Close

Recent Posts

ਪੰਜਾਬ

ਕਾਂਗਰਸ ਭਵਨ ਦੇ ਅੰਦਰ ਦਲਿਤ ਕਾਂਗਰਸੀ ਆਗੂ ‘ਤੇ ਹਮਲਾ, ਚਰਨਜੀਤ ਸਿੰਘ ਚੰਨੀ ਜਵਾਬ ਦੇਣ ਕਿ ਉਹ ਦਲਿਤਾਂ ਨਾਲ ਖੜ੍ਹੇ ਹਨ ਜਾਂ ਆਪਣੇ ਕਰੀਬੀ ਨਾਲ: ਜਸਵੀਰ ਸਿੰਘ ਗੜ੍ਹੀ

ਕਾਂਗਰਸ ਭਵਨ ਦੇ ਅੰਦਰ ਦਲਿਤ ਕਾਂਗਰਸੀ ਆਗੂ ‘ਤੇ ਹਮਲਾ, ਚਰਨਜੀਤ ਸਿੰਘ ਚੰਨੀ ਜਵਾਬ ਦੇਣ ਕਿ ਉਹ ਦਲਿਤਾਂ ਨਾਲ ਖੜ੍ਹੇ ਹਨ ਜਾਂ ਆਪਣੇ ਕਰੀਬੀ ਨਾਲ: ਜਸਵੀਰ ਸਿੰਘ ਗੜ੍ਹੀ
  • PublishedOctober 28, 2026

ਜੇ ਕਾਂਗਰਸ ਭਵਨ ਦੇ ਅੰਦਰ ਹੀ ਦਲਿਤ ਆਗੂ ਸੁਰੱਖਿਅਤ ਨਹੀਂ, ਤਾਂ ਕਾਂਗਰਸ ਦਲਿਤਾਂ ਦੀ ਰਾਖੀ ਦਾ ਦਾਅਵਾ ਕਿਵੇਂ ਕਰ ਸਕਦੀ ਹੈ? ਜਸਵੀਰ ਸਿੰਘ ਗੜ੍ਹੀ

ਕਾਂਗਰਸ ਵਿੱਚ ਦਲਿਤਾਂ ਨਾਲ KGF ਹੋ ਰਿਹਾ ਹੈ — ‘ਕੁੱਟਿਆ, ਘੜੀਸਿਆ, ਫੈਂਟਿਆ’: ਜਸਵੀਰ ਸਿੰਘ ਗੜ੍ਹੀ

ਭਾਜਪਾ ਸਪੱਸ਼ਟ ਕਰੇ ਕਿ ਦਲਿਤ ਆਗੂ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਹੋਈ ਹੈ ਜਾਂ ਨਹੀਂ: ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ 28 ਅਕਤੂਬਰ 2026 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ (‘ਆਪ’) ਦੇ ਆਗੂ ਅਤੇ ਚਮਕੌਰ ਸਾਹਿਬ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਦੇ ਅੰਦਰ ਕਾਂਗਰਸੀ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ‘ਤੇ ਹੋਏ ਹਮਲੇ ਦੀ ਪੁਰਜ਼ੋਰ ਨਿਖੇਧੀ ਕੀਤੀ। ਉਨ੍ਹਾਂ ਦਲਿਤ ਹੱਕਾਂ ਦੀ ਰਾਖੀ ਦੇ ਕਾਂਗਰਸ ਲੀਡਰਸ਼ਿਪ ਦੇ ਦਾਅਵਿਆਂ ‘ਤੇ ਸਵਾਲ ਚੁੱਕੇ ਅਤੇ ਪੂਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਉਨ੍ਹਾਂ ਦੇ ਕਰੀਬੀ ਬਰਿੰਦਰ ਸਿੰਘ ਢਿੱਲੋਂ ‘ਤੇ ਲੱਗੇ ਦੋਸ਼ਾਂ ਬਾਰੇ ਜਵਾਬ ਮੰਗਿਆ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਤੇ ਚਮਕੌਰ ਸਾਹਿਬ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਕਿਹਾ, “ਰਣਜੀਤ ਸਿੰਘ ਤਰਖਾਣ ਮਾਜਰਾ ਇੱਕ ਦਲਿਤ ਆਗੂ, ਸਾਬਕਾ ਪਿੰਡ ਸਰਪੰਚ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਹਨ। ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬਰਿੰਦਰ ਸਿੰਘ ਢਿੱਲੋਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ, ਜਾਤੀਸੂਚਕ ਸ਼ਬਦ ਬੋਲੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਦੋਸ਼ ਬੇਹੱਦ ਗੰਭੀਰ ਹਨ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।”

