Close

Recent Posts

ਗੁਰਦਾਸਪੁਰ ਪੰਜਾਬ

ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਮਾਰਕਾਂ ਉੱਪਰ ਮਸ਼ਹੂਰੀ ਦੇ ਪੋਸਟਰ ਲਗਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ

ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਮਾਰਕਾਂ ਉੱਪਰ ਮਸ਼ਹੂਰੀ ਦੇ ਪੋਸਟਰ ਲਗਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ
  • PublishedJuly 14, 2025

ਗੁਰਦਾਸਪੁਰ, 14 ਜੁਲਾਈ 2025 (ਮੰਨਨ ਸੈਣੀ )। ਕਮਾਂਡਰ ਬਲਜਿੰਦਰ ਵਿਰਕ (ਰਿਟਾ.), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਦੱਸਿਆ ਕਿ ਦੇਸ਼ ਦੀਆਂ ਸਰਹੱਦਾਂ ਤੇ ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਯਾਦ ਨੂੰ ਤਾਜ਼ਾ ਰੱਖਣ ਹਿਤ ਉਨ੍ਹਾਂ ਦੇ ਨਾ ਤੇ ਸੜਕ, ਗੇਟ, ਸਕੂਲ, ਕਾਲਜ ਜਾਂ ਬੁੱਤ ਆਦਿ ਯਾਦਗਾਰਾਂ ਬਣਾਈਆਂ ਗਈਆਂ ਹਨ। ਅਜਿਹੀਆਂ ਯਾਦਗਾਰਾਂ ਅਤੇ ਸਮਾਰਕ ਦੇਸ਼ ਦੇ ਧਰੋਹਰ ਹੁੰਦੇ ਹਨ, ਇਸ ਲਈ ਇਨ੍ਹਾਂ ‘ਤੇ ਪੋਸਟਰ ਲਗਾਉਣ ਨਾਲ ਜਿੱਥੇ ਸ਼ਹੀਦਾਂ ਦਾ ਅਪਮਾਨ ਹੁੰਦਾ ਹੈ ਓਥੇ ਨਾਲ ਹੀ ਇਹ ਕਾਨੂੰਨੀ ਅਪਰਾਧ ਹੈ।

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਕਿਹਾ ਕਿ ਇਹ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਕਿਸੇ ਵੱਲੋਂ ਕੋਈ ਸਤਸੰਗ ਜਾਂ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਸ਼ੁਰੂ ਹੁੰਦਾ ਹੈ ਜਾਂ ਕਿਸੇ ਦੁਕਾਨਦਾਰ ਵੱਲੋਂ ਆਪਣੇ ਸਾਮਾਨ ਦੇ ਪ੍ਰਚਾਰ ਸਬੰਧੀ ਮਸ਼ਹੂਰੀ ਕੀਤੀ ਜਾਂਦੀ ਹੈ ਤਾਂ ਪੋਸਟਰ ਇਨ੍ਹਾਂ ਯਾਦਗਾਰਾਂ ਤੇ ਚਿਪਕਾ ਦਿੱਤੇ ਜਾਂਦੇ ਹਨ ਜੋ ਕਿ ਗੈਰ ਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਸਬੰਧਿਤ ਧਿਰ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਸਾਰੀ ਜ਼ਿੰਮੇਵਾਰੀ ਪੋਸਟਰ ਲਗਾਉਣ ਵਾਲੀ ਲੇਬਰ ਉੱਪਰ ਸੁੱਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਕਿਸੇ ਵੱਲੋਂ ਵੀ ਪੋਸਟਰ ਲਗਵਾਏ ਜਾਂਦੇ ਹਨ ਇਹ ਉਸ ਦੀ ਨਿੱਜੀ ਜ਼ਿੰਮੇਵਾਰੀ ਹੈ ਕਿ ਪੋਸਟਰ ਸਿਰਫ਼ ਨਿਰਧਾਰਿਤ ਥਾਵਾਂ ਉੱਪਰ ਹੀ ਲਗਾਏ ਜਾਣ। ਉਨ੍ਹਾਂ ਕਿਹਾ ਕਿ ਪੋਸਟਰ ਲਗਾਉਣ ਵਾਲੀ ਲੇਬਰ ਨੂੰ ਪਹਿਲਾਂ ਮਸ਼ਹੂਰੀ ਕਰਵਾਉਣ ਵਾਲੀ ਫ਼ਰਮ ਵੱਲੋਂ ਚੰਗੀ ਤਰਾਂ ਸਮਝਾਇਆ ਜਾਵੇ ਕਿ ਉਹ ਕਿਸ ਥਾਂ ਉੱਪਰ ਪੋਸਟਰ ਲਗਾ ਸਕਦੇ ਹਨ ਅਤੇ ਕਿੱਥੇ ਨਹੀਂ। ਉਨ੍ਹਾਂ ਕਿਹਾ ਭਵਿੱਖ ਵਿੱਚ ਜੇਕਰ ਕਿਸੇ ਵੀ ਸ਼ਹੀਦੀ ਯਾਦਗਾਰ ਜਾਂ ਸਮਾਰਕ ਉੱਪਰ ਕੋਈ ਮਸ਼ਹੂਰੀ ਦਾ ਪੋਸਟਰ ਲੱਗਾ ਦਿਖਾਈ ਦਿੱਤਾ ਤਾਂ ਮਸ਼ਹੂਰੀ ਕਰਵਾਉਣ ਵਾਲੀ ਸਬੰਧਿਤ ਧਿਰ ਖ਼ਿਲਾਫ਼ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਮਾਰਕਾਂ ਦਾ ਪੂਰਾ ਸਨਮਾਨ ਕੀਤਾ ਜਾਵੇ।

Written By
The Punjab Wire