ਹੈ। ਭਾਰਤ ਵਿੱਚ ਅਮਰੀਕਨ ਕੰਪਨੀਆਂ ਦਾ ਵੱਡਾ ਜਾਲ ਫੈਲਿਆ ਹੋਇਆ ਹੈ ਪਰ ਜੇਕਰ ਭਾਰਤ ਦੇ ਵਸਨੀਕ ਚੀਨ ਨੂੰ ਉਸ ਦੀ ਔਕਾਤ ਦਿਖਾ ਸਕਦੇ ਹਨ ਤਾਂ ਅਮੇਰੀਕਾ ਨੂੰ ਵੀ ਉਸ ਦੀ ਔਕਾਤ ਦਿਖਾਉਂਣ ਦੀ ਹੈਸੀਅਤ ਰੱਖਦੇ ਹਨ । ਜੇਕਰ ਭਾਰਤੀ ਮੈਕਡੋਨਾਲਡ ,ਪੈਪਸੀ, ਕੋਕਾ ਕੋਲਾ, ਬਰਗਰ ਕਿੰਗ ਅਤੇ ਹੋਰ ਅਜਿਹੀਆਂ ਅਮੇਰੀਕਨ ਕੰਪਨੀਆਂ ਦਾ ਪੂਰਨ ਤੌਰ ਤੇ ਬਾਈਕਾਟ ਕਰਦੇ ਹਨ ਤਾਂ ਅਮਰੀਕਾ ਦੀ ਅਰਥ ਵਿਵਸਥਾ ਵੀ ਡਾਵਾਂਡੋਲ ਹੋ ਸਕਦੀ ਹੈ ਅਤੇ ਭਾਰਤ ਵਾਸੀਆਂ ਦੀ ਇਹ ਕਾਰਵਾਈ ਅਮਰੀਕਾ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਦੇਵੇਗੀ । ਉਹਨਾਂ ਕਿਹਾ ਕਿ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਇੱਕ ਚਿੰਗਾਰੀ ਸੋ ਲਗਾਈ ਗਈ ਹੈ ਜਿਸ ਨੂੰ ਅੱਗ ਬਣਾਉਣਾ ਹੁਣ ਭਾਰਤ ਦੇ ਲੋਕਾਂ ਦੇ ਹੱਥ ਵਿੱਚ ਹੈ।

ਬੈਠਕ ਵਿੱਚ ਰਵੀ ਮਹਾਜਨ, ਦਲਜੀਤ ਕੁਮਾਰ, ਮਨਦੀਪ ਸ਼ਰਮਾ ,ਅਨੁਪਮ ਡੋਗਰਾ ,ਮਨੋਜ ਰੈਨਾ ,ਸੋਹਨ ਲਾਲ ,ਨਰਿੰਦਰ ਬਾਬਾ ,ਵਿਕਾਸ ਅਗਰਵਾਲ ,ਅਜੈ ਸੂਰੀ ,ਦੀਪਕ ਸ਼ਰਮਾ ,ਨਰੇਸ਼ ਕੁਮਾਰ, ਐਡਵੋਕੇਟ ਰਾਜੇਸ਼ ਚੌਹਾਨ, ਰਾਜੇਸ਼ ਬੱਬੀ, ਅਨੁਜ ਸ਼ਰਮਾ ਆਦਿ ਵੀ ਹਾਜ਼ਰ ਸਨ।

Written By
The Punjab Wire