ਮੰਦਿਰ ਦੇ ਪੂਜਾਰੀ ਅਤੇ ਸ਼ਿਵ ਸੇਨਾ ਆਗੂਆ ਵੱਲੋਂ ਐਸਐਸਪੀ ਅਤੇ ਪੁਲਿਸ ਦਾ ਵਿਸ਼ੇਸ਼ ਧੰਨਵਾਦ
ਗੁਰਦਾਸਪੁਰ, 26 ਜੁਲਾਈ 2025 (ਮੰਨਨ ਸੈਣੀ)। ਗੁਰਦਾਸਪੁਰ ਪੁਲਿਸ ਨੇ ਆਪਣੀ ਸੂਝ-ਬੂਝ, ਤਕਨੀਕੀ ਮੁਹਾਰਤ ਅਤੇ ਅਣਥੱਕ ਮਿਹਨਤ ਨਾਲ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਅਪਰਾਧ ਨੂੰ ਕਾਬੂ ਕਰਨ ’ਚ ਉਹਨਾਂ ਦਾ ਕੋਈ ਸਾਨੀ ਨਹੀਂ। ਧਾਰੀਵਾਲ ਦੇ ਕ੍ਰਿਸ਼ਨਾ ਮੰਦਿਰ ’ਚ 24 ਜੁਲਾਈ 2025 ਨੂੰ ਹੋਈ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਸਿਰਫ਼ 24 ਘੰਟਿਆਂ ’ਚ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਕੀਤੀ ਗਈ 17,85,000 ਰੁਪਏ ਦੀ ਪੂਰੀ ਰਕਮ ਬਰਾਮਦ ਕਰ ਲਈ। ਇਸ ਸਫਲਤਾ ਨੇ ਨਾ ਸਿਰਫ਼ ਜਨਤਾ ਦਾ ਵਿਸ਼ਵਾਸ ਜਿੱਤਿਆ, ਸਗੋਂ ਪੁਲਿਸ ਦੀ ਤਤਪਰਤਾ ਨੂੰ ਵੀ ਉਜਾਗਰ ਕੀਤਾ।
ਮਾਮਲੇ ਦੀ ਸੰਖੇਪ ਜਾਣਕਾਰੀ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਆਈਪੀਐਸ ਅਦਿੱਤਯ ਨੇ ਦੱਸਿਆ ਕਿ 24 ਜੁਲਾਈ 2025 ਨੂੰ ਧਾਰੀਵਾਲ ਦੇ ਕ੍ਰਿਸ਼ਨਾ ਮੰਦਿਰ ’ਚ ਅਣਪਛਾਤੇ ਵਿਅਕਤੀ ਨੇ ਮੰਦਿਰ ਦੀ ਅਲਮਾਰੀ ’ਚੋਂ ਨਕਦੀ ਅਤੇ CCTV ਕੈਮਰਿਆਂ ਦਾ DVR ਚੋਰੀ ਕਰ ਲਿਆ ਸੀ। ਇਸ ਘਟਨਾ ਨੇ ਸਥਾਨਕ ਲੋਕਾਂ ’ਚ ਸਨਸਨੀ ਫੈਲਾ ਦਿੱਤੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰਦੇ ਹੋਏ ਮੁਕੱਦਮਾ ਨੰਬਰ 109, ਜੁਰਮ 305, 331(3) BNS ਅਧੀਨ ਥਾਣਾ ਧਾਰੀਵਾਲ ’ਚ ਦਰਜ ਕੀਤਾ।

ਪੁਲਿਸ ਦੀ ਸਮਾਰਟ ਅਤੇ ਤਕਨੀਕੀ ਰਣਨੀਤੀ
