ਟੁੱਟੀਆਂ ਸੜਕਾਂ ਦੇ ਵਿੱਚ ਟੋਏ, ਬੇਤਰਤੀਬ ਪਾਰਕਿੰਗ ਕਾਰਨ ਗੁਰਦਾਸਪੁਰ ਦੇ ਲੋਕ ਰੋਏ
ਸ਼ਹਿਰ ਅੰਦਰ ਖ਼ਸਤਾਹਾਲਤ ਸੜਕਾ ਦੀ ਆਪ ਕਰਵਾ ਰਹੇ ਮੁਰੰਮਤ ਲੋਕ
ਗੁਰਦਾਸਪੁਰ, 4 ਅਗਸਤ 2025 (ਮੰਨਨ ਸੈਣੀ)। ਸ਼ਹਿਰ ਦੇ ਕੇਂਦਰ ਵਿੱਚ ਸਥਿਤ ਡਾਕਖਾਨਾ ਚੌਂਕ ਤੋਂ ਲਾਇਬ੍ਰੇਰੀ ਚੌਂਕ ਤੱਕ ਦੀ ਸੜਕ ਦੀ ਮਾੜੀ ਹਾਲਤ ਨੇ ਇੱਥੋਂ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਨੂੰ ਹਾਲੋ-ਬੇਹਾਲ ਕਰ ਦਿੱਤਾ ਹੈ। ਸੜਕ ‘ਤੇ ਵੱਡੇ-ਵੱਡੇ ਟੋਏ ਪੈ ਗਏ ਹਨ, ਜਿਸ ਕਾਰਨ ਇੱਥੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਨਾ ਹੋਣ ‘ਤੇ ਸਥਾਨਕ ਦੁਕਾਨਦਾਰਾਂ ਨੇ ਮੀਡੀਆ ਰਾਹੀਂ ਆਪਣੀ ਸਮੱਸਿਆ ਉਜਾਗਰ ਕੀਤੀ।
ਲੋਕਾਂ ਨੇ ਖੁਦ ਕੀਤੀ ਮੁਰੰਮਤ, ਪਰ ਹੱਲ ਨਾਕਾਮ
ਦੁਕਾਨਦਾਰਾਂ ਜਿਸ ਅੰਦਰ ਰਜਵੰਤ ਸਿੰਘ ਬਾਜਵਾ, ਸੁਰੇਸ਼ ਸੈਣੀ, ਹਰੀਸ਼ ਭੰਡਾਰੀ ਆਦਿ ਨੇ ਦੱਸਿਆ ਕਿ ਇਹ ਸੜਕ ਪਿਛਲੇ ਕਈ ਮਹੀਨਿਆਂ ਤੋਂ ਟੁੱਟ ਰਹੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਦੇ ਧਿਆਨ ਨਾ ਦੇਣ ‘ਤੇ ਆਪਸੀ ਯੋਗਦਾਨ ਨਾਲ ਬਜਰੀ, ਸੀਮਿੰਟ ਅਤੇ ਹੋਰ ਸਮੱਗਰੀ ਦਾ ਪ੍ਰਬੰਧ ਕਰਕੇ ਟੋਇਆਂ ਨੂੰ ਭਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਇਸ ਸੜਕ ‘ਤੇ ਭਾਰੀ ਆਵਾਜਾਈ ਹੋਣ ਕਾਰਨ ਇਹ ਪੈਚਵਰਕ ਜ਼ਿਆਦਾ ਦੇਰ ਨਹੀਂ ਟਿਕ ਸਕਿਆ ਅਤੇ ਹੁਣ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ।
ਦੁਕਾਨਦਾਰਾਂ ਨੇ ਪ੍ਰਸ਼ਾਸਨ ‘ਤੇ ਲਾਏ ਦੋਸ਼
ਸੁਰੇਸ਼ ਸੈਣੀ, ਰਜਵੰਤ ਸਿੰਘ ਬਾਵਾ ਅਤੇ ਹਰੀਸ਼ ਭੰਡਾਰੀ ਨਾਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਖੁਦ ਪੈਸੇ ਇਕੱਠੇ ਕਰਕੇ ਸੜਕ ਦੀ ਮੁਰੰਮਤ ਕਰਵਾਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਛੇ ਮਹੀਨੇ ਪਹਿਲਾਂ ਸਾਬਕਾ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਸੀ, ਪਰ ਕਾਰਜਕਾਰੀ ਅਫ਼ਸਰ (ਈ.ਓ.) ਨਾਲ ਮਿਲਣ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਬੇਤਰਤੀਬ ਪਾਰਕਿੰਗ ਨੇ ਵਧਾਈ ਮੁਸੀਬਤ
ਸੜਕ ਦੀ ਖਰਾਬ ਹਾਲਤ ਦੇ ਨਾਲ-ਨਾਲ ਪੁਰਾਣੇ ਸਿਵਲ ਹਸਪਤਾਲ ਦੇ ਬੰਦ ਪਏ ਗੇਟ ਦੇ ਬਾਹਰ ਬੇਤਰਤੀਬ ਪਾਰਕਿੰਗ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਦੁਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਗਲਤ ਥਾਂ ‘ਤੇ ਪਾਰਕਿੰਗ ਕਾਰਨ ਟ੍ਰੈਫਿਕ ਜਾਮ ਲੱਗ ਜਾਂਦਾ ਹੈ, ਜਿਸ ਨਾਲ ਰਾਹਗੀਰਾਂ ਨੂੰ ਹੋਰ ਵੀ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਇਹ ਬੇਤਰਤੀਬੀ ਸੜਕ ਦੇ ਟੋਇਆਂ ਨਾਲ ਮਿਲ ਕੇ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੀ ਹੈ।
ਦੁਕਾਨਦਾਰਾਂ ਦੀ ਪ੍ਰਸ਼ਾਸਨ ਤੋਂ ਮੰਗ
ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਮੰਗ ਕੀਤੀ ਹੈ ਕਿ ਇਸ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ ਅਤੇ ਪੁਰਾਣੇ ਸਿਵਲ ਹਸਪਤਾਲ ਦੇ ਬਾਹਰ ਕੀਤੀ ਜਾਂਦੀ ਬੇਤਰਤੀਬ ਪਾਰਕਿੰਗ ‘ਤੇ ਵੀ ਕਾਬੂ ਪਾਇਆ ਜਾਵੇ ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀ ਇਸ ਪ੍ਰੇਸ਼ਾਨੀ ਅਤੇ ਹਾਦਸਿਆਂ ਤੋਂ ਨਿਜਾਤ ਮਿਲ ਸਕੇ।
ਉਧਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਦੱਸਿਆ ਗਿਆ ਸੀ ਕਿ ਪਾਰਕਿੰਗ ਲਈ ਪੁਰਾਣੇ ਬੱਸ ਸਟੈਂਡ ਅੰਦਰ ਜਗ੍ਹਾ ਦਿੱਤੀ ਜਾਵੇਗੀ ਅਤੇ ਹੋਰ ਮਸਲੇ ਵੀ ਜਲਦੀ ਹਲ ਕੀਤੇ ਜਾਣਗੇ।