Close

Recent Posts

ਪੰਜਾਬ

ਜਸ਼ਨ-ਏ-ਇਨਕਲਾਬ’ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਰਾਸਤ, ਪੰਜਾਬ ਦੇ ਸਭਿਆਚਾਰ ਅਤੇ ਰੰਗਲੇ ਪੰਜਾਬ ਦੇ ਜਜ਼ਬੇ ਨੂੰ ਮਨਾਉਣ ਲਈ: ਬਲਤੇਜ ਪੰਨੂ

ਜਸ਼ਨ-ਏ-ਇਨਕਲਾਬ’ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਰਾਸਤ, ਪੰਜਾਬ ਦੇ ਸਭਿਆਚਾਰ ਅਤੇ ਰੰਗਲੇ ਪੰਜਾਬ ਦੇ ਜਜ਼ਬੇ ਨੂੰ ਮਨਾਉਣ ਲਈ: ਬਲਤੇਜ ਪੰਨੂ
  • PublishedSeptember 27, 2026

28 ਸਤੰਬਰ ਨੂੰ ਆਪਣੇ ਪਰਿਵਾਰਾਂ ਸਮੇਤ ਪੀਏਯੂ ਆਓ ਅਤੇ ਪੰਜਾਬ ਦੇ ਯੋਧਿਆਂ, ਸਭਿਆਚਾਰ ਅਤੇ ਸੰਗੀਤ ਦਾ ਜਸ਼ਨ ਮਨਾਓ: ਬਲਤੇਜ ਪੰਨੂ

ਨਹਿਰੀ ਪਾਣੀ ਦੀ ਵਰਤੋਂ 22% ਤੋਂ ਵਧ ਕੇ 88% ਤੋਂ ਵੱਧ ਹੋਈ, ਮੁਫ਼ਤ ਬਿਜਲੀ ਅਤੇ ਕੈਸ਼ਲੇਸ ਸਿਹਤ ਸੰਭਾਲ, ਭਗਵੰਤ ਮਾਨ ਸਰਕਾਰ ਨੇ ਲੋਕਾਂ ਦੇ ਜੀਵਨ ਵਿੱਚ ਠੋਸ ਤਬਦੀਲੀਆਂ ਲਿਆਂਦੀਆਂ: ਬਲਤੇਜ ਪੰਨੂ

ਪੰਜਾਬ ਦੇ ਨੌਜਵਾਨ ਖੇਡਾਂ, ਸਭਿਆਚਾਰ ਅਤੇ ਤੰਦਰੁਸਤ ਜੀਵਨ ਸ਼ੈਲੀ ਵੱਲ ਵਧ ਰਹੇ ਹਨ, ਕਿਉਂਕਿ ਸੂਬਾ ‘ਰੰਗਲਾ ਪੰਜਾਬ’ ਵਜੋਂ ਆਪਣੀ ਪਛਾਣ ਵਾਪਸ ਹਾਸਲ ਕਰ ਰਹਾ ਹੈ: ਬਲਤੇਜ ਪੰਨੂ

ਆਓ ਅਸੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕਰੀਏ ਅਤੇ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਇਤਿਹਾਸ ਨਾਲ ਜੋੜੀਏ: ਬਲਤੇਜ ਪੰਨੂ

ਲੁਧਿਆਣਾ 27 ਸਤੰਬਰ 2026 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਐਤਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ 28 ਸਤੰਬਰ ਨੂੰ ਲੁਧਿਆਣਾ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮੈਦਾਨ ਵਿੱਚ ਕਰਵਾਏ ਜਾ ਰਹੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ ਵਿੱਚ ਪੰਜਾਬ ਭਰ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਨੂੰ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ, ਸੰਗੀਤ, ਇਤਿਹਾਸ ਅਤੇ ਸ਼ਹੀਦਾਂ ਦੀ ਵਿਰਾਸਤ ਦਾ ਜਸ਼ਨ ਕਰਾਰ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੰਤਰੀਆਂ ਅਤੇ ਵਿਧਾਇਕਾਂ ਸਮੇਤ ਪੂਰੇ ਸੂਬੇ ਤੋਂ ਲੋਕ ਇੱਕਠੇ ਹੋਣਗੇ।