ਉਨ੍ਹਾ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਗੋਰਵ ਯਾਦਵ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਆਈ.ਪੀ.ਐਸ ਨਾਨਕ ਸਿੰਘ ਦੀ ਅਗਵਾਈ ’ਚ ਪੁਲਿਸ ਨੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਰਣਨੀਤੀ ਅਪਣਾਈ ਹੈ। ਐਸਐਸਪੀ ਅਦਿੱਤਯ ਨੇ ਦੱਸਿਆ ਕਿ ਧਾਰੀਵਾਲ ਅਤੇ ਸਪੈਸ਼ਲ ਬ੍ਰਾਂਚ ਦੀ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਜਿਸ ਨੇ ਅਤਿ-ਆਧੁਨਿਕ ਤਕਨੀਕ, ਜਿਵੇਂ ਕਿ CCTV ਫੁਟੇਜ ਵਿਸ਼ਲੇਸ਼ਣ, ਡਿਜੀਟਲ ਸਬੂਤ ਅਤੇ ਖੁਫੀਆ ਜਾਣਕਾਰੀ ਦੀ ਮਦਦ ਨਾਲ ਜਾਂਚ ਨੂੰ ਅੰਜਾਮ ਦਿੱਤਾ।
ਸੀਨੀਅਰ ਕਪਤਾਨ ਪੁਲਿਸ ਨੇ ਪ੍ਰੈਸ ਨੂੰ ਦੱਸਿਆ, “ਸਾਡੀ ਟੀਮ ਨੇ ਦਿਨ-ਰਾਤ ਇੱਕ ਕਰਕੇ, ਤਕਨੀਕੀ ਅਤੇ ਸਥਾਨਕ ਸੂਚਨਾਵਾਂ ਦੇ ਸੁਮੇਲ ਨਾਲ, ਮਾਮਲੇ ਨੂੰ ਸੁਲਝਾਉਣ ’ਚ ਸਫਲਤਾ ਹਾਸਲ ਕੀਤੀ।” ਪੁਲਿਸ ਨੇ ਸਥਾਨਕ ਲੋਕਾਂ ਦੀ ਸਹਾਇਤਾ ਅਤੇ ਤਕਨੀਕੀ ਸਾਧਨਾਂ ਦੀ ਸਹੀ ਵਰਤੋਂ ਕਰਕੇ ਸਬੂਤ ਇਕੱਠੇ ਕੀਤੇ, ਜਿਸ ਨਾਲ ਦੋਸ਼ੀ ਦੀ ਸਹੀ ਪਛਾਣ ਸੰਭਵ ਹੋ ਸਕੀ
ਜਾਂਚ ਦੌਰਾਨ ਪੁਲਿਸ ਨੇ ਦੋਸ਼ੀ ਉਜਿਤ ਉਰਫ ਅਜੀਤ, ਵਾਸੀ ਝੁੱਗੀਆਂ ਲੁਧਿਆਣਾ ਮੁਹੱਲਾ, ਧਾਰੀਵਾਲ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਕਬਜ਼ੇ ’ਚੋਂ ਚੋਰੀ ਕੀਤੀ ਗਈ ਪੂਰੀ ਰਕਮ, ਯਾਨੀ 17,85,000 ਰੁਪਏ, ਸਫਲਤਾਪੂਰਵਕ ਬਰਾਮਦ ਕਰ ਲਈ ਗਈ। ਇਸ ਤੋਂ ਇਲਾਵਾ, ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਦਾ ਅਪਰਾਧਿਕ ਇਤਿਹਾਸ ਰਿਹਾ ਹੈ, ਜਿਸ ’ਚ ਉਸ ਦੇ ਖਿਲਾਫ ਵੱਖ-ਵੱਖ ਥਾਣਿਆਂ ’ਚ ਚੋਰੀ ਦੇ ਤਿੰਨ ਮੁਕੱਦਮੇ ਪਹਿਲਾਂ ਹੀ ਦਰਜ ਹਨ।
ਉੱਧਰ ਇਸ ਸਬੰਧੀ ਮੰਦਿਰ ਦੇ ਪੁਜਾਰੀ ਅਤੇ ਸ਼ਿਵ ਸੇਨਾ ਆਗੂਆਂ ਵੱਲੋਂ ਐਸਐਸਪੀ ਦਾ ਇਸ ਮੌਕੇ ਵਿਸ਼ੇਸ਼ ਧੱਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਹ ਭੇਂਟ ਕੀਤਾ ਗਿਆ।ਇਸ ਮੌਕੇ ਤੇ ਡੀਐਸਪੀ ਰੂਰਲ ਕੁਲਵੰਤ ਸਿੰਘ ਅਤੇ ਹੋਰ ਪੁਲਿਸ ਸਟਾਫ਼ ਹਾਜ਼ਿਰ ਸੀ