‘ਆਪ’ ਆਗੂ ਨੇ ਕਿਹਾ, “ਕਾਂਗਰਸੀ ਆਗੂ ਦਲਿਤਾਂ ਦੀ ਰਾਖੀ ਦੀਆਂ ਗੱਲਾਂ ਕਰਦੇ ਹਨ, ਪਰ ਕਾਂਗਰਸ ਭਵਨ ਦੇ ਅੰਦਰ ਹੀ ਇੱਕ ਦਲਿਤ ਆਗੂ ਨਾਲ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਜੇਕਰ ਕਾਂਗਰਸ ਦੇ ਆਪਣੇ ਦਫ਼ਤਰ ਅੰਦਰ ਹੀ ਦਲਿਤ ਸੁਰੱਖਿਅਤ ਨਹੀਂ ਹਨ, ਤਾਂ ਇਹ ਪਾਰਟੀ ਹੋਰ ਕਿਤੇ ਦਲਿਤਾਂ ਦੀ ਰਾਖੀ ਕਰਨ ਦਾ ਦਾਅਵਾ ਕਿਵੇਂ ਕਰ ਸਕਦੀ ਹੈ?”

ਜਸਵੀਰ ਸਿੰਘ ਗੜ੍ਹੀ ਨੇ ਕਿਹਾ “ਬਰਿੰਦਰ ਸਿੰਘ ਢਿੱਲੋਂ ਨੂੰ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਜਨਤਕ ਤੌਰ ‘ਤੇ ਸਾਬਕਾ ਮੁੱਖ ਮੰਤਰੀ ਦਾ ਸਮਰਥਨ ਕੀਤਾ ਹੈ। ਚਰਨਜੀਤ ਸਿੰਘ ਚੰਨੀ ਨੂੰ ਹੁਣ ਆਪਣੀ ਚੁੱਪ ਤੋੜਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਦਲਿਤਾਂ ਦੇ ਮਾਣ-ਸਤਿਕਾਰ ਨਾਲ ਖੜ੍ਹੇ ਹਨ ਜਾਂ ਇਹ ਗੰਭੀਰ ਦੋਸ਼ ਲੱਗਣ ਦੇ ਬਾਵਜੂਦ ਆਪਣੇ ਕਰੀਬੀਆਂ ਦਾ ਸਾਥ ਦਿੰਦੇ ਰਹਿਣਗੇ,”।

ਉਨ੍ਹਾਂ ਕਿਹਾ, “ਰਣਜੀਤ ਸਿੰਘ ਤਰਖਾਣ ਮਾਜਰਾ ਨੇ ਚੰਡੀਗੜ੍ਹ ਪੁਲਿਸ ਕੋਲ ਭਾਰਤੀ ਨਿਆਇ ਸੰਹਿਤਾ, 2023 ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕੂ) ਐਕਟ, 1989 ਤਹਿਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਨੂੰ ਸ਼ਿਕਾਇਤ ਦੀ ਜਾਂਚ ਕਰਕੇ ਕਾਨੂੰਨ ਮੁਤਾਬਕ ਯੋਗ ਕਾਰਵਾਈ ਕਰਨੀ ਚਾਹੀਦੀ ਹੈ।”