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੈ ਅਤੇ ਇਹ ਪੰਜਾਬ ਦੇ ਸਭਿਆਚਾਰ, ਸੰਗੀਤ, ਇਤਿਹਾਸ ਅਤੇ ਸ਼ਾਨਦਾਰ ਵਿਰਸੇ ਦਾ ਜਸ਼ਨ ਮਨਾਏਗਾ। ਇਹ ਪ੍ਰੋਗਰਾਮ ਲੁਧਿਆਣਾ ਦੇ ਪੀਏਯੂ ਮੈਦਾਨ ਵਿੱਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਅਤੇ ਮੈਂ ਸੂਬੇ ਦੇ ਕੋਨੇ-ਕੋਨੇ ਤੋਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਜਸ਼ਨ ਵਿੱਚ ਸ਼ਿਰਕਤ ਕਰਨ।”

ਉਨ੍ਹਾਂ ਕਿਹਾ, “ਪ੍ਰੋਗਰਾਮ ਦੌਰਾਨ ਪ੍ਰਸਿੱਧ ਨਾਟਕ ‘ਗਗਨ ਦਮਾਮਾ ਬਾਜਿਓ’ ਖੇਡਿਆ ਜਾਵੇਗਾ, ਜਦਕਿ ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ ਸਮੇਤ ਪ੍ਰਮੁੱਖ ਪੰਜਾਬੀ ਕਲਾਕਾਰ ਅਤੇ ਪ੍ਰਮੁੱਖ ਢਾਡੀ ਜਥੇ ਆਪਣੀ ਪੇਸ਼ਕਾਰੀ ਦੇਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੰਤਰੀ, ਵਿਧਾਇਕ ਅਤੇ ਪੂਰੇ ਪੰਜਾਬ ਤੋਂ ਲੋਕ ਇਸ ਸਮਾਗਮ ਵਿੱਚ ਹਿੱਸਾ ਲੈਣਗੇ।”

ਪੰਜਾਬ ਦੀ ਇਨਕਲਾਬੀ ਵਿਰਾਸਤ ਨਾਲ ਜੁੜੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, “ਸ਼ਹੀਦ ਭਗਤ ਸਿੰਘ ਦੇ ਨਾਲ-ਨਾਲ ਅਸੀਂ ਸ਼ਹੀਦ ਸੁਖਦੇਵ, ਜੋ ਕਿ ਲੁਧਿਆਣਾ ਨਾਲ ਸਬੰਧਤ ਸਨ, ਅਤੇ ਸ਼ਹੀਦ ਰਾਜਗੁਰੂ ਨੂੰ ਵੀ ਯਾਦ ਕਰਾਂਗੇ। ਉਨ੍ਹਾਂ ਦੀਆਂ ਕੁਰਬਾਨੀਆਂ ਸਾਡੇ ਇਤਿਹਾਸ ਦਾ ਇੱਕ ਅਨਿੱਖੜਵਾਂ ਅੰਗ ਹਨ, ਅਤੇ ਇਸ ਪ੍ਰੋਗਰਾਮ ਰਾਹੀਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨੌਜਵਾਨ ਪੀੜ੍ਹੀ ਉਨ੍ਹਾਂ ਦੀ ਵਿਰਾਸਤ ਨਾਲ ਜੁੜੀ ਰਹੇ।”

