Close

Recent Posts

ਸਰਕਾਰੀ ਯੋਜਨਾ ਪੰਜਾਬ

378 ਸੜਕਾਂ ਮੁਰੰਮਤ ਅਧੀਨ; 325 ਕਿਲੋਮੀਟਰ ਹਿੱਸੇ ਨੂੰ ਕੀਤਾ ਅਪਗ੍ਰੇਡ: ਹਰਭਜਨ ਸਿੰਘ ਈਟੀਓ

378 ਸੜਕਾਂ ਮੁਰੰਮਤ ਅਧੀਨ; 325 ਕਿਲੋਮੀਟਰ ਹਿੱਸੇ ਨੂੰ ਕੀਤਾ ਅਪਗ੍ਰੇਡ: ਹਰਭਜਨ ਸਿੰਘ ਈਟੀਓ
  • PublishedJuly 12, 2025

ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਸਬੰਧੀ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਪੀ.ਐਮ.ਜੀ.ਐਸ.ਵਾਈ. ਸਕੀਮ ਅਧੀਨ ਸੜਕ ਅਪਗ੍ਰੇਡੇਸ਼ਨ ਪ੍ਰੋਜੈਕਟਾਂ ਵਿੱਚ 14.29 ਫੀਸਦ ਲਾਗਤ ਖ਼ਰਚ ਦੀ ਬੱਚਤ ਹੋਈ

ਚੰਡੀਗੜ੍ਹ, 12 ਜੁਲਾਈ 2025 ( ਦੀ ਪੰਜਾਬ ਵਾਇਰ)–  ਸੂਬੇ ਭਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕਾਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇਥੇ ਐਸ.ਏ.ਐਸ. ਨਗਰ ਵਿਖੇ ਲੋਕ ਨਿਰਮਾਣ ਵਿਭਾਗ ਦੇ ਕਾਰਜਾਂ ਦੀ ਵਿਆਪਕ ਸਮੀਖਿਆ ਕੀਤੀ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦੀ ਪਹਿਲਕਦਮੀ ਤਹਿਤ 378 ਸੜਕਾਂ (ਰੋਡ ਗਰੁੱਪ) ਦੇ ਨਿਰਧਾਰਤ ਹਿੱਸੇ ਲਈ ਟੈਂਡਰ ਪ੍ਰਕ੍ਰਿਆ ਜਾਰੀ ਹੈ।

ਸ. ਹਰਭਜਨ ਸਿੰਘ ਈਟੀਓ ਨੇ ਅਧਿਕਾਰੀਆਂ ਨੂੰ ਟੈਂਡਰ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਤਾਂ ਲੋਕਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਰਹਿੰਦੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੂੰ ਦੱਸਿਆ ਗਿਆ ਕਿ ਨਾਬਾਰਡ ਅਧੀਨ ਕੰਮ ਬਾਕਾਇਦਾ ਜਾਰੀ ਹਨ ਅਤੇ ਜੁਲਾਈ ਦੇ ਅੰਤ ਤੱਕ ਵੱਖਰੇ ਟੈਂਡਰ ਅਲਾਟ ਕਰ ਦਿੱਤੇ ਜਾਣਗੇ।

ਪੀ.ਐਮ.ਜੀ.ਐਸ.ਵਾਈ. ਸਕੀਮ ਦੇ ਲਾਗੂਕਰਨ ਬਾਰੇ ਗੱਲ ਕਰਦਿਆਂ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੁੱਲ 581 ਕਿਲੋਮੀਟਰ ਵਿੱਚੋਂ 286 ਕਿਲੋਮੀਟਰ ਲਿੰਕ ਸੜਕਾਂ ਲਈ ਬੋਲੀ ਪ੍ਰਕਿਰਿਆ ਨੂੰ ਖੋਲ੍ਹਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪੀ.ਐਮ.ਜੀ.ਐਸ.ਵਾਈ. ਅਧੀਨ 325 ਕਿਲੋਮੀਟਰ ਹਿੱਸੇ ਦੇ ਅਪਗ੍ਰੇਡੇਸ਼ਨ ਕਾਰਜਾਂ ਦੀ ਅਲਾਟਮੈਂਟ ਵਿੱਚ ਵਿਭਾਗ ਨੇ 14.29 ਫੀਸਦ ਲਾਗਤ ਖ਼ਰਚੇ ਬਚਾਏ ਹਨ। ਜੋ ਕਿ ਸਰੋਤਾਂ ਦੀ ਕੁਸ਼ਲਤਾ ਨਾਲ ਵਰਤੋਂ ਅਤੇ ਵਿੱਤੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।

ਕੈਬਨਿਟ ਮੰਤਰੀ ਨੇ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਐਮ.ਡੀ.ਆਰ. ਹਿੱਸੇ ਤੱਕ ਸੜਕ ਖਿਸਕਣ ਦੇ ਮੁੱਦੇ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਦਿਆਂ ਵਿਸ਼ੇਸ਼ ਸਕੱਤਰ ਪੀ.ਡਬਲਯੂ.ਡੀ. ਨੂੰ ਇਸ ਸਬੰਧੀ ਢੁਕਵਾਂ ਉਪਾਵਾਂ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੀ.ਆਰ.ਆਈ.ਐਫ. ਫੰਡਿੰਗ ਦੀ ਸਰਬੋਤਮ ਵਰਤੋਂ ‘ਤੇ ਵੀ ਜ਼ੋਰ ਦਿੱਤਾ।

ਗੁਜਰਾਤ ਵਿੱਚ ਹਾਲ ਹੀ ਵਿੱਚ ਵਾਪਰੀ ਪੁਲ ਢਹਿਣ ਦੀ ਘਟਨਾ ਦੇ ਮੱਦੇਨਜ਼ਰ ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬ ਭਰ ਵਿੱਚ ਪੁਲਾਂ ਦੀ ਸੁਚੱਜੇ ਢੰਗ ਨਾਲ ਢਾਂਚਾਗਤ ਜਾਂਚ ਕਰਨ ਅਤੇ ਸਾਰੇ ਢਾਂਚਿਆਂ ਦੇ ਸੁਰੱਖਿਆ ਪ੍ਰਮਾਣੀਕਰਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਵਿਸ਼ੇਸ਼ ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀਮਤੀ ਹਰਗੁਣਜੀਤ ਕੌਰ, ਇੰਜੀਨੀਅਰ ਇਨ ਚੀਫ਼ ਗਗਨਦੀਪ ਸਿੰਘ, ਮੁੱਖ ਇੰਜੀਨੀਅਰ ਅਨਿਲ ਗੁਪਤਾ, ਰਾਮਤੇਸ਼ ਬੈਂਸ, ਰਾਕੇਸ਼ ਗਰਗ, ਵਿਜੇ ਕੁਮਾਰ ਚੋਪੜਾ ਅਤੇ ਸੁਪਰਡੈਂਟ ਇੰਜੀਨੀਅਰ ਸ਼ਾਮਲ ਸਨ।

Written By
The Punjab Wire