ਚਰਨਜੀਤ ਸਿੰਘ ਚੰਨੀ ਦੀਆਂ KGF ਬਾਰੇ ਸੋਸ਼ਲ ਮੀਡੀਆ ਪੋਸਟਾਂ ‘ਤੇ ਤੰਜ ਕੱਸਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ, “ਚਰਨਜੀਤ ਸਿੰਘ ਚੰਨੀ KGF ਬਾਰੇ ਪੋਸਟਾਂ ਪਾਉਂਦੇ ਰਹਿੰਦੇ ਹਨ, ਪਰ ਸਵਾਲ ਇਹ ਹੈ ਕਿ ਕਾਂਗਰਸ ਅੰਦਰ ਦਲਿਤਾਂ ਨਾਲ ਕੀ ਹੋ ਰਿਹਾ ਹੈ। ਇੱਥੇ KGF ਦਾ ਮਤਲਬ ‘ਕੁੱਟਿਆ, ਘੜੀਸਿਆ ਅਤੇ ਫੈਂਟਿਆ’ ਹੈ। ਇਹ ਉਹ ਸਵਾਲ ਹੈ ਜਿਸ ਦਾ ਜਵਾਬ ਕਾਂਗਰਸ ਲੀਡਰਸ਼ਿਪ ਨੂੰ ਦੇਣਾ ਪਵੇਗਾ।”

ਜਸਵੀਰ ਸਿੰਘ ਗੜ੍ਹੀ ਨੇ ਕਿਹਾ “ਚਰਨਜੀਤ ਸਿੰਘ ਚੰਨੀ ਨੂੰ ਆਪਣੀ ਉਸ ਸੋਸ਼ਲ ਮੀਡੀਆ ਪੋਸਟ ਬਾਰੇ ਵੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਜਿਸ ਵਿੱਚ ਪੰਜਾਬੀਆਂ ਨੂੰ ਹਥਿਆਰ ਚੁੱਕਣ ਅਤੇ ਹਲ ਛੱਡਣ ਦਾ ਸੱਦਾ ਦੇਣ ਵਾਲੇ ਗਾਣੇ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਪੰਜਾਬ ਨੇ ਆਪਣੇ ਹਿੰਸਾ ਦੇ ਦਰਦਨਾਕ ਦੌਰ ਦੌਰਾਨ ਬਹੁਤ ਸੰਤਾਪ ਹੰਢਾਇਆ ਹੈ। ਸਿਆਸੀ ਆਗੂਆਂ ਨੂੰ ਪੰਜਾਬ ਦੇ ਲੋਕਾਂ ਦੇ ਜ਼ਖ਼ਮਾਂ ਅਤੇ ਭਾਵਨਾਵਾਂ ਨਾਲ ਖੇਡਣ ਦੀ ਬਜਾਏ ਅਜਿਹੇ ਸੁਨੇਹਿਆਂ ਨੂੰ ਉਤਸ਼ਾਹਿਤ ਕਰਨ ਦੇ ਨਤੀਜਿਆਂ ‘ਤੇ ਵਿਚਾਰ ਕਰਨਾ ਚਾਹੀਦਾ ਹੈ,”।

‘ਆਪ’ ਆਗੂ ਨੇ ਕਿਹਾ, “ਕਾਂਗਰਸ ਵਾਰ-ਵਾਰ ਸਮਾਜਿਕ ਨਿਆਂ ਦੀ ਆਗੂ ਹੋਣ ਦਾ ਦਾਅਵਾ ਨਹੀਂ ਕਰ ਸਕਦੀ, ਜਦੋਂ ਕਿ ਉਸ ਦੇ ਆਪਣੇ ਸੰਗਠਨ ਅੰਦਰ ਦਲਿਤ ਆਗੂਆਂ ਦੇ ਮਾਣ-ਸਤਿਕਾਰ ਅਤੇ ਵਿਵਹਾਰ ‘ਤੇ ਸਵਾਲ ਉੱਠ ਰਹੇ ਹਨ। ਪਾਰਟੀ ਨੂੰ ਬਾਬਾ ਸਾਹਿਬ ਅੰਬੇਡਕਰ ਸਮੇਤ ਦਲਿਤ ਆਗੂਆਂ ਨਾਲ ਆਪਣੇ ਇਤਿਹਾਸਕ ਵਿਵਹਾਰ ਬਾਰੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਅਤੇ ਇਹ ਦੱਸਣਾ ਚਾਹੀਦਾ ਹੈ ਕਿ ਉਹ ਦਲਿਤਾਂ ਦੇ ਸਿਆਸੀ ਹੱਕਾਂ, ਨੁਮਾਇੰਦਗੀ ਅਤੇ ਮਾਣ-ਸਤਿਕਾਰ ਨੂੰ ਕਿਵੇਂ ਬਰਕਰਾਰ ਰੱਖੇਗੀ।”