ਪਰਿਵਾਰਾਂ ਅਤੇ ਨੌਜਵਾਨਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਬਲਤੇਜ ਪੰਨੂ ਨੇ ਕਿਹਾ, “ਮੈਂ ਹਰ ਪੰਜਾਬੀ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਪਰਿਵਾਰ ਸਮੇਤ ਪੀਏਯੂ ਮੈਦਾਨ ਵਿੱਚ ਪਹੁੰਚ ਕੇ ਇਸ ਜਸ਼ਨ ਦਾ ਹਿੱਸਾ ਬਣਨ। ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਇਤਿਹਾਸ ਦਾ ਗਿਆਨ ਹੋਣਾ ਚਾਹੀਦਾ ਹੈ, ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ‘ਤੇ ਮਾਣ ਕਰਨਾ ਚਾਹੀਦਾ ਹੈ।”

ਉਨ੍ਹਾਂ ਨੇ ਖਾਸ ਤੌਰ ‘ਤੇ ਦਸਤਾਰਧਾਰੀ ਪੰਜਾਬੀਆਂ ਨੂੰ ਪੀਲੀਆਂ ਦਸਤਾਰਾਂ ਸਜਾ ਕੇ ਜਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ, “ਮੈਂ ਵਿਸ਼ੇਸ਼ ਤੌਰ ‘ਤੇ ਦਸਤਾਰ ਸਜਾਉਣ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੀਲੀਆਂ ਦਸਤਾਰਾਂ ਬੰਨ੍ਹ ਕੇ ਆਉਣ ਅਤੇ ਇਸ ਇਤਿਹਾਸਕ ਜਸ਼ਨ ਦਾ ਹਿੱਸਾ ਬਣਨ। ਆਓ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਜਜ਼ਬੇ, ਪਛਾਣ ਅਤੇ ਵਿਰਸੇ ਦਾ ਜਸ਼ਨ ਮਨਾਈਏ।”

ਬਲਤੇਜ ਪੰਨੂ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਦੀ ਵਿਲੱਖਣ ਸੰਗੀਤਕ ਅਤੇ ਸਭਿਆਚਾਰਕ ਪਛਾਣ ਨੂੰ ਦਰਸਾਏਗਾ। ਉਨ੍ਹਾਂ ਅੱਗੇ ਕਿਹਾ, “ਪੰਜਾਬੀ ਸੰਗੀਤ ਨੇ ਨਾ ਸਿਰਫ਼ ਬਾਲੀਵੁੱਡ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ‘ਜਸ਼ਨ-ਏ-ਇਨਕਲਾਬ’ ਰਾਹੀਂ ਅਸੀਂ ਪੰਜਾਬ ਦੇ ਸੰਗੀਤ, ਸਭਿਆਚਾਰ ਅਤੇ ਪਰੰਪਰਾਵਾਂ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਨਾ ਚਾਹੁੰਦੇ ਹਾਂ।”

ਉਨ੍ਹਾਂ ਕਿਹਾ, “ਅਸੀਂ ‘ਰੰਗਲਾ ਪੰਜਾਬ’ ਦੀ ਰੂਹ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ, ਇੱਕ ਅਜਿਹਾ ਪੰਜਾਬ ਜੋ ਗਾਉਂਦਾ ਹੈ, ਨੱਚਦਾ ਹੈ, ਆਪਣੇ ਸਭਿਆਚਾਰ ਦਾ ਜਸ਼ਨ ਮਨਾਉਂਦਾ ਹੈ ਅਤੇ ਆਪਣੇ ਵਿਰਸੇ ‘ਤੇ ਮਾਣ ਕਰਦਾ ਹੈ। ਪੰਜਾਬ ਦੀ ਇੱਕ ਸ਼ਾਨਦਾਰ ਸਭਿਆਚਾਰਕ ਪਛਾਣ ਹੈ ਅਤੇ ਸਾਡੀ ਨਵੀਂ ਪੀੜ੍ਹੀ ਦਾ ਇਸ ਨਾਲ ਜੁੜੇ ਰਹਿਣਾ ਜ਼ਰੂਰੀ ਹੈ।”

