ਪੰਜਾਬ

ਅਕਾਲੀ ਦਲ ਨੂੰ ਦੋਆਬਾ ਵਿਚ ਮਿਲਿਆ ਵੱਡਾ ਹੁੰਗਾਰਾ, ਬੀਬੀ ਜਗੀਰ ਕੌਰ ਪਾਰਟੀ ਵਿਚ ਮੁੜ ਹੋਏ ਸ਼ਾਮਲ

ਅਕਾਲੀ ਦਲ ਨੂੰ ਦੋਆਬਾ ਵਿਚ ਮਿਲਿਆ ਵੱਡਾ ਹੁੰਗਾਰਾ, ਬੀਬੀ ਜਗੀਰ ਕੌਰ ਪਾਰਟੀ ਵਿਚ ਮੁੜ ਹੋਏ ਸ਼ਾਮਲ
  • PublishedNovember 15, 2026

ਅਕਾਲੀ ਦਲ ਪ੍ਰਧਾਨ ਨੇ ਉਹਨਾਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਕਰ ਕੇ ਭੁਲੱਥ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ

ਪਾਰਟੀ ਛੱਡ ਗਏ ਅਕਾਲੀ ਆਗੂਆਂ ਨੂੰ ਪੰਥ ਦੋਖੀਆਂ ਨੂੰ ਪੰਜਾਬ ਤੋਂ ਬਾਹਰ ਕਰਨ ਵਾਸਤੇ ਪਾਰਟੀ ਵਿਚ ਮੁੜ ਸ਼ਾਮਲ ਕਰਨ ਦੀ ਕੀਤੀ ਅਪੀਲ

ਬੇਗੋਵਾਲ (ਕਪੂਰਥਲਾ), 15 ਨਵੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਨੂੰ ਦੋਆਬਾ ਵਿਚ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮੁੜ ਤੋਂ ਪਾਰਟੀ ਵਿਚ ਸ਼ਾਮਲ ਕਰ ਲਿਆ।

ਉਹਨਾਂ ਨੇ ਪਾਰਟੀ ਛੱਡ ਕੇ ਸਾਰੇ ਅਕਾਲੀ ਆਗੂਆਂ ਨੂੰ ’ਪੰਥ ਦੀ ਜਥੇਬੰਦੀ’ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਤਾਂ ਜੋ ਪੰਥ ਦੇ ਦੁਸ਼ਮਣਾ ਨੂੰ ਪੰਜਾਬ ਬਾਹਰ ਕੀਤਾ ਜਾ ਸਕੇ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਬੇਗੋਵਾਲ ਪਹੁੰਚ ਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ, ਨੇ ਬੀਬੀ ਜਗੀਰ ਕੌਰ ਕੌਰ ਨੂੰ ਭੁਲੱਥ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਉਹਨਾਂ ਨੇ ਸੀਨੀਅਰ ਆਗੂ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਦੀ ਅਪੀਲ ਵੀ ਕੀਤੀ। ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਉਂਦੀਆਂ ਚੋਣਾਂ ਵਿਚ ਬੀਬੀ ਜਗੀਰ ਕੌਰ ਨੂੰ ਅਗਲਾ ਵਿਧਾਇਕ ਚੁਣਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਭੁਲੱਥ ਇਕ ਪੰਥਕ ਹਲਕਾ ਹੈ ਤੇ ਪੰਥ ਦਾ ਮਜ਼ਬੂਤ ਗੜ੍ਹ ਹੈ। ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਦੇ ਆਪਣੀ ਟੀਮ ਸਮੇਤ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੋਈ ਹੈ।

ਸਰਦਾਰ ਬਾਦਲ ਨੇ ਸੂਬੇ ਦੇ ਸਿਆਸੀ ਹਾਲਾਤ ਦੀ ਗੱਲ ਕਰਦਿਆਂ ਕਿਹਾ ਕਿ ਇਹ ਪੰਜਾਬ ਬਹੁਤ ਮਾੜੇ ਹਾਲਾਤ ਵਿਚ ਹੈ ਕਿਉਂਕਿ ਇਥੇ ਨਸ਼ਾ ਤਸਕਰੀ ਤੇ ਗੈਂਗਸਟਰਵਾਦ ਨੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਆਮ ਆਦਮੀ ਪਾਰਟੀ (ਆਪ) ਦੇ ਆਗੂ ਦੇ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ ਤੇ ਉਹਨਾਂ ਤੋਂ ਮਹੀਨੇ ਲੈ ਰਹੇ ਹਨ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਾ ਤਾਂ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਜਾਂ ਫਿਰ ਰਾਹੁਲ ਗਾਂਧੀ ਨੂੰ ਕੋਈ ਹਮਦਰਦੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤਾ ਹੈ। ਭਾਵੇਂ ਆਟਾ ਦਾਲ ਸਕੀਮ ਹੋਵੇ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਜਾਂ ਫਿਰ ਐਸ ਸੀ ਸਕਾਲਰਸ਼ਿਪ ਸਕੀਮ ਸਾਰੀਆਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ। ਉਹਨਾਂ ਕਿਹਾ ਕਿ ਨਾ ਤਾਂ ਕਾਂਗਰਸ ਤੇ ਨਾ ਹੀ ਆਪ ਨੇ ਸੂਬੇ ਵਾਸਤੇ ਕੁਝ ਕੀਤਾ। ਉਹਨਾਂ ਕਿਹਾ ਕਿ ਮੈਂ ਦੋਵਾਂ ਪਾਰਟੀਆਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸੂਬੇ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਇਕ ਵੀ ਪ੍ਰਾਪਤੀ ਦੱਸਣ। ਉਹਨਾਂ ਭਰੋਸਾ ਦੁਆਇਆ ਕਿ ਆਪ ਸਰਕਾਰ ਵੱਲੋਂ ਬੰਦ ਕੀਤੀਆਂ ਜਾਂ ਰੋਕੀਆਂ ਸਾਰੀਆਂ ਸਕੀਮਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।

ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਨੂੰ ਚਲਦਾ ਕਰਨ ਤੇ ਕਿਹਾ ਕਿ ਅਸੀਂ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਖਿਆਲ ਰੱਖਾਂਗੇ। ਉਹਨਾਂ ਕਿਹਾ ਕਿ ਆਪ ਜਾਂ ਕਾਂਗਰਸ ਨੂੰ ਇਕ ਹੋਰ ਮੌਕਾ ਨਹੀਂ ਦੇ ਸਕਦੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ‌ਕਿ ਉਹ ਅਜਿਹਾ ਮੁੱਖ ਮੰਤਰੀ ਚੁਣਨ ਜੋ ਕਾਰਗੁਜ਼ਾਰੀ ਵਿਖਾ ਸਕੇ।  ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਤੇਜ਼ ਰਫਤਾਰ ਵਿਕਾਸ ਕਿਵੇਂ ਹੋ ਸਕਦਾ ਹੈ। ਅਫਸਰਾਂ ਨੂੰ ਕਿਵੇਂ ਨਕੇਲ ਪੈ ਸਕਦੀ ਹੈ ਤੇ ਕਾਨੂੰਨ ਵਿਵਸਥਾ ਕਿਵੇਂ ਰੱਖੀ ਜਾ ਸਕਦੀ ਹੈ। ਉਹਨਾਂ ਇਹ ਵੀ ਐਲਾਨ ਵੀ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਤਿੰਨ ਮਹੀਨਿਆਂ ਵਿਚ ਹੀ ਗੈਂਗਸਟਰਵਾਦ ਖਤਮ ਕੀਤਾ ਜਾਵੇਗਾ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਹੜੇ ਵੀ ਆਪ ਆਗੂ ਭ੍ਰ਼ਿਸ਼ਟਾਚਾਰ ਵਿਚ ਸ਼ਾਮਲ ਹਨ, ਉਹਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਹਨਾਂ ਨੇ ਆਪ ਸਰਕਾਰ ਵੱਲੋਂ ਤੀਰਥ ਯਾਤਰਾ ਸਕੀਮ ਤਹਿਤ ਬੱਸਾਂ ਦਿੱਲੀ ਦੇ ਠੇਕੇਦਾਰ ਨੂੰ ਦੇਣ ਵੀ ਨਿਖੇਧੀ ਕੀਤੀ ਜਿਸਨੇ ਕੰਡਮ ਹੋਈਆਂ ਬੱਸਾਂ ਵਰਤੀਆਂ ਤੇ ਇਸਨੂੰ ਇਕ ਅਪਰਾਧੀ ਕਾਰਵਾਈ ਕਰਾਰ ਦਿੱਤਾ।

ਇਸ ਮੌਕੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਭੁਲੱਥ ਵਿਚ ਜੋ ਵੀ ਵਿਕਾਸ ਕਾਰਜ ਹੋਏ ਭਾਵੇਂ ਉਹ 72 ਕਰੋੜ ਰੁਪਏ ਦਾ ਸੀਵਰੇਜ ਪ੍ਰਾਜੈਕਟ ਸੀ ਜਾਂ ਕੋਈ ਹੋਰ ਸਾਰੇ ਹੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ।ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਕੁਝ ਗਲਤੀਆਂ ਹੋਈਆਂ ਪਰ ਹੁਣ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਹੇਠ ਪੰਜਾਬ ਦੀ ਬੇਹਤਰੀ ਵਾਸਤੇ ਕੰਮ ਕਰਨਗੇ।

ਇਸ ਮੌਕੇ ਰਾਜਨੀਤ ਕੌਰ, ਯੁਵਰਾਜ ਭੁਪਿੰਦਰ ਸਿੰਘ, ਸਤਪਾਲ ਸਿੰਘ ਮੁਲਤਾਨੀ, ਸੁਰਿੰਦਰਪਾਲ ਸਿੰਘ ਠੇਕੇਦਾਰ ਅਤੇ ਅਰਵਿੰਦਰ ਸਿੰਘ ਰਸੂਲਪੁਰ ਵੀ ਹਾਜ਼ਰ ਸਨ।

Written By
The Punjab Wire