Close

Recent Posts

ਪੰਜਾਬ

28ਵੀਆਂ ਪੁਰੇਵਾਲ ਖੇਡਾਂ 27-28 ਫਰਵਰੀ ਨੂੰ ਹੋਵੇਗਾ: ਗੁਰਜੀਤ ਸਿੰਘ ਪੁਰੇਵਾਲ

28ਵੀਆਂ ਪੁਰੇਵਾਲ ਖੇਡਾਂ 27-28 ਫਰਵਰੀ ਨੂੰ ਹੋਵੇਗਾ: ਗੁਰਜੀਤ ਸਿੰਘ ਪੁਰੇਵਾਲ
  • PublishedFebruary 8, 2025

ਪੁਰੇਵਾਲ ਖੇਡਾਂ ਦੌਰਾਨ ਵਿਨੇਸ਼ ਫੋਗਾਟ ਨੂੰ ਸ਼ੁੱਧ ਦੋ ਤੋਲੇ ਸੋਨੇ ਦੇ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ

ਕਬੱਡੀ, ਕੁਸ਼ਤੀ, ਅਥਲੈਟਿਕਸ, ਹਲਟ ਦੌੜਾਂ ਤੇ ਰੱਸਾਕਸ਼ੀ ਦੇ ਜੇਤੂਆਂ ਨੂੰ ਮਿਲਣਗੇ ਲੱਖਾਂ ਦੇ ਇਨਾਮ

ਹਕੀਮਪੁਰ (ਨਵਾਂਸ਼ਹਿਰ), 8 ਫਰਵਰੀ 2025 (ਦੀ ਪੰਜਾਬ ਵਾਇਰ)। ਦੋਆਬੇ ਦੀ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ 28ਵੀਆਂ ਪੁਰੇਵਾਲ ਖੇਡਾਂ ਇਸ ਵਾਰ 27 ਤੇ 28 ਫਰਵਰੀ ਨੂੰ ਕਰਵਾਈਆਂ ਜਾਣਗੀਆਂ। ਪੁਰੇਵਾਲ ਭਰਾਵਾਂ ਤੇ ਪੁਰੇਵਾਲ ਸਪੋਰਟਸ ਕਲੱਬ ਵੱਲੋਂ ਪਿਛਲੇ ਤਿੰਨ ਦਹਾਕੇ ਤੋਂ ਨਿਰੰਤਰ ਕਰਵਾਈਆਂ ਜਾਂਦੀਆਂ ਖੇਡਾਂ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਜਗਤਪੁਰ-ਹਕੀਮਪੁਰ ਵਿਖੇ ਕਰਵਾਈਆਂ ਜਾਣਗੀਆਂ।

ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ, ਕੁਸ਼ਤੀ, ਅਥਲੈਟਿਕਸ, ਹਲਟ ਦੌੜਾਂ ਤੇ ਰੱਸਾਕਸ਼ੀ ਦੇ ਜੇਤੂਆਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਟਰਾਫੀਆਂ, ਗੁਰਜਾਂ ਤੇ ਬਦਾਮਾਂ ਨਾਲ ਖਿਡਾਰੀ ਸਨਮਾਨਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਪੈਰਿਸ ਓਲੰਪਿਕਸ ਮੌਕੇ ਕੀਤੇ ਐਲਾਨ ਤਹਿਤ ਪੈਰਿਸ ਵਿਖੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ 28 ਫਰਵਰੀ ਨੂੰ ਸ਼ੁੱਧ ਦੋ ਤੋਲੇ ਸੋਨੇ ਦੇ ਮੈਡਲ ਅਤੇ ਗੁਰਜ ਨਾਲ ਸਨਮਾਨਤ ਕੀਤਾ ਜਾਵੇਗਾ।

ਗੁਰਜੀਤ ਸਿੰਘ ਪੁਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਬੰਗਾ ਤੋਂ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਤੇ ਪੰਜਾਬ ਜਲ ਸਰੋਤ ਪ੍ਰਬੰਧਕੀ ਤੇ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ 27 ਫ਼ਰਵਰੀ ਨੂੰ ਖੇਡਾਂ ਦਾ ਉਦਘਾਟਨ ਕਰਨਗੇ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐਸ.ਐਸ.ਪੀ. ਡਾ ਮਹਿਤਾਬ ਸਿੰਘ 28 ਫਰਵਰੀ ਨੂੰ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।

ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਕਬੱਡੀ ਵਿੱਚ ਆਲ ਓਪਨ, ਪਿੰਡ ਪੱਧਰ ਅਤੇ ਅੰਡਰ 15, 17 ਤੇ 21 ਦੇ ਮੁਕਾਬਲੇ ਹੋਣਗੇ। ਕੁਸ਼ਤੀ ਵਿੱਚ ਮਹਾਂਭਾਰਤ ਕੇਸਰੀ (ਮੁੰਡੇ ਤੇ ਕੁੜੀਆਂ), ਸ਼ੇਰ ਏ ਹਿੰਦ, ਆਫ਼ਤਾਬ ਏ ਹਿੰਦ, ਸਤਾਰ ਏ ਹਿੰਦ ਤੇ ਭਾਰਤ ਕੁਮਾਰੀ ਦੇ ਟਾਈਟਲ ਲਈ ਮੁਕਾਬਲੇ ਹੋਣਗੇ। ਅਥਲੈਟਿਕਸ ਵਿੱਚ 100 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, ਲੰਬੀ ਛਾਲ ਤੇ ਸ਼ਾਟਪੁੱਟ ਦੇ ਮੁਕਾਬਲੇ ਹੋਣਗੇ। ਹਲਟ ਦੌੜਾਂ ਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

ਸਵ. ਹਰਬੰਸ ਸਿੰਘ ਪੁਰੇਵਾਲ ਤੇ ਸਵ. ਮਲਕੀਤ ਸਿੰਘ ਪੁਰੇਵਾਲ ਦੀ ਯਾਦ ਵਿੱਚ ਕਰਵਾਈਆਂ ਜਾਂਦੀਆਂ ਪੁਰੇਵਾਲ ਖੇਡਾਂ ਇਸ ਵਾਰ ਸਵ. ਹਰਨੰਦਨ ਸਿੰਘ ਕਾਨੂ ਸਹੋਤਾ, ਸਵ. ਮੱਖਣ ਸਿੰਘ ਟਿਮਾਣਾ, ਸਵ. ਲਾਲੀ ਢੇਸੀ ਤੇ ਸਵ. ਰਵੀ ਸੋਢੀ ਨੂੰ ਸਮਰਪਿਤ ਹੋਣਗੀਆਂ।

ਇਸ ਮੌਕੇ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰਸਿੱਧ ਖੇਡ ਕੁਮੈਂਟੇਰਰ ਪ੍ਰੋ ਮੱਖਣ ਸਿੰਘ ਹਕੀਮਪੁਰ ਵੀ ਹਾਜ਼ਰ ਸਨ।

Written By
The Punjab Wire