ਖੇਡਾਂ ਅਤੇ ਜਨਤਕ ਸਮਾਗਮਾਂ ਵਿੱਚ ਨੌਜਵਾਨਾਂ ਦੀ ਵੱਧ ਰਹੀ ਭਾਗੀਦਾਰੀ ਦਾ ਜ਼ਿਕਰ ਕਰਦਿਆਂ ਬਲਤੇਜ ਪੰਨੂ ਨੇ ਕਿਹਾ, “ਹਾਲ ਹੀ ਵਿੱਚ ਹੋਈਆਂ ਮੈਰਾਥਨਾਂ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਸੂਬੇ ਦੇ ਬਦਲ ਰਹੇ ਮਾਹੌਲ ਦੀ ਗਵਾਹੀ ਭਰਦੀ ਹੈ। ਬਠਿੰਡਾ ਵਿੱਚ ਹੋਈ ਮੈਰਾਥਨ ਵਿੱਚ ਲਗਭਗ 25,000 ਮੁਟਿਆਰਾਂ ਅਤੇ ਗੱਭਰੂਆਂ ਨੇ ਭਾਗ ਲਿਆ। ਇਹ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਹੈ ਜੋ ਪੰਜਾਬ ਅਤੇ ਇਸ ਦੇ ਨੌਜਵਾਨਾਂ ਨੂੰ ‘ਉੜਤਾ ਪੰਜਾਬ’ ਦੇ ਨਕਾਰਾਤਮਕ ਅਕਸ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਸਨ।”

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ 2022 ਤੋਂ ਨੌਜਵਾਨਾਂ ਲਈ ਹਾਂ-ਪੱਖੀ ਮੌਕੇ ਪੈਦਾ ਕਰ ਰਹੀ ਹੈ, “2022 ਤੋਂ, ਭਗਵੰਤ ਸਿੰਘ ਮਾਨ ਸਰਕਾਰ ਸਾਡੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਹੋਰ ਗਤੀਵਿਧੀਆਂ ਰਾਹੀਂ ਚੰਗੇ ਵਿਕਲਪ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਖੇਡ ਮੈਦਾਨਾਂ, ਖੇਡ ਸਮਾਗਮਾਂ ਅਤੇ ਸਾਰਥਕ ਗਤੀਵਿਧੀਆਂ ਵਿੱਚ ਨਜ਼ਰ ਆਉਣ।”

ਖੇਡਾਂ ਦੇ ਬੁਨਿਆਦੀ ਢਾਂਚੇ ‘ਤੇ ਚਾਨਣਾ ਪਾਉਂਦਿਆਂ ਆਪ ਪੰਜਾਬ ਦੇ ਮੀਡੀਆ ਇੰਚਾਰਜ ਨੇ ਕਿਹਾ, “ਸਰਕਾਰ ਨੇ ਪੂਰੇ ਪੰਜਾਬ ਵਿੱਚ 3,100 ਖੇਡ ਮੈਦਾਨ ਵਿਕਸਤ ਕੀਤੇ ਹਨ, ਜਿਨ੍ਹਾਂ ਵਿੱਚੋਂ ਲਗਭਗ 750 ਦਾ ਕੰਮ ਪੂਰਾ ਹੋ ਚੁੱਕਾ ਹੈ, ਜਦਕਿ ਬਾਕੀ ਮੈਦਾਨਾਂ ‘ਤੇ ਕੰਮ ਚੱਲ ਰਿਹਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ‘ਯੂਥ ਰਨ’ ਵਰਗੇ ਉਪਰਾਲੇ ਸਾਡੇ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਅਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰ ਰਹੇ ਹਨ।”

