ਕ੍ਰਾਇਮ ਗੁਰਦਾਸਪੁਰ ਪੰਜਾਬ

ਪਾਦਰੀ ਜਸ਼ਨ ਗਿੱਲ ਨੇ ਗੁਰਦਾਸਪੁਰ ਅਦਾਲਤ ‘ਚ ਕੀਤਾ ਸਰੈਂਡਰ, ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ ‘ਚ ਸੀ ਲੰਮੇ ਸਮੇਂ ਤੋਂ ਭੱਜਿਆ ਹੋਇਆ

ਪਾਦਰੀ ਜਸ਼ਨ ਗਿੱਲ ਨੇ ਗੁਰਦਾਸਪੁਰ ਅਦਾਲਤ ‘ਚ ਕੀਤਾ ਸਰੈਂਡਰ, ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ ‘ਚ ਸੀ ਲੰਮੇ ਸਮੇਂ ਤੋਂ ਭੱਜਿਆ ਹੋਇਆ
  • PublishedApril 9, 2025

ਮੀਡੀਆ ਦਬਾਅ ਤੋਂ ਬਾਅਦ ਪੁਲਿਸ ਹਿਲੀ, ਭੈਣ-ਭਰਾ ਵੀ ਹੋਏ ਗ੍ਰਿਫ਼ਤਾਰ

ਗੁਰਦਾਸਪੁਰ, 9 ਅਪ੍ਰੈਲ 2025 (ਦੀ ਪੰਜਾਬ ਵਾਇਰ)। BCA ਵਿਦਿਆਰਥਣ ਨਾਲ ਬਲਾਤਕਾਰ ਦੇ ਗੰਭੀਰ ਦੋਸ਼ਾਂ ‘ਚ ਫਰਾਰ ਚੱਲ ਰਿਹਾ ਪਾਦਰੀ (ਪਾਸਟਰ) ਜਸ਼ਨ ਗਿੱਲ ਆਖ਼ਿਰਕਾਰ ਬੁੱਧਵਾਰ ਦੁਪਹਿਰ ਗੁਰਦਾਸਪੁਰ ਦੀ ਅਦਾਲਤ ‘ਚ ਪੇਸ਼ ਹੋ ਕੇ ਸਰੈਂਡਰ ਕਰ ਗਿਆ।

ਉਹ ਲੰਬੇ ਸਮੇਂ ਤੋਂ ਪੁਲਿਸ ਦੀ ਪਕੜ ਤੋਂ ਬਚਦਾ ਆ ਰਿਹਾ ਸੀ। ਦੱਸਣਯੋਗ ਹੈ ਕਿ ਪੀੜਤਾ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਹੋਣ ਦੇ ਬਾਵਜੂਦ, ਪੁਲਿਸ ਨੇ ਲਗਭਗ ਦੋ ਸਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਰ ਜਦ ਮੀਡੀਆ ਨੇ ਮਾਮਲੇ ਨੂੰ ਚੁੱਕਿਆ, ਤਾਂ ਨਾ ਸਿਰਫ਼ ਪੁਲਿਸ ਨੇ ਪਾਸਟਰ ਨੂੰ ਭੌਗੜਾ ਐਲਾਨ ਦਿੱਤਾ, ਸਗੋਂ ਉਸ ਦੀ ਪਕੜ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ, ਜਸ਼ਨ ਗਿੱਲ ਦੇ ਭਰਾ ਪ੍ਰੇਮ ਮਸੀਹ (ਨਿਵਾਸੀ ਜੰਮੂ) ਅਤੇ ਭੈਣ ਮਾਰਥਾ (ਨਿਵਾਸਣੀ ਪਿੰਡ ਮੁੰਡੀ, ਖਰੜ, ਜ਼ਿਲ੍ਹਾ ਮੋਹਾਲੀ) ਨੂੰ ਉਸ ਨੂੰ ਸ਼ਰਣ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਦੋਹਾਂ ਨੂੰ ਪੁਲਿਸ ਰਿਮਾਂਡ ਮੁਕੰਮਲ ਹੋਣ ਉਪਰੰਤ ਹੁਣ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਹੈ।

ਵੱਡੇ ਦਬਾਅ ਅਤੇ ਪਰਿਵਾਰਕ ਮੈਂਬਰਾਂ ਦੀ ਗ੍ਰਿਫ਼ਤਾਰੀ ਕਾਰਨ ਆਖ਼ਿਰਕਾਰ ਜਸ਼ਨ ਗਿੱਲ ਨੇ ਹਥਿਆਰ ਸੁੱਟਣੇ ਪਏ ਅਤੇ ਅਦਾਲਤ ਦੀ ਸ਼ਰਨ ਲੈਣੀ ਪਈ। ਹੁਣ ਅਦਾਲਤ ਵੱਲੋਂ ਉਸ ਦੀ ਨਿਆਂਇਕ ਹਿਰਾਸਤ ਜਾਂ ਰਿਮਾਂਡ ‘ਤੇ ਅਗਲਾ ਫੈਸਲਾ ਲਿਆ ਜਾਵੇਗਾ।

ਪੁਲਿਸ ਸਰੋਤਾਂ ਮੁਤਾਬਕ, ਹੁਣ ਪਾਸਟਰ ਤੋਂ ਪੁੱਛਗਿੱਛ ਕਰਕੇ ਇਹ ਜਾਣਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਇਨ੍ਹਾਂ ਸਾਲਾਂ ਦੌਰਾਨ ਕਿੱਥੇ ਲੁਕਿਆ ਹੋਇਆ ਸੀ ਅਤੇ ਕੌਣ-ਕੌਣ ਉਸ ਦੀ ਮਦਦ ਕਰ ਰਿਹਾ ਸੀ।

Written By
The Punjab Wire