ਅਗਲੇ ਦੋ ਮਹੀਨਿਆਂ ਵਿਚ ਤੁਸੀਂ 10 ਤੋਂ 15 ਪਰਿਵਾਰ ਮਾਵਾਂ ਧੀਆਂ ਦੀ ਫੌਜ ਵਿਚ ਸ਼ਾਮਲ ਕਰੋ: ਹਰਸਿਮਰਤ ਕੌਰ ਬਾਦਲ ਨੇ ਕੀਤੀ ਅਪੀਲ
ਆਪ ਸਰਕਾਰ ਪੰਜਾਬ ਦੇ ਨੌਜਵਾਨਾਂ ਖਿਲਾਫ ਜੰਗ ਦੀ ਪ੍ਰਧਾਨਗੀ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ
ਜ਼ੋਰ ਦੇ ਕੇ ਕਿਹਾਕਿ ਜੇਕਰ ਨਸ਼ਾ ਤਸਕਰੀ ਨੂੰ ਨਵਾਂ ਜੀਵਨ ਮਿਲਿਆ ਤਾਂ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ
ਮੋਗਾ, 14 ਨਵੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਥਾਂ ’ਤੇ ਨਸ਼ਿਆਂ ਦੇ ਹੱਕ ਵਿਚ ਜੰਗ ਦੀ ਪ੍ਰਧਾਨਗੀ ਕਰ ਰਹੀ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਨਸ਼ਾ ਤਸਕਰੀ ਨੂੰ ਨਵਾਂ ਜੀਵਨ ਮਿਲਦਾ ਹੈ ਤਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਬਠਿੰਡਾ ਦੇ ਐਮ ਪੀ ਜਿਹਨਾਂ ਨੇ ਨਿਹਾਲਸਿੰਘ ਵਾਲਾ ਵਿਖੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਉਹਨਾਂ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੂੰ ਖੁਦ ਨਸ਼ਕਰਾਂ ਨਾਲ ਨਜਿੱਠਣ ਦਾ ਸੱਦਾ ਦਿੱਤਾ, ਨੇ ਕਿਹਾ ਕਿ ਲੱਖਾਂ ਔਰਤਾਂ ਅੱਜ ਆਪਣੇ ਪੁੱਤਰਾਂ ਦੀ ਮੌਤ ’ਤੇ ਵਿਰਲਾਪ ਕਰ ਰਹੀਆਂ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਨਸ਼ਿਆਂ ਦੇ ਖ਼ਾਤਮੇ ਵਾਸਤੇ ਪੋਸਟਰ ਜੰਗ ਚਲਾਉਣ ਵਿਚ ਰੁੱਝੇ ਹਨ।
ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿਚ ਉਹਨਾਂ ਨੇ ਹੁਣ ਤੱਕ ਕੋਈ ਵੱਡਾ ਨਸ਼ਾ ਤਸਕਰ ਕਿਉਂ ਨਹੀਂ ਪੁੱਛਿਆ ਤੇ ਚਿੱਟਾ ਬਣਾਉਣ ਵਾਲੀ ਫੈਕਟਰੀ ਕਿਉਂ ਨਹੀਂ ਫੜੀ।

ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤੁਸੀਂ ਐਲਾਨ ਕੀਤਾ ਸੀ ਕਿ ਤੁਸੀਂ ਜਾਣਦੇ ਹੋ ਕਿ ਨਸ਼ੇ ਕਣ ਵੰਡਦਾ ਹੈ ਤੇ ਇਹ ਬਣਦੇ ਹਨ। ਫਿਰ ਵੀ ਤੁਸੀਂ ਮੌਤ ਦੇ ਮਸੀਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਅਤੇ ਉਲਟਾ ਤੁਸੀਂ ਮੋਹਣਜੀਤ ਸਿੰਘ ਸ਼ੇਰੋਂ ਵਰਗਿਆਂ ’ਤੇ ਤਸ਼ੱਦਦ ਢਾਹਿਆ। ਉਹਨਾਂ ਨੇ ਆਪ ਸਰਕਾਰ ਵੱਲੋਂ ਮਾਨਸਾ ਦੇ ਐਸ ਐਸ ਪੀ ਵੈਭਵ ਚੌਧਰੀ ਦਾ ਤਬਾਦਲਾ ਨਾ ਕਰਨ ਦੀ ਉਦਾਹਰਣ ਵੀ ਦਿੱਤੀ ਜਿਸਨੇ ਉਸ ਮੈਡੀਕਲ ਸਟੋਰ ਮਾਲਕ ਨੂੰ ਦੋ ਹਥਿਆਰ ਲਾਇਸੰਸਦ ਦਿੱਤੇ ਸਨ ਜਿਸਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਕੀਤਾ।
ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਪੰਜਾਬ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਐਨ ਸੀ ਆਰ ਬੀ ਦੇ ਅੰਕੜਿਆਂ ਮੁਤਾਬਕ ਨਸ਼ਾ ਤਸਕਰੀ ਵਿਚ ਪਹਿਲੇ ਨੰਬਰ ’ਤੇ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਕਾਰਨ ਮੌਤਾਂ ਦੇ ਮਾਮਲੇ ਵਿਚ ਪੰਜਾਬ ਆਪ ਦੇ ਰਾਜ ਵਿਚ ਦੂਜੇ ਨੰਬਰ ’ਤੇ ਰਿਹਾ ਹੈ।