ਉਨ੍ਹਾਂ ਪੰਜਾਬ ਵਿੱਚ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਸਵਾਗਤ ਕਰਦਿਆਂ ਕਿਹਾ, “ਪੰਜਾਬ ਨੇ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਕੁਝ ਸਭ ਤੋਂ ਮਹਾਨ ਖਿਡਾਰੀ ਪੈਦਾ ਕੀਤੇ ਹਨ, ਪਰ ਇਸ ਤੋਂ ਪਹਿਲਾਂ ਸੂਬੇ ਨੇ ਕਦੇ ਵੀ ਅਜਿਹੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕੀਤੀ ਸੀ। ਹੁਣ ਅਗਲੇ ਮਹੀਨੇ ਜਲੰਧਰ ਅਤੇ ਮੋਹਾਲੀ ਵਿੱਚ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦਾ ਆਯੋਜਨ ਹੋਣਾ ਪੰਜਾਬ ਲਈ ਇੱਕ ਵੱਡੀ ਪ੍ਰਾਪਤੀ ਹੈ।”

ਖੇਤੀਬਾੜੀ ਅਤੇ ਜਲ ਪ੍ਰਬੰਧਨ ਵਿੱਚ ਸੂਬਾ ਸਰਕਾਰ ਦੇ ਕੰਮਾਂ ਬਾਰੇ ਦੱਸਦਿਆਂ ਬਲਤੇਜ ਪੰਨੂ ਨੇ ਕਿਹਾ, “ਜਦੋਂ ਭਗਵੰਤ ਸਿੰਘ ਮਾਨ ਸਰਕਾਰ ਨੇ ਬਾਗਡੋਰ ਸੰਭਾਲੀ ਸੀ, ਤਾਂ ਪੰਜਾਬ ਵਿੱਚ ਨਹਿਰੀ ਪਾਣੀ ਦੀ ਵਰਤੋਂ ਲਗਭਗ 22% ਸੀ। ਅੱਜ ਇਹ ਵਧ ਕੇ 88% ਤੋਂ ਵੀ ਵੱਧ ਹੋ ਗਈ ਹੈ। ਨਹਿਰੀ ਪਾਣੀ ਦੀ ਜ਼ਿਆਦਾ ਵਰਤੋਂ ਨਾਲ ਪੰਜਾਬ ਨੂੰ ਆਪਣੇ ਕੀਮਤੀ ਭੂਮੀਗਤ ਪਾਣੀ ਨੂੰ ਬਚਾਉਣ ਵਿੱਚ ਮਦਦ ਮਿਲ ਰਹੀ ਹੈ ਅਤੇ ਕਈ ਥਾਵਾਂ ‘ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਵੀ ਹੋਇਆ ਹੈ।”

ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਆਮ ਪਰਿਵਾਰਾਂ ‘ਤੇ ਵਿੱਤੀ ਬੋਝ ਘਟਾਉਣ ਲਈ ਕੰਮ ਕਰ ਰਹੀ ਹੈ। ਹਰ ਦੋ ਮਹੀਨਿਆਂ ਬਾਅਦ 600 ਯੂਨਿਟ ਮੁਫ਼ਤ ਬਿਜਲੀ ਦੇਣ ਨਾਲ ਉਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਪਹਿਲਾਂ ਬਿਜਲੀ ਦੇ ਬਿੱਲ ਭਰਨ ਲਈ ਸੰਘਰਸ਼ ਕਰਦੇ ਸਨ।”

ਸਰਕਾਰ ਦੇ ਸਿਹਤ ਸੰਭਾਲ ਉਪਰਾਲਿਆਂ ਬਾਰੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੇਸ ਸਿਹਤ ਬੀਮਾ ਮਿਲ ਰਹਾ ਹੈ। ਅਜਿਹੇ ਉਪਰਾਲੇ ਆਮ ਪਰਿਵਾਰਾਂ ਨੂੰ ਇਲਾਜ ਦੌਰਾਨ ਪੈਣ ਵਾਲੇ ਭਾਰੀ ਵਿੱਤੀ ਬੋਝ ਤੋਂ ਬਚਾਉਣ ਵਿੱਚ ਮਦਦ ਕਰ ਰਹੇ ਹਨ।”