ਜਸਵੀਰ ਸਿੰਘ ਗੜ੍ਹੀ ਨੇ ਕਿਹਾ “ਚੰਡੀਗੜ੍ਹ ਕੇਂਦਰ ਦੀ ਭਾਜਪਾ ਸਰਕਾਰ ਦੇ ਅਧੀਨ ਆਉਂਦਾ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਭਾਜਪਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਰਣਜੀਤ ਸਿੰਘ ਤਰਖਾਣ ਮਾਜਰਾ ਵੱਲੋਂ ਦਿੱਤੀ ਸ਼ਿਕਾਇਤ ‘ਤੇ ਕੀ ਕਾਰਵਾਈ ਕੀਤੀ ਗਈ ਹੈ? ਕੀ ਐਫ.ਆਈ.ਆਰ. ਦਰਜ ਕੀਤੀ ਗਈ ਹੈ? ਕੀ ਸ਼ਿਕਾਇਤ ਦੀ ਜਾਂਚ ਕੀਤੀ ਗਈ ਹੈ? ਪ੍ਰਸ਼ਾਸਨ ਨੂੰ ਦਲਿਤ ਹੱਕਾਂ ਦੀ ਰਾਖੀ ਦੇ ਦਾਅਵਿਆਂ ਤੱਕ ਸੀਮਤ ਰਹਿਣ ਦੀ ਬਜਾਏ ਸਪੱਸ਼ਟ ਜਵਾਬ ਦੇਣੇ ਚਾਹੀਦੇ ਹਨ,”।

‘ਆਪ’ ਆਗੂ ਨੇ ਜ਼ੋਰ ਦੇ ਕੇ ਕਿਹਾ, “ਦਲਿਤ ਮਾਣ-ਸਤਿਕਾਰ ਅਤੇ ਬਰਾਬਰੀ ਸਿਰਫ਼ ਸਿਆਸੀ ਭਾਸ਼ਣਾਂ ਤੱਕ ਸੀਮਤ ਨਹੀਂ ਰਹਿ ਸਕਦੀ। ਜਦੋਂ ਕੋਈ ਦਲਿਤ ਆਗੂ ਜਾਤੀਸੂਚਕ ਸ਼ਬਦਾਂ, ਕੁੱਟਮਾਰ ਅਤੇ ਧਮਕੀਆਂ ਦੇ ਦੋਸ਼ਾਂ ਨਾਲ ਪੁਲਿਸ ਕੋਲ ਜਾਂਦਾ ਹੈ, ਤਾਂ ਪ੍ਰਸ਼ਾਸਨ ਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸ਼ਿਕਾਇਤ ਦੀ ਪੂਰੀ ਜਾਂਚ ਹੋਵੇ।”

ਜਸਵੀਰ ਸਿੰਘ ਗੜ੍ਹੀ ਨੇ ਬਰਿੰਦਰ ਸਿੰਘ ਢਿੱਲੋਂ ‘ਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਅਤੇ ਕਾਨੂੰਨ ਅਨੁਸੂਚਿਤ ਬਣਦੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਸ਼ਿਕਾਇਤ ਦੁਆਰਾ ਚੁੱਕੇ ਗਏ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਅਤੇ ਦਲਿਤਾਂ ਦੇ ਹੱਕਾਂ ਅਤੇ ਮਾਣ-ਸਤਿਕਾਰ ਦੀ ਰਾਖੀ ਯਕੀਨੀ ਬਣਾਉਣੀ ਚਾਹੀਦੀ ਹੈ।

Written By
The Punjab Wire