Close

Recent Posts

ਸਿਹਤ ਗੁਰਦਾਸਪੁਰ ਪੰਜਾਬ

ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ `ਚ ਸਿਜ਼ੇਰੀਅਨ ਜਣੇਪੇ ਦੀ ਮੁੜ ਸ਼ੁਰੂਆਤ ਹੋਈ

ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ `ਚ ਸਿਜ਼ੇਰੀਅਨ ਜਣੇਪੇ ਦੀ ਮੁੜ ਸ਼ੁਰੂਆਤ ਹੋਈ
  • PublishedJune 30, 2025

ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਹਸਪਤਾਲ ਵਿੱਚ 10 ਸਾਲ ਬਾਅਦ ਸਿਜ਼ੇਰੀਅਨ ਰਾਹੀਂ ਬੱਚੀ ਨੇ ਜਨਮ ਲਿਆ

ਚੇਅਰਮੈਨ ਰਮਨ ਬਹਿਲ ਨੇ ਨਵ-ਜੰਮੀ ਬੱਚੀ ਨੂੰ ਸ਼ਗਨ ਪਾਇਆ

ਗੁਰਦਾਸਪੁਰ, 30 ਜੂਨ 2025 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਣੇਪੇ ਦੌਰਾਨ ਸਿਜ਼ੇਰੀਅਨ ਦੀ ਸਹੂਲਤ ਦੁਬਾਰਾ ਸ਼ੁਰੂ ਹੋ ਗਈ ਹੈ। ਅੱਜ ਪੁਰਾਣੇ ਸਿਵਲ ਹਸਪਤਾਲ ਵਿੱਚ ਦੀਨਾਨਗਰ ਦੇ ਵਾਸੀ ਸ਼ੰਕਰ ਕੁਮਾਰ ਦੀ ਧਰਮ ਪਤਨੀ ਸੀਮਾ ਰਾਣੀ ਦਾ ਮਾਹਿਰ ਡਾਕਟਰਾਂ ਵੱਲੋਂ ਸਿਜ਼ੇਰੀਅਨ ਰਾਹੀਂ ਸੁਰੱਖਿਅਤ ਜਣੇਪਾ ਕੀਤਾ ਗਿਆ, ਜਿਸ ਦੌਰਾਨ ਇੱਕ ਬਹੁਤ ਹੀ ਪਿਆਰੀ ਨੰਨ੍ਹੀ ਪਰੀ ਨੇ ਜਨਮ ਲਿਆ। ਇਸ ਸਿਜ਼ੇਰੀਅਨ ਜਣੇਪੇ ਦੌਰਾਨ ਜੱਚਾ ਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਠੀਕ ਹਨ।

ਇਸ ਮੌਕੇ ਨਵ-ਜਨਮੀਂ ਬੱਚੀ ਨੂੰ ਅਸ਼ੀਰਵਾਦ ਦੇਣ ਅਤੇ ਜਚੇ-ਬੱਚੇ ਦੀ ਸਿਹਤ ਦਾ ਹਾਲ ਜਾਣਨ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵਿਸ਼ੇਸ਼ ਤੌਰ ‘ਤੇ ਪੁਰਾਣੇ ਸਿਵਲ ਹਸਪਤਾਲ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਬੱਚੀ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚੀ ਨੂੰ ਸ਼ਗਨ ਪਾ ਕੇ ਉਸ ਦੇ ਤੰਦਰੁਸਤ, ਸੁਨਹਿਰੀ ਤੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ।

ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸੁਰੱਖਿਅਤ ਜਣੇਪੇ ਦੀ ਸਹੂਲਤ ਸ਼ੁਰੂ ਹੋਣ ‘ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸਿਜ਼ੇਰੀਅਨ ਦੀ ਇਹ ਸਹੂਲਤ 10 ਸਾਲ ਬਾਅਦ ਮੁੜ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਗੁਰਦਾਸਪੁਰ ਦੇ ਇਸ ਹਸਪਤਾਲ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਨਿੱਜੀ ਕੋਸ਼ਿਸ਼ਾਂ ਕਰਕੇ ਗੁਰਦਾਸਪੁਰ ਸ਼ਹਿਰ ਅੰਦਰ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਸਾਲ 2022 ਵਿੱਚ ਮੁੜ ਸ਼ੁਰੂ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੇ ਸਿਵਲ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦੇਣ ਤੋਂ ਬਾਅਦ ਏਥੇ 24 ਘੰਟੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।

ਸ੍ਰੀ ਬਹਿਲ ਨੇ ਦੱਸਿਆ ਕਿ ਇਸੇ ਸਾਲ ਮਾਰਚ ਮਹੀਨੇ ਪੁਰਾਣੇ ਸਿਵਲ ਹਸਪਤਾਲ ਵਿੱਚ ਜੱਚਾ-ਬੱਚਾ ਸੇਵਾਵਾਂ ਸ਼ੁਰੂ ਹੋ ਗਈਆਂ ਸਨ ਅਤੇ ਹੁਣ ਇੱਕ ਕਦਮ ਹੋਰ ਵਧਾਉਂਦਿਆਂ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਸਿਜ਼ੇਰੀਅਨ ਜਣੇਪੇ ਦੀ ਸਹੂਲਤ ਵੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਇਲਾਕੇ ਦੀਆਂ ਗਰਭਵਤੀ ਔਰਤਾਂ ਨੂੰ ਲਾਭ ਹੋਵੇਗਾ।

Written By
The Punjab Wire