ਉਨ੍ਹਾਂ ‘ਸੜਕ ਸੁਰੱਖਿਆ ਫੋਰਸ’ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ, “ਸੜਕ ਸੁਰੱਖਿਆ ਫੋਰਸ ਨੇ ਸੜਕ ਹਾਦਸਿਆਂ ਦੌਰਾਨ ਮਦਦ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਬਹੁਤ ਮਜ਼ਬੂਤ ਕੀਤਾ ਹੈ। ਇਸ ਦੀ ਤੁਰੰਤ ਕਾਰਵਾਈ ਨਾਲ ਹਾਦਸਾਗ੍ਰਸਤ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਮਿਲਦੀ ਹੈ, ਜੋ ਪੰਜਾਬ ਦੀਆਂ ਸੜਕਾਂ ‘ਤੇ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਉਣ ਵਿੱਚ ਯੋਗਦਾਨ ਪਾ ਰਹੀ ਹੈ।”

ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਖੇਡਾਂ, ਸਭਿਆਚਾਰ ਅਤੇ ਜਨਤਕ ਗਤੀਵਿਧੀਆਂ ਵਿੱਚ ਮੁੜ ਤੋਂ ਉਤਸ਼ਾਹਜਨਕ ਭਾਗੀਦਾਰੀ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, “ਅੱਜ ਸਾਡੇ ਨੌਜਵਾਨ ਖੇਡ ਮੈਦਾਨਾਂ ਵਿੱਚ, ਮੈਰਾਥਨ ਵਿੱਚ ਭਾਗ ਲੈਂਦੇ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਨਾਲ ਜੁੜਦੇ ਨਜ਼ਰ ਆ ਰਹੇ ਹਨ। ਇਹ ਉਹ ਪੰਜਾਬ ਹੈ ਜੋ ਅਸੀਂ ਦੇਖਣਾ ਚਾਹੁੰਦੇ ਹਾਂ—ਇੱਕ ਅਜਿਹਾ ਪੰਜਾਬ ਜੋ ਆਪਣੇ ਸਭਿਆਚਾਰ ਦਾ ਜਸ਼ਨ ਮਨਾਉਂਦਾ ਹੈ, ਆਪਣੇ ਸ਼ਹੀਦਾਂ ਨੂੰ ਯਾਦ ਕਰਦਾ ਹੈ ਅਤੇ ਆਪਣੇ ਨੌਜਵਾਨਾਂ ਨੂੰ ਚੰਗੇ ਮੌਕੇ ਪ੍ਰਦਾਨ ਕਰਦਾ ਹੈ।”

ਪੰਜਾਬੀਆਂ ਨੂੰ ਅੰਤਿਮ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ 28 ਸਤੰਬਰ ਨੂੰ ਦੁਪਹਿਰ 3 ਵਜੇ ਆਪਣੇ ਪਰਿਵਾਰਾਂ ਸਮੇਤ ਲੁਧਿਆਣਾ ਦੇ ਪੀਏਯੂ ਮੈਦਾਨ ਵਿੱਚ ਪਹੁੰਚਣ। ਆਓ ਅਸੀਂ ਸਾਰੇ ਮਿਲ ਕੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਯਾਦ ਕਰੀਏ ਅਤੇ ਉਸ ਸਭਿਆਚਾਰ, ਸੰਗੀਤ, ਪਰੰਪਰਾਵਾਂ ਅਤੇ ਜਜ਼ਬੇ ਦਾ ਜਸ਼ਨ ਮਨਾਈਏ ਜਿਸ ਨੇ ਪੰਜਾਬ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ।”

ਬਲਤੇਜ ਪੰਨੂ ਨੇ ਅਪੀਲ ਕੀਤੀ, “ਆਓ ਅਸੀਂ ‘ਜਸ਼ਨ-ਏ-ਇਨਕਲਾਬ’ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਰਾਸਤ ਅਤੇ ਪੰਜਾਬ ਦੇ ਅਣਖੀਲੇ ਜਜ਼ਬੇ ਦਾ ਇੱਕ ਆਲੀਸ਼ਾਨ ਜਸ਼ਨ ਬਣਾਈਏ।”

Written By
The Punjab Wire