ਉਹਨਾਂ ਕਿਹਾ ਕਿ ਜੇਕਰ ਅਸੀਂ ਇਕ ਸਾਲ ਵਿਚ ਇਕ ਪਿੰਡ ਵਿਚ ਨਸ਼ਿਆਂ ਕਾਰਨ ਪੰਜ ਮੌਤਾਂ ਗਿਣੀਏ ਤਾਂ 13 ਹਜ਼ਾਰ ਪਿੰਡਾਂ ਵਿਚ ਪੰਜ ਸਾਲ ਵਿਚ ਲੱਖਾਂ ਮੌਤਾਂ ਬਣ ਜਾਂਦੀਆਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਕ ਪੂਰੀ ਪੀੜੀ ਹੀ ਬਰਬਾਦ ਕਰ ਦਿੱਤੀ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕਰ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਤੇ ਹੁਣ ਭਗਵੰਤ ਮਾਨ ਨੇ ਵੀ ਅਜਿਹਾ ਹੀ ਕੀਤਾ ਹੈ।
ਸਰਦਾਰਨੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਨਸ਼ਾ ਤਸਕਰੀ ਨੂੰ ਹਮੇਸ਼ਾ ਲਈ ਖ਼ਤਮ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਨੇ ਮਾਈ ਭਾਗੋ ਦੀ ਫੌਜ ਸਥਾਪਿਤ ਕੀਤੀ ਹੈ ਜੋ ਪਿੰਡਾਂ ਵਿਚ ਨਸ਼ਾ ਤਸਕਰਾਂ ਨਾਲ ਨਜਿੱਠਣ ਵਾਸਤੇ ਜੱਥੇ ਬਣਾਏਗੀ।
ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ ਜੋ ਮਾਈ ਭਾਗੋ ਦੀ ਫੌਜ ਵੱਲੋਂ ਇਕੱਤਰ ਡਾਟੇ ਮੁਤਾਬਕ ਕਾਰਵਾਈ ਕਰੇਗੀ। ਉਹਨਾਂ ਕਿਹਾ ਕਿ ਮੈਂ ਮਾਈ ਭਾਗੋ ਦੀ ਫੌਜ ਦੇ ਮੈਂਬਰਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦਾ ਰਿਕਾਰਡ ਰੱਖਣ ਤਾਂ ਜੋ ਅਸੀ਼ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕੀਏ।
ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਨਸ਼ਾ ਤਸਕਰਾਂ ਵਾਸਤੇ ਮੁੜ ਵਸੇਬਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਤੇ ਉਹਨਾਂ ਨੂੰ ਨਵੀਂ ਸ਼ੁਰੂਆਤ ਵਾਸਤੇ ਹੁਨਰ ਸਿੱਖਲਾਈ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਨਵੇਂ ਕਾਨੂੰਨ ਤਹਿਤ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਦਿੱਤੀ ਜਾਵੇਗੀ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਸਰਦਾਰਨੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਤੇ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਦਿੱਲੀ ਦੀਆਂ ਪਾਰਟੀਆਂ ਨਾਲ ਤਜ਼ਰਬਾ ਕਰ ਕੇ ਵੇਖ ਲਿਆ ਹੈ ਜਿਹਨਾਂ ਨੇ ਨਾ ਸਿਰਫ ਸੂਬੇ ਤੇ ਇਸਦੇ ਸਰੋਤ ਵੇਚੇ ਬਲਕਿ ਇਥੇ ਨਸ਼ਾ ਤੇ ਗੈਂਗਸਟਰਵਾਦ ਲਿਆਂਦਾ।
ਇਸ ਮੌਕੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਧਰਮਕੋਟ, ਸੁਖਦੀਪ ਕੌਰ, ਬੇਅੰਤ ਕੌਰ, ਨਰਿੰਦਰ ਕੌਰ ਰਣੀਆ, ਜਸਪਿੰਦਰ ਕੌਰ ਰਣੀਆ, ਕਰਮਜੀਤ ਕੌਰ ਮੱਦੋਕੇ ਅਤੇ ਪਰਵਿੰਦਰ ਕੌਰ ਵੀ ਹਾਜ਼ਰ ਸਨ।