ਗੁਰਦਾਸਪੁਰ ਪੰਜਾਬ

ਗੁਰਦਾਸਪੁਰ ‘ਚ ਦਰਦਨਾਕ ਸੜਕ ਹਾਦਸਾ: ਕਾਰ ਤੇ ਮੋਟਰਸਾਈਕਲ ਵਿਚਾਲੇ ਭਿੜੰਤ, ਇਕ ਦੀ ਮੌਤ, ਮਹਿਲਾ ਤੇ ਬੱਚੀ ਗੰਭੀਰ ਜਖਮੀ

ਗੁਰਦਾਸਪੁਰ ‘ਚ ਦਰਦਨਾਕ ਸੜਕ ਹਾਦਸਾ: ਕਾਰ ਤੇ ਮੋਟਰਸਾਈਕਲ ਵਿਚਾਲੇ ਭਿੜੰਤ, ਇਕ ਦੀ ਮੌਤ, ਮਹਿਲਾ ਤੇ ਬੱਚੀ ਗੰਭੀਰ ਜਖਮੀ
  • PublishedJune 2, 2025

ਗੁਰਦਾਸਪੁਰ, 2 ਜੂਨ 2025 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਕਲਾਨੌਰ ਰੋਡ ‘ਤੇ ਪੈਂਦੇ ਪਿੰਡ ਸਲੇਮਪੁਰ ਅੱਡੇ ਨੇੜੇ ਸੋਮਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਨਿਵਾਸੀ 42 ਸਾਲਾ ਸੋਨੂ ਪੁੱਤਰ ਚਿਮਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਜਸਮੀਤ ਕੌਰ ਅਤੇ ਨੰਨੀ ਧੀ ਗੰਭੀਰ ਜਖਮੀ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ, ਸੋਨੂ ਆਪਣੇ ਪਰਿਵਾਰ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗੁਰਦਾਸਪੁਰ ਆ ਰਿਹਾ ਸੀ। ਜੱਦ ਉਹ ਪਿੰਡ ਸਲੇਮਪੁਰ ਨੇੜੇ ਪਹੁੰਚੇ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਚੱਕੀ-ਚੂਰ ਹੋ ਗਿਆ ਅਤੇ ਕਾਰ ਵੀ ਪਲਟ ਗਈ।

ਹਾਦਸੇ ‘ਚ ਸੋਨੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਜਸਮੀਤ ਤੇ ਧੀ ਨੂੰ ਸੜਕ ਸੁਰੱਖਿਆ ਫੋਰਸ ਨੇ ਮੌਕੇ ‘ਤੇ ਪਹੁੰਚ ਕੇ 108 ਐਮਬੂਲੈਂਸ ਰਾਹੀਂ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਦੋਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਸੋਨੂ ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਭੇਜ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਚਸ਼ਮਦੀਦਾਂ ਦੇ ਮੁਤਾਬਕ ਕਾਰ ਦੀ ਗਤੀ ਬਹੁਤ ਹੀ ਤੇਜ਼ ਸੀ ਅਤੇ ਉਹ ਗਲਤ ਪਾਸੇ ਤੋਂ ਆਈ। ਟੱਕਰ ਮਾਰਨ ਤੋਂ ਬਾਅਦ ਕਾਰ ਪਲਟ ਗਈ। ਕਾਰ ਸਵਾਰ ਵਿਅਕਤੀ ਨੂੰ ਕੁਝ ਲੋਕਾਂ ਨੇ ਗੱਡੀ ‘ਚੋਂ ਕੱਢ ਲਿਆ, ਪਰ ਓਹ ਥੋੜ੍ਹੀ ਚੋਟ ਲੱਗਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

ਥਾਣਾ ਸਦਰ ਗੁਰਦਾਸਪੁਰ ਦੇ ਐਸ.ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸ.ਐੱਸ.ਐੱਫ ਵੱਲੋਂ ਸੂਚਨਾ ਮਿਲੀ ਸੀ ਕਿ ਸਲੇਮਪੁਰ ਨੇੜੇ ਹਾਦਸਾ ਹੋਇਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਹਾਂ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰ ਸਵਾਰ ਦੀ ਪਛਾਣ ਕਰਕੇ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

Written By
The Punjab Wire